ਵੱਡਾ ਐਕਸ਼ਨ ਬਾਕੀ! ਟਰਾਂਸਪੋਰਟ ਮੰਤਰੀ ਦੇ ਰਾਡਾਰ ’ਤੇ ਨੇ ਪ੍ਰਾਈਵੇਟ ਬੱਸਾਂ ਨੂੰ ਲਾਭ ਪਹੁੰਚਾਉਣ ਵਾਲੇ ਭ੍ਰਿਸ਼ਟ ਅਧਿਕਾਰੀ

10/15/2021 10:19:52 AM

ਜਲੰਧਰ (ਪੁਨੀਤ)–ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚਾਰਜ ਸੰਭਾਲਿਆਂ ਅਜੇ ਸਿਰਫ਼ 15 ਦਿਨ ਹੋਏ ਹਨ ਅਤੇ ਟਰਾਂਸਪੋਰਟ ਮਹਿਕਮੇ ਦੀ ਕਾਰਜਪ੍ਰਣਾਲੀ ਬਦਲ ਗਈ ਹੈ। ਰੋਜ਼ਾਨਾ ਬੱਸਾਂ ਦੇ ਧੜਾਧੜ ਚਲਾਨ ਕੀਤੇ ਜਾ ਰਹੇ ਹਨ ਅਤੇ ਕਿਸੇ ਦਾ ਲਿਹਾਜ਼ ਨਹੀਂ ਹੋ ਰਿਹਾ। ਬੱਸਾਂ ਨੂੰ ਜ਼ਬਤ ਕਰਨ ਵਿਚ ਵੀ ਜ਼ਰਾ ਦੇਰ ਨਹੀਂ ਲਾਈ ਜਾ ਰਹੀ। ਰਾਜਾ ਵੜਿੰਗ ਨੇ ਨਾਜਾਇਜ਼ ਚੱਲਦੀਆਂ ਬੱਸਾਂ ਖ਼ਿਲਾਫ਼ ਕਾਰਵਾਈ ਕਰਨ ਦਾ ਜਿਹੜਾ ਵਾਅਦਾ ਕੀਤਾ ਸੀ, ਉਸ ਨੂੰ ਉਹ ਪੂਰਾ ਕਰਨ ਵਿਚ ਲੱਗੇ ਹੋਏ ਹਨ। ਲੋਕ ਸਮਝ ਰਹੇ ਹਨ ਕਿ ਰਾਜਾ ਵੜਿੰਗ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ ਅਤੇ ਹੁਣ ਉਹ ਆਰਾਮ ਨਾਲ ਮਹਿਕਮੇ ਨੂੰ ਚਲਾ ਸਕਦੇ ਹਨ ਪਰ ਅਜਿਹਾ ਨਹੀਂ ਹੈ ਕਿਉਂਕਿ ਵੱਡਾ ਐਕਸ਼ਨ ਅਜੇ ਬਾਕੀ ਹੈ, ਜਿਹੜਾ ਆਉਣ ਵਾਲੇ ਸਮੇਂ ਵਿਚ ਹੋਣ ਦੀ ਉਮੀਦ ਹੈ।
ਵਿਜੀਲੈਂਸ ਦੀ ਕਾਰਵਾਈ ਇਸ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ। ਇਹ ਐਕਸ਼ਨ ਭ੍ਰਿਸ਼ਟ ਅਧਿਕਾਰੀਆਂ ’ਤੇ ਹੋਵੇਗਾ ਕਿਉਂਕਿ ਮਹਿਕਮੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਭ੍ਰਿਸ਼ਟ ਅਧਿਕਾਰੀ ਟਰਾਂਸਪੋਰਟ ਮੰਤਰੀ ਦੇ ਰਾਡਾਰ ’ਤੇ ਹਨ। ਬੀਤੇ ਦਿਨੀਂ ਜਲੰਧਰ ਵਿਚ ਹੋਈ ਵਿਜੀਲੈਂਸ ਦੀ ਕਾਰਵਾਈ ਕਈ ਤਰ੍ਹਾਂ ਦੇ ਸਵਾਲ ਛੱਡ ਗਈ ਹੈ। ਅਜਿਹਾ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਟਰਾਂਸਪੋਰਟ ਮਹਿਕਮੇ ਵਿਚ ਕੁਝ ਵੱਡਾ ਹੋਣ ਵਾਲਾ ਹੈ।

ਇਹ ਵੀ ਪੜ੍ਹੋ: ਸ੍ਰੀ ਕੀਰਤਪੁਰ ਸਾਹਿਬ ਵਿਖੇ ਸ਼ਹੀਦ ਗੱਜਣ ਸਿੰਘ ਦੀਆਂ ਅਸਥੀਆਂ ਜਲ ਪ੍ਰਵਾਹ, ਪਰਿਵਾਰ ਨੇ ਸਰਕਾਰ ਤੋਂ ਕੀਤੀ ਇਹ ਮੰਗ

ਪੰਜਾਬ ਵਿਚ ਲੰਮੇ ਸਮੇਂ ਤੋਂ ਨਾਜਾਇਜ਼ ਬੱਸਾਂ ਸੜਕਾਂ ’ਤੇ ਦੌੜਦੀਆਂ ਸਨ ਕਿਉਂਕਿ ਉਨ੍ਹਾਂ ਨੂੰ ਆਮ ਤੌਰ ’ਤੇ ਅਫਸਰਸ਼ਾਹੀ ਦਾ ਕੋਈ ਡਰ ਨਹੀਂ ਰਿਹਾ। ਬੱਸ ਅੱਡਿਆਂ ਵਿਚ ਬਿਨਾਂ ਰੋਕ-ਟੋਕ ਦੇ ਨਾਜਾਇਜ਼ ਬੱਸਾਂ ਦਾਖਲ ਹੁੰਦੀਆਂ ਸਨ ਅਤੇ ਸਵਾਰੀਆਂ ਬਿਠਾ ਕੇ ਮੋਟਾ ਮੁਨਾਫ਼ਾ ਕਮਾ ਰਹੀਆਂ ਸਨ। ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਇਹ ਸਭ ਕੁਝ ਮਿਲੀਭੁਗਤ ਨਾਲ ਹੋ ਰਿਹਾ ਸੀ, ਜਿਸ ਉੱਤੋਂ ਪਰਦਾ ਚੁੱਕਣਾ ਬਹੁਤ ਜ਼ਰੂਰੀ ਹੈ। ਬੱਸ ਅੱਡਿਆਂ ਵਿਚ ਕਾਊਂਟਰਾਂ ’ਤੇ ਸਰਕਾਰੀ ਬੱਸਾਂ ਦਾ ਟਾਈਮ ਵੀ ਪ੍ਰਾਈਵੇਟ ਬੱਸਾਂ ਨੂੰ ਦੇ ਦਿੱਤਾ ਜਾਂਦਾ ਸੀ, ਜਿਸ ਕਾਰਨ ਮਹਿਕਮੇ ਨੂੰ ਉਮੀਦ ਦੇ ਮੁਤਾਬਕ ਲਾਭ ਹਾਸਲ ਨਹੀਂ ਹੋ ਸਕਿਆ। ਸੂਤਰ ਦੱਸਦੇ ਹਨ ਕਿ ਇਸ ਦੇ ਲਈ ਛੋਟੇ ਤੋਂ ਲੈ ਕੇ ਕਈ ਵੱਡੇ ਅਧਿਕਾਰੀ ਜ਼ਿੰਮੇਵਾਰ ਹਨ ਕਿਉਂਕਿ ਇਹ ਖੇਡ ਪੂਰੀ ਸੈਟਿੰਗ ਨਾਲ ਚੱਲ ਰਹੀ ਸੀ। ਅਧਿਕਾਰੀਆਂ ਨੂੰ ਵੀ ਕੋਈ ਡਰ ਨਹੀਂ ਸੀ ਕਿਉਂਕਿ ਨਿਯਮ ਤੋੜਨ ਵਾਲੀਆਂ ਬੱਸਾਂ ਵੱਡੇ ਰਸੂਖ਼ਦਾਰ ਲੋਕਾਂ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ: ਅਹੁਦੇ ਦੇ ਬਦਲੇ ਪੈਸਾ ਵਸੂਲੀ ’ਚ ਉਲਝੇ ਸਨ ਨੇਤਾ ਜੀ, ਹੁਣ ਹਲਵਾਈ ਤੋਂ 5 ਲੱਖ ਵਸੂਲੀ ਕਰਨ 'ਤੇ ਹੋਏ ਚਰਚਿਤ

ਮੀਡੀਆ ਨਾਲ ਗੱਲਬਾਤ ਦੌਰਾਨ ਰਾਜਾ ਵੜਿੰਗ ਕਹਿੰਦੇ ਹਨ ਕਿ ਉਨ੍ਹਾਂ ਨੂੰ ਚਾਰਜ ਸੰਭਾਲਿਆਂ ਕੁਝ ਦਿਨ ਹੋਏ ਹਨ ਅਤੇ ਉਹ ਕੰਮਕਾਜ ਨੂੰ ਸਮਝ ਰਹੇ ਹਨ। ਜਾਣਕਾਰ ਦੱਸਦੇ ਹਨ ਕਿ ਆਮ ਤੌਰ ’ਤੇ ਨਵਾਂ ਚਾਰਜ ਸੰਭਾਲਣ ਵਾਲਾ ਅਧਿਕਾਰੀ ਜਾਂ ਵਿਭਾਗੀ ਮੰਤਰੀ ਸੜਕਾਂ ’ਤੇ ਚੱਲ ਰਹੀਆਂ ਬੱਸਾਂ ’ਤੇ ਕਾਰਵਾਈ ਕਰਵਾਉਂਦਾ ਹੈ ਪਰ ਮੌਜੂਦਾ ਟਰਾਂਸਪੋਰਟ ਮੰਤਰੀ ਨੇ ਬੱਸ ਅੱਡੇ ਵਿਚ ਵਿਜੀਲੈਂਸ ਦੀ ਟੀਮ ਕੋਲੋਂ ਕਾਰਵਾਈ ਕਰਵਾਈ ਹੈ। ਵਿਜੀਲੈਂਸ ਵੱਲੋਂ ਜਲੰਧਰ ਵਿਚ ਛਾਪਾਮਾਰੀ ਕਰ ਕੇ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਇਕੱਠੀਆਂ ਕੀਤੀਆਂ ਗਈਆਂ ਹਨ, ਜਿਸ ’ਤੇ ਆਉਣ ਵਾਲੇ ਦਿਨਾਂ ਵਿਚ ਖ਼ੁਲਾਸਾ ਹੋਣ ਦੀ ਸੰਭਾਵਨਾ ਹੈ।

ਅੱਡੇ ਵਿਚ ਆਉਣ ਵਾਲੀਆਂ ਪ੍ਰਾਈਵੇਟ ਬੱਸਾਂ ਦੀ ਗਿਣਤੀ ’ਚ ਵੱਡੀ ਗਿਰਾਵਟ
ਪਿਛਲੇ ਸਮੇਂ ਦੌਰਾਨ ਟੈਕਸ ਦੇ ਕਾਗਜ਼ਾਤ ਪੂਰੇ ਨਾ ਹੋਣ ਕਾਰਨ ਦਰਜਨਾਂ ਬੱਸਾਂ ਦੇ ਚਲਾਨ ਹੋਏ ਹਨ, ਜੋ ਸਾਬਿਤ ਕਰਦਾ ਹੈ ਕਿ ਪੰਜਾਬ ਵਿਚ ਵੱਡੇ ਪੱਧਰ ’ਤੇ ਏ. ਸੀ. ਬੱਸਾਂ ਚੱਲ ਰਹੀਆਂ ਹਨ, ਜਿਹੜੀਆਂ ਨਿਯਮਾਂ ਨੂੰ ਤੋੜ ਰਹੀਆਂ ਹਨ। ਰਾਜਾ ਵੜਿੰਗ ਨੇ ਸਾਫ ਕਰ ਦਿੱਤਾ ਹੈ ਕਿ ਉਹ ਨਿਯਮ ਤੋੜਨ ਵਾਲੀਆਂ ਬੱਸਾਂ ਨੂੰ ਨਹੀਂ ਚੱਲਣ ਦੇਣਗੇ। ਹੁਣ ਬੱਸ ਅੱਡਿਆਂ ਵਿਚ ਚੈਕਿੰਗ ਸ਼ੁਰੂ ਹੋਣ ਕਾਰਨ ਨਿਯਮ ਤੋੜਨ ਵਾਲੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਕਾਰਵਾਈ ਦੀ ਚਿੰਤਾ ਸਤਾ ਰਹੀ ਹੈ, ਜਿਸ ਕਾਰਨ ਉਨ੍ਹਾਂ ਆਪਣੀਆਂ ਬੱਸਾਂ ਨੂੰ ਵਰਕਸ਼ਾਪ ਵਿਚ ਖੜ੍ਹਾ ਕਰ ਦਿੱਤਾ ਹੈ। ਹੁਣ ਸਿਰਫ ਨਿਯਮ ਪੂਰੇ ਕਰਨ ਵਾਲੀਆਂ ਬੱਸਾ ਨੂੰ ਹੀ ਸੜਕਾਂ ’ਤੇ ਉਤਾਰਿਆ ਜਾ ਰਿਹਾ ਹੈ, ਜਿਸ ਕਾਰਨ ਬੱਸ ਅੱਡੇ ਵਿਚ ਆਉਣ ਵਾਲੀਆਂ ਪ੍ਰਾਈਵੇਟ ਬੱਸਾਂ ਦੀ ਗਿਣਤੀ ਵਿਚ ਵੱਡੀ ਗਿਰਾਵਟ ਦਰਜ ਹੋਈ ਹੈ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਬੱਸਾਂ 'ਚ ਆ ਰਹੀ ਹੈ ਕੋਈ ਸਮੱਸਿਆ ਤਾਂ ਮੰਤਰੀ ਰਾਜਾ ਵੜਿੰਗ ਨੂੰ ਇਸ ਨੰਬਰ 'ਤੇ ਕਰੋ ਵਟਸਐੱਪ

ਰਾਜਾ ਵੜਿੰਗ ਦੀ ਦੇਖ-ਰੇਖ ’ਚ ਚੱਲਣ ਵਾਲੇ ਨੰਬਰ ’ਤੇ ਧੜੱਲੇ ਨਾਲ ਹੋਈਆਂ ਸ਼ਿਕਾਇਤਾਂ
ਟਰਾਂਸਪੋਰਟ ਮੰਤਰੀ ਅਧੀਨ ਚੱਲਣ ਵਾਲੇ ਵਿੰਗ ਦਾ ਨੰਬਰ ਬੱਸ ਅੱਡੇ ਵਿਚ ਵੱਖ-ਵੱਖ ਥਾਵਾਂ ’ਤੇ ਡਿਸਪਲੇਅ ਕਰ ਦਿੱਤਾ ਗਿਆ ਹੈ, ਹਾਲਾਂਕਿ ਵਿਭਾਗ ਵੱਲੋਂ ਸਿਰਫ ਇਹੀ ਲਿਖਵਾਇਆ ਗਿਆ ਹੈ ਕਿ ਜੇਕਰ ਕਿਸੇ ਵੀ ਯਾਤਰੀ ਨੂੰ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਬੱਸਾਂ ਤੋਂ ਸ਼ਿਕਾਇਤ ਹੈ ਤਾਂ ਉਹ 94784-54701 ’ਤੇ ਵ੍ਹਟਸਐਪ ਜ਼ਰੀਏ ਸ਼ਿਕਾਇਤ ਕਰੇ। ਨੰਬਰ ਵੀਰਵਾਰ ਡਿਸਪਲੇਅ ਕੀਤਾ ਜਾਣਾ ਸੀ, ਜਿਸ ਬਾਰੇ ਪਹਿਲਾਂ ਹੀ ਪ੍ਰਕਾਸ਼ਿਤ ਕੀਤਾ ਜਾ ਚੁੱਕਾ ਸੀ, ਜਿਸ ਕਾਰਨ ਲੋਕਾਂ ਨੇ ਰਾਜਾ ਵੜਿੰਗ ਤੱਕ ਪਹੁੰਚਣ ਵਾਲੀਆਂ ਸ਼ਿਕਾਇਤਾਂ ਦੇ ਨੰਬਰ ’ਤੇ ਧੜੱਲੇ ਨਾਲ ਸ਼ਿਕਾਇਤਾਂ ਕੀਤੀਆਂ। ਇਸ ਨੰਬਰ ਅਧੀਨ ਆਉਣ ਵਾਲੀਆਂ ਸ਼ਿਕਾਇਤਾਂ ਨੂੰ ਖ਼ੁਦ ਵੜਿੰਗ ਦੀ ਦੇਖ-ਰੇਖ ਵਿਚ ਵੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਦਗੀ ਮੁੜ ਬਣੀ ਚਰਚਾ ਦਾ ਵਿਸ਼ਾ, ਜਿੱਤਿਆ ਲੋਕਾਂ ਦਾ ਦਿਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri