ਸਾਲ 2010 ਤੋਂ ਬਾਅਦ ਭਰਤੀ ਹੋਏ 313 ਪੁਲਸ ਮੁਲਾਜ਼ਮਾਂ ਦੇ ਤਬਾਦਲੇ

11/25/2020 10:26:00 AM

ਪਟਿਆਲਾ (ਬਲਜਿੰਦਰ) : ਪਟਿਆਲਾ ਪੁਲਸ ਵੱਲੋਂ ਸਾਲ 2010 ਤੋਂ ਬਾਅਦ ਪੰਜਾਬ ਪੁਲਸ ’ਚ ਭਰਤੀ ਹੋਏ ਅਤੇ ਆਪਣੀ ਰਿਹਾਇਸ਼ ਵਾਲੀ ਸਬ-ਡਵੀਜ਼ਨ ’ਚ ਤਾਇਨਾਤ 313 ਪੁਲਸ ਮੁਲਾਜ਼ਮਾਂ ਦੇ ਵੱਖ-ਵੱਖ ਸਬ-ਡਵੀਜ਼ਨਾਂ ’ਚ ਤਬਾਦਲੇ ਕੀਤੇ ਗਏ ਹਨ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਪੁਲਸ ਪੰਜਾਬ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ 1 ਜਨਵਰੀ, 2010 ਤੋਂ ਬਾਅਦ ਭਰਤੀ ਹੋਏ ਮੁਲਾਜ਼ਮ ਜੋ ਆਪਣੀ ਰਿਹਾਇਸ਼ ਵਾਲੀ ਸਬ-ਡਵੀਜ਼ਨ ’ਚ ਤਾਇਨਾਤ ਸਨ, ਉਨ੍ਹਾਂ ਦੇ ਹੋਰਨਾਂ ਸਬ-ਡਵੀਜ਼ਨਾਂ ’ਚ ਤਬਾਦਲੇ ਕੀਤੇ ਗਏ ਹਨ।

ਇਨ੍ਹਾਂ ’ਚ 19 ਹੌਲਦਾਰ ਅਤੇ 294 ਸਿਪਾਹੀਆਂ ਨੂੰ ਰਿਹਾਇਸ਼ੀ ਸਬ-ਡਵੀਜ਼ਨਾਂ ਤੋਂ ਬਾਹਰ ਹੋਰ ਸਟੇਸ਼ਨਾਂ ’ਤੇ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਪੁਲਸ ਦੇ ਕੰਮ ’ਚ ਹੋਰ ਤੇਜ਼ੀ ਅਤੇ ਪਾਰਦਰਸ਼ਤਾ ਲਿਆਂਦੀ ਜਾ ਸਕੇ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਸ ਜਿੱਥੇ ਕੋਰੋਨਾ ਮਹਾਮਾਰੀ ’ਚ ਆਪਣੀ ਡਿਊਟੀ ਤਨਦੇਹੀ ਨਾਲ ਦਿਨ-ਰਾਤ ਨਿਭਾਅ ਰਹੀ ਹੈ, ਉੱਥੇ ਹੀ ਪਟਿਆਲਾ ਜ਼ਿਲ੍ਹੇ ਨੂੰ ਅਪਰਾਧ ਮੁਕਤ ਰੱਖਣ ਲਈ ਵੀ ਯਤਨਸ਼ੀਲ ਹੈ।

ਦੱਸਣਯੋਗ ਹੈ ਕਿ ਐੱਸ. ਐੱਸ. ਪੀ. ਨੇ ਇਸ ਤੋਂ ਪਹਿਲਾਂ ਉਨ੍ਹਾਂ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਸਨ, ਜਿਹੜੇ ਲੰਮੇ ਸਮੇਂ ਤੋਂ ਇਕ ਹੀ ਸਬ-ਡਵੀਜ਼ਨ ’ਚ ਤਾਇਨਾਤ ਸਨ। ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨੇ ਸੀ. ਆਈ. ਏ. ਸਟਾਫ਼ ਪਟਿਆਲਾ ਦਾ ਇੰਚਾਰਜ ਇੰਸਪੈਕਟਰ ਰਾਹੁਲ ਕੌਸ਼ਲ ਨੂੰ ਨਿਯੁਕਤ ਕਰ ਦਿੱਤਾ ਹੈ, ਜਦੋਂ ਕਿ ਸੀ. ਆਈ. ਏ. ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਨੂੰ ਗੈਰ-ਕਾਨੂੰਨੀ ਅਨਸਰਾਂ, ਅੱਤਵਾਦੀਆਂ ਅਤੇ ਗੈਂਗਸਟਰਾਂ ਲਈ ਬਣਾਏ ਵਿਸ਼ੇਸ਼ ਸੈੱਲ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
 

Babita

This news is Content Editor Babita