ਹੜ੍ਹਾਂ ''ਚ ਫਸੇ ਵਿਅਕਤੀਆਂ ਨੂੰ ਬਚਾਉਣ ਸਬੰਧੀ ਦਿੱਤੀ ਗਈ ਸਿਖਲਾਈ

03/21/2018 12:20:44 PM

ਰੂਪਨਗਰ (ਵਿਜੇ)— ਕੌਮੀ ਸੁਰੱਖਿਅਤ ਹਫਤੇ ਅਧੀਨ ਮੰਗਲਵਾਰ ਆਫਤ ਪ੍ਰਬੰਧਨ ਸਬੰਧੀ ਜ਼ਿਲਾ ਪ੍ਰਸ਼ਾਸਨ ਵੱਲੋਂ ਐੱਨ. ਡੀ. ਆਰ. ਐੱਫ. ਦੇ ਸਹਿਯੋਗ ਨਾਲ ਹੜ੍ਹਾਂ ਤੋਂ ਬਚਾਅ ਲਈ ਮੌਕ ਡਰਿੱਲ ਕਰਵਾਈ ਗਈ। ਇਸ ਮੌਕੇ ਸਥਾਨਕ ਟਰਾਂਸਪੋਰਟ ਨਗਰ ਵਿਖੇ ਸਮੂਹ ਅਧਿਕਾਰੀਆਂ ਦੀ ਹਾਜ਼ਰੀ 'ਚ ਸੂਚਨਾ ਮਿਲੀ ਕਿ ਹੜ੍ਹ ਆ ਗਿਆ ਹੈ ਅਤੇ ਇਸ ਹੜ੍ਹ ਦੌਰਾਨ ਕੁਝ ਵਿਅਕਤੀ ਹੜ੍ਹ 'ਚ ਫਸ ਗਏ ਹਨ, ਜਿਨ੍ਹਾਂ ਨੂੰ ਕਿ ਬਚਾਇਆ ਜਾਣਾ ਹੈ। 
ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਸਮੂਹ ਅਧਿਕਾਰੀਆਂ ਸਮੇਤ ਐੱਨ. ਡੀ. ਆਰ. ਐੱਫ. ਦੇ ਜਵਾਨ ਸਤਲੁਜ ਦਰਿਆ ਕੰਢੇ ਰੋਇੰਗ ਅਕੈਡਮੀ ਰੋਪੜ ਵਿਖੇ ਪਹੁੰਚ ਕੇ ਹੜ੍ਹ 'ਚ ਫਸੇ ਵਿਅਕਤੀਆਂ ਨੂੰ ਬਚਾਉਂਦੇ ਹਨ। ਇਸ ਦੌਰਾਨ ਐੱਨ. ਡੀ. ਆਰ. ਐੱਫ. ਦੇ ਜਵਾਨਾਂ ਵੱਲੋਂ ਦਰਸਾਇਆ ਗਿਆ ਕਿ ਹੜ੍ਹਾਂ ਦੌਰਾਨ ਕਿਸ ਤਰ੍ਹਾਂ ਲੋਕਾਂ ਦਾ ਬਚਾਅ ਕਰਨਾ ਹੈ, ਇਸ ਦੇ ਨਾਲ-ਨਾਲ ਦਰਿਆ 'ਚ ਡੁੱਬ ਰਹੇ ਵਿਅਕਤੀਆਂ ਨੂੰ ਘਰਾਂ 'ਚ ਮੌਜੂਦ ਸਾਧਨਾਂ ਰਾਹੀਂ ਵੀ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ। ਇਸ ਮੌਕੇ ਸਿਹਤ ਵਿਭਾਗ ਦੇ ਡਾਕਟਰਾਂ ਵੱਲੋਂ ਵੀ ਡੁੱਬ ਰਹੇ ਵਿਅਕਤੀਆਂ ਨੂੰ ਨਕਲੀ ਸਾਹ ਅਤੇ ਆਕਸੀਜ਼ਨ ਦੇਣ ਦਾ ਡੈਮੋ ਵੀ ਦਿਖਾਇਆ ਗਿਆ। 


ਆਫਤਾਂ ਨਾਲ ਨਜਿੱਠਣ ਲਈ ਜ਼ਿਲਾ ਪੱਧਰ 'ਤੇ ਜ਼ਿਲਾ ਟਾਸਕ ਫੋਰਸ ਦਾ ਗਠਨ 
ਇਸ ਮੌਕੇ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਆਫਤ ਜਾਂ ਐਮਰਜੈਂਸੀ ਦੌਰਾਨ ਮਨੁੱਖੀ ਜੀਵਨ ਬਚਾਉਣ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਫਤਾਂ ਨਾਲ ਨਜਿੱਠਣ ਲਈ ਜ਼ਿਲਾ ਪੱਧਰ 'ਤੇ ਜ਼ਿਲਾ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਜਿਸ ਦੇ ਪ੍ਰਧਾਨ ਡਿਪਟੀ ਕਮਿਸ਼ਨਰ ਰੂਪਨਗਰ ਹਨ। ਕਿਸੇ ਵੀ ਕਿਸਮ ਦੀ ਆਫਤ ਦੌਰਾਨ ਡਿਪਟੀ ਕਮਿਸ਼ਨਰ ਐਮਰਜੈਂਸੀ ਅਫਸਰ ਦਾ ਰੋਲ ਅਦਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਆਫਤ ਦੌਰਾਨ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਵਿਭਾਗ ਦਾ ਅਹਿਮ ਰੋਲ ਹੁੰਦਾ ਹੈ। ਇਸ ਸਮੇਂ ਮੌਕ ਡਰਿੱਲ ਦੇ ਨੋਡਲ ਅਫਸਰ ਮੇਜਰ ਗੁਰਜਿੰਦਰ ਸਿੰਘ ਬੈਨੀਪਾਲ ਜ਼ਿਲਾ ਮਾਲ ਅਫਸਰ ਨੇ ਦੱਸਿਆ ਕਿ ਕੁਦਰਤੀ ਆਫਤ ਦੌਰਾਨ ਪ੍ਰਭਾਵਿਤ ਇਲਾਕੇ 'ਚ ਆਮ ਆਦਮੀ ਦੀ ਐਂਟਰੀ ਰੋਕਣਾ, ਉਸ ਅਸਥਾਨ 'ਤੇ ਮੌਜੂਦ ਪ੍ਰਭਾਵਿਤ ਵਿਅਕਤੀਆਂ ਨੂੰ ਮਦਦ ਦੇਣਾ, ਉਨ੍ਹਾਂ ਦੀ ਪਛਾਣ ਕਰਨੀ ਆਦਿ ਸਾਰੇ ਕੰਮ ਅਹਿਮ ਹਨ। ਕਿਸੇ ਵੀ ਪ੍ਰਕਾਰ ਦੀਆਂ ਆਫਤਾਂ ਦੌਰਾਨ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਨੂੰ ਚਾਹੀਦਾ ਹੈ ਕਿ ਉਹ ਕੇਵਲ ਤੱਥਪੂਰਨ ਅਤੇ ਸਹੀ ਸੂਚਨਾ ਦੇਵੇ। 


ਹੜ੍ਹਾਂ ਸਬੰਧੀ ਸੂਚਨਾ ਪ੍ਰਾਪਤ ਹੋਣ 'ਤੇ 10 ਮਿੰਟ 'ਚ ਜਵਾਨ ਹਾਦਸੇ ਵਾਲੀ ਥਾਂ ਪਹੁੰਚੇ 
ਇਸ ਮੌਕੇ ਐੱਨ. ਡੀ. ਆਰ. ਐੱਫ. ਦੇ ਇੰਸਪੈਕਟਰ ਭਵਾਨੀ ਸਿੰਘ ਨੇ ਦੱਸਿਆ ਕਿ ਮੌਕ ਡਰਿੱਲ ਦੌਰਾਨ ਹੜ੍ਹਾਂ ਸਬੰਧੀ ਸੂਚਨਾ ਪ੍ਰਾਪਤ ਹੋਣ 'ਤੇ 10 ਮਿੰਟ ਦੇ ਅੰਦਰ ਸਮੂਹ ਜਵਾਨ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਅਤੇ ਹੜ੍ਹਾਂ 'ਚ ਫਸੇ ਵਿਅਕਤੀਆਂ ਨੂੰ ਦਰਿਆ 'ਚੋਂ ਕੱਢਿਆ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ 'ਚ ਐੱਨ. ਡੀ. ਆਰ. ਐੱਫ. ਬਠਿੰਡਾ ਦੀ 7 ਬਟਾਲੀਅਨ ਦੇ ਸਬ-ਇੰਸਪੈਕਟਰ ਧਰਮਿੰਦਰ ਸਿੰਘ ਤੇ ਪੁਸ਼ਕਰ ਮਿਸ਼ਰਾ ਤੋਂ ਇਲਾਵਾ ਹੋਰ ਕਈ ਜਵਾਨਾਂ ਨੇ ਹਿੱਸਾ ਲਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਰਮਿੰਦਰ ਸਿੰਘ ਤੇ ਮਨਮੀਤ ਸਿੰਘ ਢਿੱਲੋਂ (ਦੋਵੇਂ ਪੁਲਸ ਕਪਤਾਨ), ਮੈਡਮ ਰੂਹੀ ਦੁੱਗ ਐੱਸ. ਡੀ. ਐੱਮ. ਸ੍ਰੀ ਚਮਕੌਰ ਸਾਹਿਬ, ਰਮਿੰਦਰ ਸਿੰਘ ਕਾਹਲੋਂ ਉਪ ਪੁਲਸ ਕਪਤਾਨ, ਸੁਖਵਿੰਦਰ ਸਿੰਘ ਕਲਸੀ ਕਾਰਜਕਾਰੀ ਇੰਜੀਨੀਅਰ, ਡਾ. ਆਰ. ਪੀ. ਸਿੰਘ, ਮੈਡਮ ਕਮਲਪ੍ਰੀਤ ਕੌਰ, ਡੀ. ਪੀ. ਪਾਂਡੇ (ਦੋਵੇਂ ਤਹਿਸੀਲਦਾਰ), ਕੇਸਰ ਰਾਮ ਬੰਗਾ ਮੁੱਖ ਖੇਤੀਬਾੜੀ ਅਫਸਰ, ਰਾਜੇਸ਼ ਸ਼ਰਮਾ ਕਾਰਜਸਾਧਕ ਅਫਸਰ ਅਤੇ ਵੱਖ-ਵੱਖ ਸਬੰਧਤ ਵਿਭਾਗਾਂ ਤੋਂ ਅਧਿਕਾਰੀ ਅਤੇ ਕਰਮਚਾਰੀ ਆਦਿ ਹਾਜ਼ਰ ਸਨ।