11 ਸਾਲਾਂ ਦੇ ਸੰਘਰਸ਼ ਤੋਂ ਬਾਅਦ ਮਿਲਿਆ ਸੁਨਾਮ ਦੇ ਰੇਲਵੇ ਸਟੇਸ਼ਨ ਨੂੰ ਸ਼ਹੀਦ ਊਧਮ ਸਿੰਘ ਦਾ ਨਾਂ

11/14/2017 10:38:55 AM

ਸੁਨਾਮ ਊਧਮ ਸਿੰਘ ਵਾਲਾ (ਮੰਗਲਾ)- 11 ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਸ਼ਹੀਦ ਊਧਮ ਸਿੰਘ ਦੇ ਜਨਮ ਸਥਾਨ ਸੁਨਾਮ ਦੇ ਰੇਲਵੇ ਸਟੇਸ਼ਨ ਨੂੰ ਆਖਿਰ ਸ਼ਹੀਦ ਊਧਮ ਸਿੰਘ ਦਾ ਨਾਂ ਮਿਲ ਹੀ ਗਿਆ ਅਤੇ ਸੁਨਾਮ ਰੇਲਵੇ ਸਟੇਸ਼ਨ ਦਾ ਨਾਮ ਬਦਲਕੇ 'ਸੁਨਾਮ ਊਧਮ ਸਿੰਘ ਵਾਲਾ' ਕਰ ਦਿੱਤਾ ਗਿਆ ਹੈ ।
ਰੇਲਵੇ ਅਧਿਕਾਰੀਆਂ ਨੇ ਇਸ ਸਬੰਧੀ ਦੋ ਦਿਨ ਪਹਿਲਾਂ ਨੋਟੀਫਿਕੇਸ਼ਨ ਜਾਰੀ ਕੀਤਾ ਸੀ । ਰਾਜ ਸਰਕਾਰ ਨੇ 25 ਜਨਵਰੀ 2006 ਨੂੰ ਉਸ ਸਮੇਂ ਦੀ ਸਰਕਾਰ ਨੂੰ ਸ਼ਹਿਰ ਦੇ ਨਾਮ ਨੂੰ ਸੁਨਾਮ ਊਧਮ ਸਿੰਘ ਵਾਲਾ 'ਚ ਬਦਲਣ ਸਬੰਧੀ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਇਸ ਮਾਮਲੇ ਸਬੰਧੀ ਰੇਲਵੇ ਨਾਲ ਤਾਲਮੇਲ ਠੀਕ ਨਹੀਂ ਕੀਤਾ, ਜਿਸ ਕਾਰਨ ਰੇਲਵੇ ਸਟੇਸ਼ਨ ਦਾ ਨਾਂ ਸ਼ਹੀਦ ਦੇ ਨਾਂ 'ਤੇ ਤਬਦੀਲ ਨਹੀਂ ਹੋ ਸਕਿਆ ।
ਸ਼ਹੀਦ ਊਧਮ ਸਿੰਘ ਨੂੰ ਸਨਮਾਨ ਦੇਣ ਲਈ ਸ਼ਹਿਰ ਦਾ ਨਾਮ ਬਦਲ ਦਿੱਤਾ ਗਿਆ ਸੀ । ਲੇਕਿਨ ਜਦੋਂ ਰਾਜ ਸਰਕਾਰ ਰੇਲਵੇ ਕੋਲ ਠੀਕ ਤਰੀਕੇ ਨਾਲ ਮਾਮਲਾ ਨਹੀਂ ਉਠਾ ਸਕੀ ਤਾਂ ਇਤਿਹਾਸਕਾਰ ਰਾਕੇਸ਼ ਕੁਮਾਰ ਅਤੇ ਸਮਾਜਿਕ ਅਤੇ ਸੂਚਨਾ ਅਧਿਕਾਰ ਕਾਰਕੁੰਨ ਜਤਿੰਦਰ ਜੈਨ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੰਡੀਗੜ੍ਹ ਸਥਿਤ ਵਕੀਲ ਐੱਚ. ਸੀ. ਅਰੋੜਾ ਨੇ ਇਸ ਦੇ ਲਈ 2006 ਵਿਚ ਕੋਸ਼ਿਸ਼ਾਂ ਸ਼ੁਰੂ ਕੀਤੀਆਂ, ਜਿਸ ਨੂੰ ਅੱਜ ਬੂਰ ਪੈ ਗਿਆ । ਰੇਲਵੇ ਦੇ ਅਧਿਕਾਰੀ ਦਲੀਪ ਯਾਦਵ ਨੇ ਦੱਸਿਆ ਕਿ ਰੇਲਵੇ ਨੇ ਰੇਲਵੇ ਸਟੇਸ਼ਨ ਦੇ ਨਾਮ ਨੂੰ ਬਦਲਣ ਲਈ ਇਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਅਤੇ ਅਸੀਂ ਸੁਨਾਮ ਸਟੇਸ਼ਨ ਦੇ ਬੋਰਡ ਅਤੇ ਹੋਰ ਸਮੱਗਰੀ ਨੂੰ ਸੁਨਾਮ ਊਧਮ ਸਿੰਘ ਵਾਲਾ ਦੇ ਨਾਂ 'ਤੇ ਬਦਲਣ ਜਾ ਰਹੇ ਹਾਂ ।