ਆਖਰ ਕਿਸ ਦੀ ਸ਼ਹਿ ''ਤੇ ਖੁੱਲ੍ਹ ਰਹੀਆਂ ਨੇ ਨਕਲੀ ਟ੍ਰੈਵਲ ਏਜੰਟਾਂ ਦੀਆਂ ਹੱਟੀਆਂ?

11/21/2019 3:55:23 PM

ਲੁਧਿਆਣਾ (ਨਵੀਨ ਗੋਗਨਾ) : ਪੰਜਾਬ ਅੰਦਰ ਇਸ ਵੇਲੇ ਵੱਡੇ ਪੱਧਰ 'ਤੇ ਨਕਲੀ ਟ੍ਰੈਵਲ ਏਜੰਟ ਆਪਣੇ ਪੈਰ ਜਮਾਈ ਬੈਠੇ ਹਨ, ਜੋ ਦਿਨ-ਦਿਹਾੜੇ ਹੀ ਪੰਜਾਬ ਵਾਸੀਆਂ ਦੀ ਲੁੱਟ ਕਰ ਰਹੇ ਹਨ। ਦੱਸ ਦਈਏ ਕਿ ਪੰਜਾਬੀਆਂ 'ਤੇ ਵਿਦੇਸ਼ ਜਾਣ ਦਾ ਭੂਤ ਇਸ ਕਦਰ ਸਵਾਰ ਹੈ ਜਿਵੇਂ ਕਿਸੇ ਲਾੜੇ ਨੂੰ ਵਿਆਹ ਦਾ ਹੋਵੇ। ਬੇਸ਼ੱਕ ਪੈਸੇ ਖਰਚ ਕਰ ਕੇ ਪੰਜਾਬੀ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਹੇ ਹਨ ਪਰ ਉਨ੍ਹਾਂ ਦੇ ਪੈਸੇ ਦਾ ਪੂਰਾ ਮੁੱਲ ਵੀ ਕੁਝ ਟ੍ਰੈਵਲ ਏਜੰਟ ਨਹੀਂ ਪਾ ਰਹੇ। ਪੰਜਾਬ ਦੇ ਹਰ ਸ਼ਹਿਰ ਅਤੇ ਕਸਬਿਆਂ ਅੰਦਰ ਵੱਡੇ ਪੱਧਰ 'ਤੇ ਦਫਤਰ ਖੋਲ੍ਹੀ ਬੈਠੇ ਕਈ ਟ੍ਰੈਵਲ ਏਜੰਟਾਂ ਨੂੰ ਕੋਈ ਪੁੱਛਣ ਵਾਲਾ ਨਹੀਂ। ਸੂਤਰਾਂ ਅਨੁਸਾਰ ਬਿਨਾਂ ਰਜਿਸਟ੍ਰੇਸ਼ਨ ਵਾਲੇ ਟ੍ਰੈਵਲ ਏਜੰਟ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਕਥਿਤ ਮਹੀਨਾ ਭਰਦੇ ਹਨ, ਜਦੋਂਕਿ ਉਕਤ ਟ੍ਰੈਵਲ ਏਜੰਟਾਂ ਦੀ ਕਿਸੇ ਨਾ ਕਿਸੇ ਵੱਡੇ ਲੀਡਰ ਨਾਲ ਗੰਢ-ਤੁਪ ਵੀ ਹੈ, ਜਿਸ ਕਾਰਣ ਉਹ ਸ਼ਰੇਆਮ ਲੋਕਾਂ ਨਾਲ ਠੱਗੀਆਂ ਮਾਰ ਰਹੇ ਹਨ ਅਤੇ ਵਿਦੇਸ਼ਾਂ ਨੂੰ ਭੇਜਣ ਦਾ ਝਾਂਸਾ ਅਜਿਹਾ ਦੇ ਰਹੇ ਹਨ ਕਿ ਵਿਅਕਤੀ ਨੂੰ ਦਿਨ ਵੇਲੇ ਹੀ ਅਜਿਹੇ ਸੁਪਨੇ ਵਿਖਾ ਦਿੰਦੇ ਹਨ, ਜਿਸ ਕਾਰਨ ਉਹ ਉਕਤ ਟ੍ਰੈਵਲ ਏਜੰਟਾਂ ਦਾ ਦੀਵਾਨਾ ਹੋ ਜਾਂਦਾ ਹੈ।

ਟ੍ਰੈਵਲ ਏਜੰਟਾਂ 'ਤੇ ਸ਼ਿਕੰਜਾ ਕੱਸਣ ਲਈ ਸਰਕਾਰ ਨੇ ਚਲਾਈ ਸੀ ਮੁਹਿੰਮ
ਨਕਲੀ ਟ੍ਰੈਵਲ ਏਜੰਟਾਂ 'ਤੇ ਸ਼ਿਕੰਜਾ ਕੱਸਣ ਵਾਸਤੇ ਭਾਵੇਂ ਪਿਛਲੇ ਕੁਝ ਮਹੀਨੇ ਪਹਿਲਾਂ ਹੀ ਸਰਕਾਰ ਨੇ ਇਕ ਮੁਹਿੰਮ ਚਲਾਈ ਸੀ ਪਰ ਉਕਤ ਮੁਹਿੰਮ ਵਿਚਾਲੇ ਹੀ ਲਟਕੀ ਰਹਿ ਗਈ ਕਿਉਂਕਿ ਸਰਕਾਰ ਇਕ ਵਾਰ ਫਰਮਾਨ ਜਾਰੀ ਕਰ ਕੇ ਬਾਅਦ ਵਿਚ ਨਕਲੀ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਕਰਨਾ ਭੁੱਲ ਗਈ। ਸਰਕਾਰ ਨੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਕਲੀ ਟ੍ਰੈਵਲ ਏਜੰਟਾਂ ਵਿਰੁੱਧ ਕਾਰਵਾਈ ਕਰਨ ਦਾ ਹੁਕਮ ਸੁਣਾਇਆ ਸੀ, ਉਕਤ ਅਧਿਕਾਰੀ ਵੀ ਟ੍ਰੈਵਲ ਏਜੰਟਾਂ ਨਾਲ ਸੈਟਿੰਗ ਕਰ ਕੇ ਬੈਠ ਜਾਂਦੇ ਨੇ, ਜਦੋਂਕਿ ਸਹੀ ਤਰੀਕੇ ਨਾਲ ਰਜਿਸਟ੍ਰੇਸ਼ਨ ਕਰਵਾ ਕੇ ਆਪਣਾ ਰੋਜ਼ਗਾਰ ਚਲਾਉਣ ਵਾਲੇ ਟ੍ਰੈਵਲ ਏਜੰਟ ਫਰਜ਼ੀ ਏਜੰਟਾਂ ਤੋਂ ਡਾਢੇ ਪ੍ਰੇਸ਼ਾਨ ਦਿਖਾਈ ਦੇ ਰਹੇ ਨੇ ਕਿਉਂਕਿ ਪੰਜਾਬ ਅੰਦਰ ਬਿਨਾਂ ਰਜਿਸਟ੍ਰੇਸ਼ਨ ਵਾਲੇ ਸੈਂਕੜੇ ਹੀ ਟ੍ਰੈਵਲ ਏਜੰਟ ਹਨ, ਜੋ ਸਰਕਾਰ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਆਪਣੇ ਦਫਤਰ ਚਲਾ ਰਹੇ ਹਨ। ਦਫਤਰ ਅਸਲੀ ਖੋਲ੍ਹ ਕੇ ਬੈਠੇ ਨਕਲੀ ਟ੍ਰੈਵਲ ਏਜੰਟ ਦੇ ਧੱਕੇ ਬੇਰੋਜ਼ਗਾਰ ਸਭ ਤੋਂ ਵੱਧ ਚੜ੍ਹ ਰਹੇ ਹਨ, ਜਿਨ੍ਹਾਂ ਦੇ ਘਰ ਦੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਟ੍ਰੈਵਲ ਏਜੰਟ ਸ਼ਰੇਆਮ ਲੁੱਟ ਕਰ ਰਹੇ ਹਨ। ਵੈਸੇ ਤਾਂ ਪੰਜਾਬ ਦੇ ਹਰ ਕੋਨੇ 'ਚੋਂ ਸਰਕਾਰੀ ਊਣਤਾਈਆਂ ਦੀ ਸ਼ਿਕਾਰ ਨੌਜਵਾਨ ਪੀੜ੍ਹੀ ਬਾਹਰ ਜਾ ਰਹੀ ਹੈ ਪਰ ਸਰਹੱਦੀ ਜ਼ਿਲੇ ਫਿਰੋਜ਼ਪੁਰ 'ਚੋਂ ਹੁਣ ਤੱਕ ਸੈਂਕੜੇ ਹੀ ਨੌਜਵਾਨ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਚੁੱਕੇ ਹਨ ਕਿਉਂਕਿ ਪੰਜਾਬ ਅੰਦਰ ਰੋਜ਼ਗਾਰ ਹੀ ਨਹੀਂ ਮਿਲ ਰਿਹਾ।

ਵੱਡੇ ਪੱਧਰ 'ਤੇ ਨਕਲੀ ਟ੍ਰੈਵਲ ਏਜੰਟਾਂ ਦੀ ਭਰਮਾਰ
ਇੱਥੇ ਦੱਸ ਦਈਏ ਕਿ ਫਿਰੋਜ਼ਪੁਰ ਅੰਦਰ ਵੱਡੇ ਪੱਧਰ 'ਤੇ ਕਈ ਨਕਲੀ ਟ੍ਰੈਵਲ ਏਜੰਟਾਂ ਦੀ ਭਰਮਾਰ ਹੈ, ਜੋ ਜਿੱਥੇ ਸਹੀ ਟ੍ਰੈਵਲ ਏਜੰਟਾਂ ਨੂੰ ਢਾਹ ਲਾ ਰਹੇ ਨੇ, ਉਥੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਠੱਗੀਆਂ ਵੀ ਮਾਰ ਰਹੇ ਹਨ। ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਲੁਧਿਆਣਾ ਰਜਤ ਅਗਰਵਾਲ ਅਤੇ ਫਿਰੋਜ਼ਪੁਰ ਚੰਦਰ ਗੈਂਦ ਨੇ ਦੱਸਿਆ ਕਿ ਬਿਨਾਂ ਲਾਇਸੈਂਸ ਦੇ ਚੱਲ ਰਹੀਆਂ ਇਮੀਗ੍ਰੇਸ਼ਨ ਕੰਪਨੀਆਂ ਅਤੇ ਟ੍ਰੈਵਲ ਏਜੰਟਾਂ ਖਿਲਾਫ ਸਮੇਂ-ਸਮੇਂ 'ਤੇ ਪੁਲਸ ਕਾਰਵਾਈ ਕੀਤੀ ਜਾਂਦੀ ਹੈ ਅਤੇ ਜਲਦੀ ਹੀ ਮੁੜ ਤੋਂ ਬਿਨਾਂ ਰਜਿਸਟ੍ਰੇਸ਼ਨ ਵਾਲੇ ਏਜੰਟਾਂ 'ਤੇ ਕਾਰਵਾਈ ਕੀਤੀ ਜਾਵੇਗੀ।

ਡੀ. ਸੀਜ਼ ਨੇ ਆਖਿਆ ਕੀ ਸਮੂਹ ਐੱਸ. ਡੀ. ਐੱਮਜ਼ ਨੂੰ ਆਪਣੇ ਇਲਾਕੇ ਵਿਚ ਬਿਨਾਂ ਰਜਿਸਟ੍ਰੇਸ਼ਨ ਕਰਵਾਏ ਅਤੇ ਪ੍ਰਸ਼ਾਸਨ ਤੋਂ ਬਿਨਾਂ ਲਾਇਸੈਂਸ ਲਏ ਕੰਮ ਕਰਨ ਵਾਲੇ ਏਜੰਟਾਂ ਦੇ ਦਫਤਰਾਂ 'ਚ ਜਾਂਚ ਕਰਨ ਦੇ ਆਦੇਸ਼ ਪਹਿਲਾਂ ਹੀ ਦਿੱਤੇ ਗਏ ਹਨ। ਜਾਂਚ ਵਿਚ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਹੋਵੇਗਾ, ਉਨ੍ਹਾਂ ਖਿਲਾਫ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ਤਹਿਤ ਐੱਫ. ਆਈ. ਆਰ. ਦਰਜ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਬਿਨਾਂ ਰਜਿਸਟ੍ਰੇਸ਼ਨ ਦੇ ਚੱਲ ਰਹੇ ਦਫਤਰਾਂ ਨੂੰ ਸੀਲ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰਜ਼ ਨੇ ਕਿਹਾ ਕਿ ਬਿਨਾਂ ਰਜਿਸਟ੍ਰੇਸ਼ਨ ਕਰਵਾਏ ਕੋਈ ਵੀ ਟ੍ਰੈਵਲ ਏਜੰਟ ਕੰਮ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਟ੍ਰੈਵਲ ਏਜੰਟ ਹੀ ਨਹੀਂ, ਟਿਕਟਿੰਗ ਸੇਲ ਏਜੰਟ, ਆਈਲੈਟਸ ਦੇ ਕੋਚਿੰਗ ਸੈਂਟਰਾਂ ਲਈ ਵੀ ਲਾਇਸੈਂਸ ਜ਼ਰੂਰੀ ਹੈ। ਦੇਖਣਾ ਹੁਣ ਇਹ ਹੋਵੇਗਾ ਕਿ ਪੰਜਾਬ ਸਰਕਾਰ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਹੁਣ ਨਕਲੀ ਟ੍ਰੈਵਲ ਏਜੰਟਾਂ ਵਿਰੁੱਧ ਸ਼ਿਕੰਜਾ ਕਦੋਂ ਕੁ ਕੱਸਦਾ ਹੈ ਤਾਂ ਜੋ ਰਜਿਸਟ੍ਰੇਸ਼ਨ ਵਾਲੇ ਏਜੰਟਾਂ ਦੇ ਨਾਲ-ਨਾਲ ਪਬਲਿਕ ਵੀ ਗਲਤ ਹੱਥਾਂ ਦਾ ਸ਼ਿਕਾਰ ਹੋਣੋਂ ਬਚ ਸਕੇ।
 

Anuradha

This news is Content Editor Anuradha