ਟਰੈਵਲ ਏਜੰਟ ਸ਼ੈਲੀ ਨੂੰ ਨਿਆਇਕ ਹਿਰਾਸਤ ''ਚ ਭੇਜਿਆ

02/14/2018 12:26:38 AM

ਟਾਂਡਾ ਉੜਮੁੜ, (ਪੰਡਿਤ)- ਪਿੰਡ ਕਲਿਆਣਪੁਰ ਵਾਸੀ ਨੌਜਵਾਨ ਸੁਰਿੰਦਰਪਾਲ ਸਿੰਘ ਪਾਲੀ ਨੂੰ ਮੌਤ ਦੇ ਮੂੰਹ ਵਿਚ ਧੱਕਣ ਵਾਲੇ ਟਰੈਵਲ ਏਜੰਟ ਹਰਮਿੰਦਰ ਸਿੰਘ ਸ਼ੈਲੀ ਨੂੰ ਟਾਂਡਾ ਪੁਲਸ ਨੇ ਰਿਮਾਂਡ ਖ਼ਤਮ ਹੋਣ 'ਤੇ ਮਾਣਯੋਗ ਜੱਜ ਮਹਿਕ ਸੱਭਰਵਾਲ ਦੀ ਅਦਾਲਤ ਵਿਚ ਪੇਸ਼ ਕੀਤਾ, ਜਿਨ੍ਹਾਂ ਉਸ ਨੂੰ 23 ਫਰਵਰੀ ਤਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਸ਼ੈਲੀ ਦੇ ਮਿਲੇ 6 ਦਿਨਾ ਰਿਮਾਂਡ ਦੌਰਾਨ ਟਾਂਡਾ ਪੁਲਸ ਹੱਥ ਕੋਈ ਖਾਸ ਸਫਲਤਾ ਨਹੀਂ ਲੱਗੀ। ਜ਼ਿਕਰਯੋਗ ਹੈ ਕਿ ਸ਼ੈਲੀ ਵੱਲੋਂ ਦਿੱਲੀ ਦੇ ਏਜੰਟ ਪ੍ਰਦੀਪ ਬਾਰੇ ਦਿੱਤੀ ਜਾਣਕਾਰੀ 'ਤੇ ਛਾਪਾ ਮਾਰਨ ਗਈ ਟਾਂਡਾ ਪੁਲਸ ਦੇ ਪੱਲੇ ਕੁਝ ਨਹੀਂ ਪਿਆ। 
ਟਰੈਵਲ ਏਜੰਟਾਂ ਵੱਲੋਂ ਕੈਨੇਡਾ ਭੇਜਣ ਬਹਾਨੇ ਬੈਂਗਲੁਰੂ ਵਿਚ ਬੰਦੀ ਬਣਾ ਕੇ ਕਤਲ ਕੀਤੇ ਨੌਜਵਾਨ ਪਾਲੀ ਦੇ ਸਾਲੇ ਗੋਬਿੰਦ ਅਤੇ ਪਤਨੀ ਪਲਵਿੰਦਰ ਕੌਰ ਨੇ ਕਿਹਾ ਕਿ ਜ਼ਿਲਾ ਪੁਲਸ ਨੇ ਉਨ੍ਹਾਂ ਦੀ ਝੋਲੀ ਨਿਰਾਸ਼ਾ ਹੀ ਪਾਈ ਹੈ। ਹੁਣ ਉਨ੍ਹਾਂ ਨੂੰ ਬੈਂਗਲੁਰੂ ਪੁਲਸ ਤੋਂ ਹੀ ਇਨਸਾਫ਼ ਦੀ ਉਮੀਦ ਹੈ। ਥਾਣਾ ਮੁਖੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਸ਼ੈਲੀ ਦੇ ਮੋਬਾਇਲ ਫੋਨ ਦੀਆਂ ਕਾਲਾਂ ਦੀ ਡਿਟੇਲ ਰਾਹੀਂ ਸਾਈਬਰ ਕ੍ਰਾਈਮ ਅਤੇ ਸਪੈਸ਼ਲ ਬ੍ਰਾਂਚ ਦਿੱਲੀ ਪੁਲਸ ਦੀ ਮਦਦ ਨਾਲ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ। 
ਕੀ ਹੈ ਸਮੱਸਿਆ : ਦਿੱਲੀ ਤੇ ਹੋਰ ਮਹਾਨਗਰਾਂ ਵਿਚ ਬੈਠੇ ਟਰੈਵਲ ਏਜੰਟਾਂ ਕੋਲ ਪੰਜਾਬ ਦੇ ਪਿੰਡਾਂ ਵਿਚੋਂ ਨੌਜਵਾਨ ਭੇਜਣ ਵਾਲੇ ਸਬ-ਏਜੰਟ ਆਪਣੇ ਹਿੱਸੇ ਦੇ ਲਾਲਚ ਵਿਚ ਏਜੰਟਾਂ ਬਾਰੇ ਸਹੀ ਜਾਣਕਾਰੀ ਨਹੀਂ ਹਾਸਲ ਕਰਦੇ। ਕੋਈ ਹਾਦਸਾ ਜਾਂ ਠੱਗੀ ਹੋਣ 'ਤੇ ਪੀੜਤ ਲੋਕ ਅਕਸਰ ਸਬ-ਏਜੰਟਾਂ ਨਾਲ ਮੁਆਵਜ਼ਾ ਅਤੇ ਆਪਣੀ ਰਕਮ ਲੈ ਕੇ ਸਮਝੌਤਾ ਕਰ ਲੈਂਦੇ ਹਨ ਅਤੇ ਜ਼ਿਆਦਾਤਰ ਕੇਸਾਂ ਵਿਚ ਪੁਲਸ ਕੋਲ ਸ਼ਿਕਾਇਤ ਹੀ ਨਹੀਂ ਪਹੁੰਚਦੀ।
ਕੀ ਕਹਿੰਦੇ ਹਨ ਬੈਂਗਲੁਰੂ ਪੁਲਸ ਦੇ ਅਧਿਕਾਰੀ : ਥਾਣਾ ਮੁਖੀ ਰਾਮ ਨਗਰ ਦਿਹਾਤੀ (ਬੈਂਗਲੁਰੂ) ਦੀਪਕ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਸੁਰਿੰਦਰਪਾਲ ਸਿੰਘ ਪਾਲੀ ਦੇ ਕਤਲ ਮਾਮਲੇ ਵਿਚ ਏਜੰਟ ਹਰਮਿੰਦਰ ਸਿੰਘ ਸ਼ੈਲੀ ਨੂੰ ਤਫਤੀਸ਼ ਤੋਂ ਬਾਅਦ ਨਾਮਜ਼ਦ ਕੀਤਾ ਗਿਆ ਸੀ। ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੁਲਸ ਵੱਲੋਂ ਏਅਰਪੋਰਟ ਦੀ ਸੀ. ਸੀ. ਟੀ. ਵੀ. ਫੁਟੇਜ ਦੇ ਨਾਲ-ਨਾਲ ਟੈਕਨੀਕਲ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਮਨਪ੍ਰੀਤ ਸਿੰਘ ਵਾਸੀ ਚੱਕ ਸ਼ਰੀਫ ਅਤੇ ਗੁਰਪ੍ਰੀਤ ਸਿੰਘ ਵਾਸੀ ਖੁਰਦਾਂ ਜੋ ਦੋਸ਼ੀ ਟਰੈਵਲ ਏਜੰਟਾਂ ਨੂੰ ਲੱਖਾਂ ਰੁਪਏ ਦੇ ਕੇ ਬੈਂਗਲੁਰੂ ਵਿਚੋਂ ਛੁੱਟ ਕੇ ਪੰਜਾਬ ਗਏ ਹਨ, ਨੂੰ ਵੀ ਤਫਤੀਸ਼ ਵਿਚ ਸ਼ਾਮਲ ਹੋਣ ਲਈ ਨੋਟਿਸ ਭੇਜੇ ਗਏ ਹਨ।