‘ਟਰੈਫਿਕ ਲਾਈਟਾਂ’ ਨੂੰ ਖਰਾਬ ਰੱਖਣ ਦੇ ਪਿੱਛੇ ਆਖਿਰ ਕਾਰਨ ਕੀ ਹਨ?

06/23/2018 12:38:52 AM

ਫਿਰੋਜ਼ਪੁਰ(ਕੁਮਾਰ)–ਇਕ ਪਾਸੇ ਪੰਜਾਬ ਪੁਲਸ ਅਤੇ ਹੋਰ ਕਈ ਵਿਭਾਗ ਸਡ਼ਕ ਹਾਦਸਿਆਂ ਨੂੰ ਰੋਕਣ ਅਤੇ ਲੋਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦੇਣ ਲਈ ਵੱਡੇ-ਵੱਡੇ ਸੈਮੀਨਾਰਾਂ ਤੇ ਕੈਂਪਾਂ ਦਾ ਆਯੋਜਨ ਕਰ ਰਹੇ ਹਨ  ਅਤੇ ਲੋਕਾਂ ਨੂੰ ਟਰੈਫਿਕ ਲਾਈਟਾਂ ’ਤੇ ਲੱਗੇ ਸਿਗਨਲਾਂ ’ਤੇ ਲਾਲ ਲਾਈਟ ਹੋਣ ’ਤੇ ਰੁਕਣ ਤੇ ਹਰੀ ਲਾਈਟ ਹੋਣ ’ਤੇ ਚੱਲਣ ਲਈ ਪ੍ਰੇਰਿਤ ਕਰ ਰਹੇ ਹਨ, ਉਥੇ ਦੂਜੇ  ਪਾਸੇ ਫਿਰੋਜ਼ਪਰ ਛਾਉਣੀ ’ਚ ਗੁਰਦੁਆਰਾ ਸਾਰਾਗਡ਼੍ਹੀ ਸਾਹਿਬ ਦੇ ਕੋਲ ਚੌਕ ’ਚ ਲੱਗੀਆਂ ਟਰੈਫਿਕ ਲਾਈਟਾਂ ਪਿਛਲੇ ਕਈ ਮਹੀਨਿਆਂ ਤੋਂ ਕੰਮ ਨਹੀਂ ਕਰ ਰਹੀਆਂ ਤੇ ਉਨ੍ਹਾਂ ਲਾਈਟਾਂ ਨੂੰ ਚਲਾਉਣ ਵੱਲ ਪੁਲਸ ਤੇ ਸਿਵਲ ਪ੍ਰਸ਼ਾਸਨ ਵੱਲੋਂਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ  ਸਬੰਧੀ ਜਾਣਕਾਰੀ ਦਿੰਦਿਅਾਂ ਯੁਵਾ ਐੱਨ. ਜੀ. ਓ. ਗਿੰਨੀ ਗੁਲਾਟੀ ਤੇ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ ਇਸ ਚੌਕ ’ਚ ਲੱਗੀਆਂ ਟਰੈਫਿਕ ਲਾਈਟਾਂ ’ਤੇ ਪਿਛਲੇ ਕਈ ਮਹੀਨਿਆਂ ਤੋਂ 24 ਘੰਟੇ ਪੀਲੀ ਲਾਈਟ ਹੀ ਚੱਲਦੀ ਰਹਿੰਦੀ ਹੈ ਤੇ ਇਸ ਖਤਰਨਾਕ ਚੌਕ ’ਤੇ ਹਾਦਸੇ ਹੁੰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਚੌਕ ਦੇ ਕੋਲ ਵੱਡੇ-ਵੱਡੇ ਅਫਸਰਾਂ ਦੀਆਂ ਕੋਠੀਆਂ ਹਨ ਤੇ ਇਥੇ ਸਾਰਾ ਦਿਨ ਟਰੈਫਿਕ ਨਿਯਮਾਂ ਦੀ ਉਲੰਘਣਾ ਹੁੰਦੀ ਰਹਿੰਦੀ ਹੈ।  ਜੇਕਰ ਇਹ ਟਰੈਫਿਕ ਲਾਈਟਾਂ ਚਲਾਉਣੀਆਂ ਹੀ ਨਹੀਂ ਹਨ ਤਾਂ ਟੈਕਸਾਂ ਦੇ ਰੂਪ ’ਚ ਲੋਕਾਂ ਵੱਲੋਂ ਦਿੱਤੇ ਗਏ ਲੱਖਾਂ ਰੁਪਏ ਨਾਲ ਸਰਕਾਰੀ ਖਜ਼ਾਨੇ ’ਚੋਂ ਟਰੈਫਿਕ ਲਾਈਟਾਂ ਲਵਾਈਆਂ ਹੀ ਕਿਉਂ ਗਈਆਂ ਸਨ। ਇਸ ਚੌਕ ’ਤੇ ਲੱਗੀਆਂ ਟਰੈਫਿਕ ਲਾਈਟਾਂ ਨੂੰ ਖਰਾਬ ਰੱਖਣ ਦੇ ਪਿੱਛੇ ਆਖਰ ਰਾਜ਼ ਕੀ ਹੈ? ਗਿੰਨੀ ਗੁਲਾਟੀ ਨੇ ਕਿਹਾ ਕਿ ਤੁਰੰਤ ਇਹ ਟਰੈਫਿਕ ਲਾਈਟਾਂ ਠੀਕ ਕਰਵਾਈਆਂ ਜਾਣ।