ਦੀਵਾਲੀ ਤੋਂ ਸਾਢੇ 3 ਮਹੀਨਾਂ ਪਹਿਲਾਂ ਹੀ ਟਰੇਨਾਂ ਫੁਲ

07/16/2018 3:28:13 PM

ਚੰਡੀਗੜ੍ਹ (ਲਲਨ) : ਦੀਵਾਲੀ ਅਤੇ ਛਠ ਪੂਜਾ ਨੂੰ ਭਾਵੇਂ ਹੀ ਅਜੇ ਸਾਢੇ 3 ਮਹੀਨਿਆਂ ਦਾ ਸਮਾਂ ਬਾਕੀ ਹੈ ਪਰ ਚੰਡੀਗੜ੍ਹ ਤੇ ਅੰਬਾਲਾ ਤੋਂ ਚੱਲਣ ਵਾਲੀਆਂ ਲੰਬੇ ਰੂਟ ਦੀਆਂ ਟਰੇਨਾਂ 'ਚ ਸੀਟਾਂ ਹੁਣ ਤੋਂ ਹੀ ਫੁਲ ਹੋ ਗਈਆਂ ਹਨ। ਕਈ ਟਰੇਨਾਂ 'ਚ ਤਾਂ ਵੇਟਿੰਗ 125 ਤੋਂ ਵੀ ਜ਼ਿਆਦਾ ਹੋ ਗਈਆਂ ਹਨ। ਅਜਿਹੇ 'ਚ ਚੰਡੀਗੜ੍ਹ, ਪੰਚਕੂਲਾ, ਮੋਹਾਲੀ ਅਤੇ ਬੱਦੀ ਤੋਂ ਉੱਤਰ ਪ੍ਰਦੇਸ਼ ਤੇ ਬਿਹਾਰ ਜਾਣ ਵਾਲੇ ਜਿਨ੍ਹਾਂ ਯਾਤਰੀਆਂ ਨੇ ਪਹਿਲਾਂ ਰਿਜ਼ਰਵੇਸ਼ਨ ਨਹੀਂ ਕਰਾਈ ਹੈ, ਉਨ੍ਹਾਂ ਨੂੰ ਹੁਣ ਸਪੈਸ਼ਲ ਟਰੇਨਾਂ ਦਾ ਸਹਾਰਾ ਲੈਣਾ ਪਵਗਾ ਜਾਂ ਫਿਰ ਸੜਕੀ ਮਾਰਗ ਅਤੇ ਫਲਾਈਟਾਂ 'ਚ ਸਫਰ ਕਰਨਾ ਪਵੇਗਾ। ਹਾਲਾਂਕਿ ਸ਼ਹਿਰ ਦੀਆਂ ਕਈ ਵੈੱਲਫੇਅਰ ਐਸੋਸੀਏਸ਼ਨਾਂ ਚੰਡੀਗੜ੍ਹ ਤੋਂ ਸਪੈਸ਼ਲ ਟਰੇਨਾਂ ਚਲਾਉਣ ਦੀ ਗੁਹਾਰ ਰੇਲ ਮੰਤਰੀ ਨੂੰ ਲਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਵਾਰ 7 ਨਵੰਬਰ ਨੂੰ ਦੀਵਾਲੀ ਤੇ 13 ਨਵੰਬਰ ਨੂੰ ਛਠ ਪੂਜਾ ਮਨਾਈ ਜਾਵੇਗੀ ਪਰ ਯੂ. ਪੀ. ਅਤੇ ਬਿਹਾਰ ਜਾਣ ਵਾਲੀਆਂ ਟਰੇਨਾਂ 'ਚ 14 ਨਵੰਬਰ ਤੱਕ ਸੀਟਾਂ ਮੁਹੱਈਆ ਨਹੀਂ ਹਨ। ਚੰਡੀਗੜ੍ਹ ਤੋਂ ਗੋਰਖਪੁਰ ਅਤੇ ਡਿਬੜੂਗੜ੍ਹ ਜਾਣ ਵਾਲੀ ਗੱਡੀ ਨੰਬਰ 15904, ਅੰਬਾਲਾ ਤੋਂ ਗੋਰਖਪੁਰ ਹੁੰਦੇ ਹੋਏ ਬਿਹਾਰ ਜਾਣ ਵਾਲੀ ਗੱਡੀ ਨੰਬਰ 14674 ਅਤੇ ਜੰਮੂ ਤਵੀ ਗੱਡੀ ਨੰਬਰ 12588 'ਚ ਵੇਟਿੰਗ ਲਿਸਟ 100 ਤੋਂ ਜ਼ਿਆਦਾ ਹੈ। 
ਰੇਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਟਾਂ ਦੀ ਰਿਜ਼ਰਵੇਸ਼ਨ ਹੁਣ 4 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਅਜਿਹੇ 'ਚ ਜਿਨ੍ਹਾਂ ਯਾਤਰੀਆਂ ਦਾ ਆਪਣਾ ਪ੍ਰੋਗਰਾਮ ਤੈਅ ਹੁੰਦਾ ਹੈ, ਉਹ ਬੁਕਿੰਗ ਪਹਿਲਾਂ ਕਰਵਾ ਲੈਂਦੇ ਹਨ। ਸੁਪਰਫਾਸਟ ਤੇ ਐਕਸਪ੍ਰੈੱਸ ਟਰੇਨਾਂ 'ਚ ਸੀਟਾਂ ਫਲ ਹੋਣ ਤੋਂ ਬਾਅਦ ਹੁਣ ਯਾਤਰੀਆਂ ਨੂੰ ਤਤਕਾਲ ਟਿਕਟ 'ਤੇ ਵੀ ਨਿਰਭਰ ਰਹਿਣਾ ਪਵੇਗਾ। ਅਜਿਹੇ 'ਚ ਯਾਤਰੀਆਂ ਨੂੰ ਤਤਕਾਲ ਟਿਕਟ ਲਈ ਭੱਜ-ਦੌੜ ਕਰਨੀ ਪੈ ਸਕਦੀ ਹੈ।