ਟਰੈਫਿਕ ਪੁਲਸ ਨੇ 8 ਫੁੱਟ ਦੀ ਦੂਰੀ ’ਤੇ ਅਪਰੂਵ ਕੀਤੀ ਸੀ ਯੈਲੋ ਲਾਈਨ

08/29/2018 5:54:01 AM

ਜਲੰਧਰ,  (ਵਰੁਣ)-  ਸ਼੍ਰੀ ਰਾਮ ਚੌਕ ਤੋਂ ਲੈ ਕੇ ਪਲਾਜ਼ਾ ਚੌਕ ਤੱਕ ਦੇ ਦੁਕਾਨਦਾਰਾਂ ਨੇ ਟਰੈਫਿਕ ਪੁਲਸ ਨਾਲ  ਹੀ ਗੇਮ ਖੇਡੀ। ਟਰੈਫਿਕ ਪੁਲਸ ਨੇ ਇਸ ਰੋਡ ’ਤੇ ਦੁਕਾਨਾਂ ਦੇ ਸ਼ਟਰ ਤੋਂ 8 ਫੁੱਟ ਦੀ ਦੂਰੀ ’ਤੇ ਯੈਲੋ ਲਾਈਨ ਅਪਰੂਵ ਕੀਤੀ ਸੀ ਪਰ ਜਿਵੇਂ ਹੀ ਯੈਲੋ ਲਾਈਨ ਲਗਾਉਣ ਦੇ ਕੰਮ ਦੀ ਸ਼ੁਰੂਆਤ ਹੋਈ ਤਾਂ ਦੁਕਾਨਦਾਰਾਂ ਨੇ ਨਿਗਮ ਟੀਮ ਨਾਲ ਮਿਲ ਕੇ 8 ਫੁੱਟ ਦੀ ਜਗ੍ਹਾ 20 ਫੁੱਟ ਦੀ ਦੂਰੀ ’ਤੇ ਯੈਲੋ ਲਾਈਨ ਲਗਵਾ ਦਿੱਤੀ। ਇੰਨਾ ਹੀ ਨਹੀਂ, ਕੁਝ ਦੁਕਾਨਦਾਰਾਂ ਨੇ ਤਾਂ 20 ਫੁੱਟ ਤੋਂ ਵੀ ਜ਼ਿਆਦਾ ਦੂਰੀ ’ਤੇ  ਇਹ ਲਾਈਨ ਲਗਵਾਈ ਹੋਈ ਹੈ। ਟਰੈਫਿਕ ਪੁਲਸ ਜਦੋਂ ਟਰੈਫਿਕ ਕੰਟਰੋਲ ਤੇ ਯੈਲੋ ਲਾਈਨਾਂ ਦਾ ਮੁਆਇਨਾ ਕਰਨ ਲਈ ਸ਼੍ਰੀ ਰਾਮ ਚੌਕ ਤੋਂ ਪਲਾਜ਼ਾ ਚੌਕ ਤੱਕ ਜਾਣ ਲੱਗੀ ਤਾਂ ਉਥੇ 2-2 ਯੈਲੋ ਲਾਈਨਾਂ ਦੇਖ ਕੇ ਹੈਰਾਨ ਰਹਿ ਗਈ। ਜਾਂਚ ਸ਼ੁਰੂ ਕੀਤੀ ਤਾਂ ਪਤਾ ਚਲਿਆ ਕਿ ਦੁਕਾਨਦਾਰਾਂ ਨੇ ਨਿਗਮ ਟੀਮ ਨਾਲ ਮਿਲ ਕੇ ਘਪਲਾ ਕੀਤਾ ਹੋਇਆ ਹੈ।  ਸਾਰਾ ਮਾਮਲਾ ਟਰੈਫਿਕ ਪੁਲਸ ਦੇ ਅਧਿਕਾਰੀਅਾਂ ਤੱਕ ਪਹੁੰਚਿਆ ਤਾਂ ਤੁਰੰਤ ਪ੍ਰਭਾਵ ਨਾਲ  ਨਿਗਮ ਟੀਮ ਨੂੰ ਲੈਟਰ ਲਿਖ ਕੇ ਯੈਲੋ ਲਾਈਨ ਸਹੀ ਕਰਨ ਨੂੰ ਕਿਹਾ ਗਿਆ ਹੈ। ਮੰਗਲਵਾਰ ਨੂੰ ਟਰੈਫਿਕ ਪੁਲਸ ਤੇ ਨਿਗਮ ਵਿਚਾਲੇ ਮੀਟਿੰਗ ਹੋਈ  ਜਿਸ  ’ਚ  ਯੈਲੋ ਲਾਈਨ ਦਾ ਮੁੱਦਾ ਰੱਖਿਆ ਗਿਆ। ਇਸ ਮੀਟਿੰਗ ’ਚ ਟਰੈਫਿਕ ਪੁਲਸ ਨੇ ਯੈਲੋ ਲਾਈਨ ਨੂੰ ਲੈ ਕੇ ਹੋਏ ਘਪਲੇ ਬਾਰੇ ਪੁੱਛਿਆ ਤਾਂ ਨਿਗਮ ਨੇ ਉਸ ਨੂੰ ਜਲਦ ਠੀਕ ਕਰਨ ਦਾ ਜਵਾਬ ਦਿੱਤਾ। ਏ. ਡੀ. ਸੀ. ਪੀ. ਟਰੈਫਿਕ ਕੁਲਵੰਤ ਸਿੰਘ ਹੀਰ ਨੇ ਕਿਹਾ ਕਿ ਨਿਗਮ ਵੱਲੋਂ ਜਲਦ ਹੀ ਯੈਲੋ ਲਾਈਨ ਠੀਕ ਕਰਨ ਦਾ ਭਰੋਸਾ ਦਿੱਤਾ ਗਿਆ ਹੈ।