ਲੁਧਿਆਣਾ ਦੀ ਟ੍ਰੈਫਿਕ ਪੁਲਸ ''ਚ ਮਚੀ ਹਾਹਾਕਾਰ, ਅਫਸਰ ਦਾ ਹੁਕਮ 3 ਮੁਲਾਜ਼ਮਾਂ ''ਤੇ ਪਿਆ ਭਾਰੀ, ਜ਼ਬਰੀ ਕੀਤਾ ਰਿਟਾਇਰ (ਵੀ

03/23/2017 4:37:43 PM

 ਲੁਧਿਆਣਾ (ਕੁਲਵੰਤ, ਰਾਮ, ਸੰਨੀ) : ਲੁਧਿਆਣਾ ਦੀ ਟ੍ਰੈਫਿਕ ਪੁਲਸ ''ਚ ਇਸ ਸਮੇਂ ਹਾਹਾਕਾਰ ਮਚੀ ਹੋਈ ਹੈ ਕਿ ਕਿਉਂਕਿ ਏ. ਡੀ. ਸੀ. ਪੀ. ਦੀ ਗੱਲ ਮੰਨਦੇ ਹੋਏ ਨਾਕਾ ਲਾ ਕੇ ਚਲਾਨ ਕੱਟਣ ਵਾਲੇ ਟ੍ਰੈਫਿਕ ਪੁਲਸ ਦੇ 3 ਮੁਲਾਜ਼ਮਾਂ ਨੂੰ ਪੁਲਸ ਕਮਿਸ਼ਨਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜ਼ਬਰੀ ਰਿਟਾਇਰ ਕਰ ਦਿੱਤਾ ਹੈ, ਜਦੋਂ ਕਿ ਏ. ਡੀ. ਸੀ. ਪੀ. ਨੇ ਖੁਦ ਦਾ ਬਚਾਅ ਕਰਦੇ ਹੋਏ ਨਾਕੇ ਲਾਏ ਜਾਣ ਦੀ ਹੀ ਗੱਲ ਤੋਂ ਪੱਲਾ ਝਾੜ ਲਿਆ ਹੈ। ਜਾਣਕਾਰੀ ਮੁਤਾਬਕ ਸ਼ਹਿਰ ''ਚ ਨਵੇਂ ਨਿਯੁਕਤ ਹੋਏ ਪੁਲਸ ਕਮਿਸ਼ਨਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਚਲਾਨ ਨਾ ਕੱਟਣ ਦੇ ਹੁਕਮ ਦਿੱਤੇ ਸਨ, ਜਦੋਂ ਕਿ ਏ. ਡੀ. ਸੀ. ਪੀ. ਨੇ ਮੁਲਾਜ਼ਮਾਂ ਨੂੰ ਕਾਲਜਾਂ ਦੇ ਬਾਹਰ ਨਾਕੇ ਲਾਉਣ ਦੇ ਜ਼ੁਬਾਨੀ ਹੁਕਮ ਦਿੱਤੇ, ਜਿਸ ਦੀ ਭੇਂਟ ਤਿੰਨ ਟ੍ਰੈਫਿਕ ਮੁਲਾਜ਼ਮ ਚੜ੍ਹ ਗਏ।

ਕੀ ਹੈ ਪੂਰਾ ਮਾਮਲਾ
ਮੰਗਲਵਾਰ ਨੂੰ ਟ੍ਰੈਫਿਕ ਪੁਲਸ ਨੇ ਮਾਡਲ ਟਾਊਨ ਵਿਚ ਗਰਲਜ਼ ਕਾਲਜ ਦੇ ਬਾਹਰ ਨਾਕਾਬੰਦੀ ਕੀਤੀ ਸੀ। ਟ੍ਰੈਫਿਕ ਪੁਲਸ ਵੱਲੋਂ ਬਿਨਾਂ ਹੈਲਮੇਟ ਸਕੂਟੀ ''ਤੇ ਸਵਾਰ ਕਾਲਜ ਵਿਦਿਆਰਥਣਾਂ ਅਤੇ ਕਾਲਜ ਦੇ ਬਾਹਰ ਹੁੱਲੜਬਾਜ਼ੀ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੀਤੇ ਜਾ ਰਹੇ ਸਨ। ਬਿਨਾਂ ਹੈਲਮੇਟ ਇਕ ਸਕੂਟੀ ਸਵਾਰ ਵਿਦਿਆਰਥਣ ਨੂੰ ਰੋਕਣ ''ਤੇ ਪਹਿਲਾਂ ਤਾਂ ਵਿਦਿਆਰਥਣ ਦੀ ਟ੍ਰੈਫਿਕ ਪੁਲਸ ਨਾਲ ਬਹਿਸ ਹੋਈ ਤਾਂ ਟ੍ਰੈਫਿਕ ਪੁਲਸ ਨੇ ਉਸ ਨੂੰ ਭੇਜ ਦਿੱਤਾ ਪਰ ਟ੍ਰੈਫਿਕ ਕਰਮਚਾਰੀਆਂ ਮੁਤਾਬਕ ਵਿਦਿਆਰਥਣ ਨੇ ਦੁਬਾਰਾ ਆ ਕੇ ਚਲਾਨ ਕਰਵਾਇਆ। ਉਸ ਤੋਂ ਬਾਅਦ ਵਿਦਿਆਰਥਣ ਨੇ ਸਾਰੀ ਗੱਲ ਆਪਣੇ ਪ੍ਰਭਾਵਸ਼ਾਲੀ ਪਿਤਾ ਨੂੰ ਦੱਸੀ ਤਾਂ ਉਨ੍ਹਾਂ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਇਹ ਮਾਜਰਾ ਚੱਲ ਪਿਆ ਤੇ ਪੁਲਸ ਕਮਿਸ਼ਨਰ ਨੇ ਸਖ਼ਤ ਰਵੱਈਆ ਅਪਣਾਉਂਦੇ ਹੋਏ ਤਿੰਨਾਂ ਨੂੰ ਜ਼ਬਰੀ ਰਿਟਾਇਰ ਕਰ ਦਿੱਤਾ।
ਪੁਲਸ ਲਾਈਨਜ਼ ''ਚ ਇਕੱਠੇ ਹੋਏ ਟ੍ਰੈਫਿਕ ਮੁਲਾਜ਼ਮਇਸ ਘਟਨਾ ਤੋਂ ਬਾਅਦ ਪੂਰੀ ਟ੍ਰੈਫਿਕ ਪੁਲਸ ਵਿਚ ਰੋਸ ਪੈਦਾ ਹੋ ਗਿਆ ਅਤੇ ਸਾਰੇ ਮੁਲਾਜ਼ਮ ਪੁਲਸ ਲਾਈਨਜ਼ ਵਿਚ ਇਕੱਠੇ ਹੋ ਗਏ ਤਾਂ ਕਿ ਉਹ ਪੁਲਸ ਕਮਿਸ਼ਨਰ ਨੂੰ ਮਿਲ ਕੇ ਆਪਣੀ ਵਿੱਥਿਆ ਸੁਣਾ ਸਕਣ ਪਰ ਪੁਲਸ ਕਮਿਸ਼ਨਰ ਉਨ੍ਹਾਂ ਨੂੰ ਨਹੀਂ ਮਿਲੇ, ਸਗੋਂ ਪੁਸ਼ਟੀ ਕਰਦੇ ਹੋਏ ਪੁਲਸ ਕਮਿਸ਼ਨਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਸਿਸਟਮ ਨੂੰ ਤੋੜਨ ਦੀ ਸਾਜ਼ਿਸ਼ ਸੀ, ਜਿਸ ਕਾਰਨ ਇਨ੍ਹਾਂ ਮੁਲਾਜ਼ਮਾਂ ਨੂੰ ਰਿਟਾਇਰ ਕੀਤਾ ਗਿਆ ਹੈ। ਇਨ੍ਹਾਂ ਨੂੰ ਤਿੰਨ ਮਹੀਨੇ ਦਾ ਨੋਟਿਸ ਇਸ ਲਈ ਨਹੀਂ ਦਿੱਤਾ ਗਿਆ, ਕਿਉਂਕਿ ਇਹ ਜਨਤਾ ਦੇ ਹਿੱਤ ਵਿਚ ਨਾ ਹੁੰਦਾ, ਇਨ੍ਹਾਂ ਨੂੰ ਤਿੰਨ ਮਹੀਨੇ ਦੀ ਤਨਖਾਹ ਅਤੇ ਭੱਤੇ ਦਿੱਤੇ ਜਾਣਗੇ। 
੍ਰਟ੍ਰੈਫਿਕ ਪੁਲਸ ਮੁਲਾਜ਼ਮਾਂ ਨੇ ਕੱਢੀ ਭੜਾਸ
ਉਕਤ ਮੁਲਾਜ਼ਮਾਂ ਨੇ ਟ੍ਰੈਫਿਕ ਨਿਯਮਾਂ ''ਤੇ ਭੜਾਸ ਕੱਢਦੇ ਹੋਏ ਕਿਹਾ ਕਿ ਬੇਸ਼ੱਕ ਪੁਲਸ ਕਮਿਸ਼ਨਰ ਨੇ ਜ਼ੁਬਾਨੀ ਹੁਕਮ ਦੇ ਦਿੱਤੇ ਸਨ ਪਰ ਉਨ੍ਹਾਂ ਨੂੰ ਨਾਕੇ ਏ. ਡੀ. ਸੀ. ਪੀ. ਟ੍ਰੈਫਿਕ ਨੇ ਲਾਉਣ ਨੂੰ ਕਿਹਾ ਸੀ ਅਤੇ ਉਹ ਆਪਣੇ ਅਧਿਕਾਰੀ ਨੂੰ ਕਿਵੇਂ ਮਨ੍ਹਾ ਕਰ ਸਕਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਮੰਗਲਵਾਰ ਨੂੰ ਪੁਲਸ ਕਮਿਸ਼ਨਰ ਦੇ ਹੁਕਮਾਂ ਤੋਂ ਬਾਅਦ ਵੀ ਟ੍ਰੈਫਿਕ ਪੁਲਸ ਨੇ 300 ਚਲਾਨ ਕੱਟੇ ਪਰ ਸਜ਼ਾ ਸਿਰਫ ਤਿੰਨ ਮੁਲਾਜ਼ਮਾਂ ਨੂੰ ਹੀ ਦਿੱਤੀ ਗਈ। ਜਿਉਂ ਹੀ ਇਸ ਗੱਲ ਦਾ ਪਤਾ ਹੋਰਨਾਂ ਮੁਲਾਜ਼ਮਾਂ ਨੂੰ ਲੱਗਾ ਤਾਂ ਉਹ ਰੋਸ ਵਜੋਂ ਉਸ ਏ. ਡੀ. ਸੀ. ਪੀ. ਕੋਲ ਪੁੱਜੇ, ਜਿਸ ਨੇ ਨਾਕਾਬੰਦੀ ਕਰਵਾਈ ਸੀ ਪਰ ਏ. ਡੀ. ਸੀ. ਪੀ. ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ, ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਪੁਲਸ ਕਮਿਸ਼ਨਰ ਨੂੰ ਮਿਲਣਾ ਚਾਹਿਆ ਤਾਂ ਉਹ ਵੀ ਉਪਲੱਬਧ ਨਹੀਂ ਹੋ ਸਕੇ।
ਕੀ ਕਹਿਣਾ ਸੀ ਮੁਲਾਜ਼ਮਾਂ ਦਾ 
ਜ਼ਬਰੀ ਰਿਟਾਇਰਮੈਂਟ ਤੋਂ ਨਿਰਾਸ਼ ਥਾਣੇਦਾਰ ਦਵਿੰਦਰ ਸਿੰਘ, ਥਾਣੇਦਾਰ ਕੁਲਵਿੰਦਰ ਸਿੰਘ ਅਤੇ ਹੌਲਦਾਰ ਨੀਲਕੰਠ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਨਾਲ ਧੱਕਾ ਕੀਤਾ ਗਿਆ ਹੈ। ਉਨ੍ਹਾਂ ਨੂੰ ਪੁਲਸ ਕਮਿਸ਼ਨਰ ਦਫਤਰ ਬੁਲਾ ਕੇ ਜ਼ਬਰੀ ਫਾਰਮਾਂ ''ਤੇ ਦਸਤਖਤ ਕਰਵਾ ਲਏ ਗਏ। ਉਨ੍ਹਾਂ ਨੂੰ ਤਾਂ ਬਾਅਦ ਵਿਚ ਪਤਾ ਲੱਗਾ ਕਿ ਉਨ੍ਹਾਂ ਨੂੰ ਜ਼ਬਰੀ ਰਿਟਾਇਰ ਕੀਤਾ ਗਿਆ। ਉਨ੍ਹਾਂ ਦੇ ਨਾਲ ਸਰਾਸਰ ਨਾਇਨਸਾਫੀ ਹੋਈ ਹੈ। ਕਾਰਵਾਈ ਤਾਂ ਉਸ ਅਧਿਕਾਰੀ ਦੇ ਖਿਲਾਫ ਹੋਣੀ ਚਾਹੀਦੀ ਸੀ, ਜਿਸ ਨੇ ਨਾਕੇ ਲਗਵਾਏ ਸਨ। ਉਸ ਅਧਿਕਾਰੀ ''ਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਜਦੋਂ ਕਿ ਇਸ ਦੀ ਗਾਜ਼ ਹੇਠਲੇ ਮੁਲਾਜ਼ਮਾਂ ''ਤੇ ਡੇਗ ਦਿੱਤੀ ਗਈ। ਉਨ੍ਹਾਂ ਦਾ ਦੋਸ਼ ਸੀ ਕਿ ਵੱਡੇ ਅਧਿਕਾਰੀ ਹਮੇਸ਼ਾ ਛੋਟੇ ਕਰਮਚਾਰੀਆਂ ''ਤੇ ਗਾਜ਼ ਡੇਗਦੇ ਆਏ ਹਨ। ਇਸ ਨਾਲ ਮੁਲਾਜ਼ਮਾਂ ਦਾ ਮਨੋਬਲ ਵੀ ਡਿੱਗੇਗਾ।
ਇਹ ਮੁਲਾਜ਼ਮ ਹੋਏ ਰਿਟਾਇਰ 
ਪੁਲਸ ਕਮਿਸ਼ਨਰ ਵੱਲੋਂ ਜ਼ਬਰੀ ਰਿਟਾਇਰ ਕੀਤੇ ਗਏ ਮੁਲਾਜ਼ਮਾਂ ਵਿਚ ਥਾਣੇਦਾਰ ਕੁਲਵਿੰਦਰ ਸਿੰਘ ਨੰਬਰ 2851, ਭਰਤੀ 31 ਅਗਸਤ 1989, ਪੁਲਸ ਵਿਚ ਸੇਵਾ 27 ਸਾਲ 6 ਮਹੀਨੇ 21 ਦਿਨ ਰਹੀ। 
ਦੂਜੇ ਥਾਣੇਦਾਰ ਦਵਿੰਦਰ ਸਿੰਘ ਨੰਬਰ 2245, ਭਰਤੀ 17 ਅਪ੍ਰੈਲ 1982, ਸਰਵਿਸ 34 ਸਾਲ, 11 ਮਹੀਨੇ, 3 ਦਿਨ ਦੀ ਰਹੀ। ਤੀਜਾ ਹੌਲਦਾਰ ਨੀਲਕੰਠ ਜਿਸ ਦੀ ਭਰਤੀ 27 ਅਪ੍ਰੈਲ 1992 ਨੂੰ ਹੋਈ ਅਤੇ ਪੁਲਸ ਵਿਚ ਸੇਵਾ 24 ਸਾਲ, 8 ਮਹੀਨੇ, 12 ਦਿਨ ਦੀ ਰਹੀ।
 

 

Babita Marhas

This news is News Editor Babita Marhas