ਲੁਧਿਆਣਾ : ਦੀਵਾਲੀ ਤੋਂ ਪਹਿਲਾਂ ਨਗਰ ਨਿਗਮ ''ਚ ਵੱਡਾ ਫੇਰਬਦਲ

11/01/2018 2:51:30 PM

ਲੁਧਿਆਣਾ (ਹਿਤੇਸ਼) : ਦੀਵਾਲੀ ਤੋਂ ਠੀਕ ਪਹਿਲਾਂ ਕਮਿਸ਼ਨਰ ਨੇ ਨਗਰ ਨਿਗਮ 'ਚ ਵੱਡਾ ਫੇਰਬਦਲ ਕਰ ਦਿੱਤਾ ਹੈ, ਜਿਸ ਦੇ ਤਹਿਤ ਸੁਪਰਡੈਂਟ ਅਤੇ ਇੰਸਪੈਕਟਰਾਂ ਸਮੇਤ 35 ਮੁਲਾਜ਼ਮਾਂ ਦੀ ਬਦਲੀ ਕੀਤੀ ਗਈ ਹੈ, ਜਿਨ੍ਹਾਂ 'ਚ ਜ਼ਿਆਦਾਤਰ ਸਟਾਫ ਦੇ ਜ਼ੋਨ ਅਤੇ ਸ਼ਾਖਾ ਬਦਲ ਦਿੱਤੀ ਗਈ ਹੈ।
ਟ੍ਰਾਂਸਫਰ ਤੋਂ ਬਾਅਦ  ਚਾਰਜ ਸੰਭਾਲਣਗੇ ਇਹ ਅਫਸਰ

  • ਸੁਪਰਡੈਂਟ ਮਨੋਜ ਕੁਮਾਰ, ਤਹਿਬਾਜ਼ਾਰੀ ਹੈੱਡ ਕੁਆਰਟਰ ਅਤੇ ਜ਼ੋਨ ਡੀ ਦੇ ਨਾਲ ਇਸ਼ਤਿਹਾਰਬਾਜ਼ੀ ਸ਼ਾਖਾ।
  • ਸੁਪਰਡੈਂਟ ਚਰਨਜੀਤ ਸਿੰਘ, ਤਹਿਬਾਜ਼ਾਰੀ ਜ਼ੋਨ ਏ।
  • ਸੁਪਰਡੈਂਟ ਓਮ ਪ੍ਰਕਾਸ਼, ਅਮਲਾ ਸ਼ਾਖਾ।
  • ਸੁਪਰਡੈਂਟ ਤਰੁਣ ਗੋਇਲ, ਜ਼ੋਨ ਬੀ ਤੋਂ ਜ਼ੋਨ ਏ

ਕਮਿਸ਼ਨਰ ਵਲੋਂ ਜਾਰੀ ਕੀਤੇ ਗਏ ਬਦਲੀ ਆਰਡਰ 'ਚ ਦਰਜ ਕਈ ਨਾਂ ਅਜਿਹੇ ਹਨ, ਜਿਨ੍ਹਾਂ ਨੂੰ ਅਕਾਲੀ-ਭਾਜਪਾ ਤੋਂ ਇਲਾਵਾ ਕਾਂਗਰਸ ਸਰਕਾਰ ਦੌਰਾਨ ਕੁੱਝ ਸਮਾਂ ਪਹਿਲਾਂ ਹੀ ਸ਼ਿਕਾਇਤ ਦੇ ਆਧਾਰ 'ਤੇ ਬਦਲਿਆ ਗਿਆ ਸੀ, ਜੋ ਆਪਣੀਆਂ ਮਨਪਸੰਦ ਸੀਟਾਂ 'ਤੇ ਵਾਪਸ ਪੁੱਜਣ 'ਚ ਕਾਮਯਾਬ ਹੋ ਗਏ ਹਨ।
ਸਭ ਤੋਂ ਜ਼ਿਆਦਾ ਤਹਿਬਾਜ਼ਾਰੀ ਸ਼ਾਖਾ ਦਾ ਸਟਾਫ
ਇਨ੍ਹਾਂ ਬਦਲੀ ਆਰਡਰ 'ਚ ਸਭ ਤੋਂ ਜ਼ਿਆਦਾ ਤਹਿਬਾਜ਼ਾਰੀ ਸ਼ਾਖਾ ਦਾ ਸਟਾਫ ਹੈ, ਜਿਸ ਨੂੰ ਲੈ ਕੇ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਕਬਜ਼ਿਆਂ ਖਿਲਾਫ ਕਾਰਵਾਈ ਨਾ ਕਰਨ ਲਈ ਗਾਜ ਡਿੱਗੀ ਹੈ। ਇਸੇ ਤਰ੍ਹਾਂ ਕਈ ਮੁਲਾਜ਼ਮਾਂ 'ਤੇ ਪਿੱਕ ਐਂਡ ਚੂਜ਼ ਪਾਲਿਸੀ ਅਪਣਾਉਣ ਦੇ ਦੋਸ਼ ਲੱਗ ਰਹੇ ਹਨ। ਇਸ ਤੋਂ ਇਲਾਵਾ ਰੇਹੜੀ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਤੋਂ ਮਹੀਨਾਵਾਰ ਫੀਸ ਵਸੂਲਣ ਦੀ ਯੋਜਨਾ ਦੀ ਆੜ 'ਚ ਕੁੱਝ ਮੁਲਾਜ਼ਮਾਂ ਵਲੋਂ ਜੇਬ ਗਰਮ ਕੀਤੀ ਜਾ ਰਹੀ ਹੈ ਅਤੇ ਨਵੇਂ ਨਾਜਾਇਜ਼ ਕਬਜ਼ੇ ਕਰਵਾ ਦਿੱਤੇ ਗਏ ਹਨ।
ਦੋ ਅਧਿਕਾਰੀਆਂ ਦਾ ਸਾਇਆ
ਇਸ ਟ੍ਰਾਂਸਫਰ ਆਰਡਰ 'ਚ ਨਗਰ ਨਿਗਮ ਦੇ ਦੋ ਅਧਿਕਾਰੀਆਂ ਦਾ ਸਾਇਆ ਦੇਖਣ ਨੂੰ ਮਿਲ ਰਿਹਾ ਹੈ, ਜਿਨ੍ਹਾਂ 'ਚੋਂ ਇਕ ਹੈਲਥ ਸ਼ਾਖਾ ਅਤੇ ਦੂਜਾ ਕਾਂਗਰਸ ਆਗੂਆਂ ਦਾ ਕਰੀਬੀ ਅਫਸਰ ਸ਼ਾਮਲ ਹੈ, ਜਿਨ੍ਹਾਂ ਨੇ ਆਪਣੇ ਕਰੀਬੀਆਂ ਦੀਆਂ ਥੋਕ ਵਿਚ ਬਦਲੀਆਂ ਕਰਵਾਉਣ ਸਮੇਤ ਵਿਰੋਧੀਆਂ ਨੂੰ ਖੁੱਡੇ ਲਾਈਨ ਲਾ ਦਿੱਤਾ ਹੈ।