ਗਾਹਕਾਂ ਨੂੰ ਜਾਅਲੀ ਹਵਾਈ ਟਿਕਟਾਂ ਵੇਚ ਕੇ ਟਰੈਵਲ ਏਜੰਟ ਹੋਇਆ ਫਰਾਰ

03/26/2024 5:12:57 PM

ਮੁੱਲਾਂਪੁਰ ਦਾਖਾ (ਕਾਲੀਆ) : ਸਥਾਨਕ ਸੁੱਖ ਆਨਲਾਈਨ ਸਰਵਿਸ ਦਾ ਮਾਲਕ ਵਿਦੇਸ਼ ਜਾਣ ਵਾਲੇ ਗਾਹਕਾਂ ਨੂੰ ਜਾਅਲੀ ਟਿੱਕਟਾਂ ਵੇਚ ਕੇ ਕਰੀਬ 10 ਲੱਖ ਦੀ ਠੱਗੀ ਮਾਰ ਕੇ ਫ਼ਰਾਰ ਹੋ ਗਿਆ ਹੈ ਜਿਸ ਦੀ ਦਾਖਾ ਪੁਲਸ ਨੇ ਭਾਲ ਆਰੰਭ ਕਰ ਦਿੱਤੀ ਹੈ। ਥਾਣਾ ਦਾਖਾ ਦੇ ਮੁਖੀ ਇੰਸਪੈਕਟਰ ਜਸਵੀਰ ਸਿੰਘ ਤੂਰ ਨੇ ਦੱਸਿਆ ਕਿ ਕਰੀਬ ਅੱਠ ਪੀੜਤਾਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਉਨ੍ਹਾਂ ਨੇ ਦੋਸ਼ ਲਗਾਇਆ ਕਿ ਟਰੈਵਲ ਏਜੰਟ ਸੁਖਵੀਰ ਸਿੰਘ ਉਰਫ ਸੁੱਖ ਪੁੱਤਰ ਭੁਪਿੰਦਰ ਸਿੰਘ ਵਾਸੀ ਧੋਥੜ ਸੁਖ ਆਨਲਾਈਨ ਸਰਵਿਸ ਦੀ ਮੁੱਲਾਂਪੁਰ ਵਿਖੇ ਪਿਛਲੇ ਕਾਫੀ ਸਮੇਂ ਤੋਂ ਚਲਾ ਰਿਹਾ ਸੀ, ਉਸ ਨੇ ਕੈਨੇਡਾ, ਅਮਰੀਕਾ ਵਗੈਰਾ ਨੂੰ ਜਾਣ ਵਾਲੇ ਸਟੂਡੈਂਟ ਵਗੈਰਾ ਜਾਂ ਹੋਰ ਲੋਕਾਂ ਨੂੰ ਜਾਅਲੀ ਜਹਾਜ਼ ਦੀਆਂ ਟਿਕਟਾਂ ਵੇਚੀਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਤਾਂ ਦਿੱਲੀ ਏਅਰਪੋਰਟ 'ਤੇ ਪੁੱਜ ਕੇ ਪਤਾ ਲੱਗਾ ਕਿ ਉਨ੍ਹਾਂ ਨਾਲ ਠੱਗੀ ਵੱਜ ਗਈ ਹੈ। ਇਸ ਟਰੈਵਲ ਏਜੰਟ ਦਾ ਇਹ ਕਾਲਾ ਧੰਦਾ ਸਵੱਦੀ ਕਲਾਂ ਵਿਖੇ ਵੀ ਚੱਲ ਰਿਹਾ ਹੈ। 

ਇਸ ਟਰੈਵਲ ਏਜੰਟ ਵਲੋਂ ਬਹੁਤ ਜ਼ਿਆਦਾ ਲੋਕਾਂ ਤੋਂ ਪੈਸੇ ਦੀ ਠੱਗੀ ਮਾਰੀ ਗਈ ਹੈ ਅਤੇ ਪੀੜਤਾਂ ਦੀ ਸ਼ਿਕਾਇਤ 'ਤੇ ਏ ਐੱਸ. ਆਈ ਆਤਮਾ ਸਿੰਘ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਟਰੈਵਲ ਏਜੰਟ ਪਿਛਲੇ ਦਿਨਾਂ ਤੋ ਆਪਣਾਂ ਮੋਬਾਈਲ ਫੋਨ ਬੰਦ ਕਰਕੇ ਅਤੇ ਮੁੱਲਾਂਪੁਰ ਦਾਖਾ ਅਤੇ ਸਵੱਦੀ ਕਲਾਂ ਵਿਖੇ ਆਪਣੀ ਦੁਕਾਨ ਨੂੰ ਤਾਲਾ ਲਗਾ ਕੇ ਗਾਇਬ ਹੈ, ਇਸ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ।

Gurminder Singh

This news is Content Editor Gurminder Singh