ਥਾਣੇ ਅੱਗੇ ਖੜ੍ਹੇ ਕੀਤੇ ਵਾਹਨ ਬਣੇ ਆਵਾਜਾਈ ''ਚ ਅੜਿੱਕਾ

03/26/2018 5:50:53 AM

ਗੜ੍ਹਸ਼ੰਕਰ, (ਬੈਜ ਨਾਥ)- ਪੁਲਸ ਥਾਣਾ ਗੜ੍ਹਸ਼ੰਕਰ ਦੇ ਬਾਹਰ ਪੁਲਸ ਵੱਲੋਂ ਵੱਖ ਵੱਖ ਕੇਸਾਂ ਵਿਚ ਜ਼ਬਤ ਕੀਤੇ ਵਾਹਨ ਥਾਣੇ ਦੀ ਬਾਹਰਲੀ ਕੰਧ ਨਾਲ ਸੜਕ ਕੰਢੇ ਖੜ੍ਹੇ ਕਰਨ ਕਰਕੇ ਲੰਘਦੇ ਰਾਹਗੀਰਾਂ ਲਈ ਵੱਡੀ ਸਮੱਸਿਆ ਪੈਦਾ ਕਰ ਰਹੇ ਹਨ। ਇਹ ਵਾਹਨ ਜ਼ਿਆਦਾਤਰ ਐਕਸੀਡੈਂਟ ਕੇਸਾਂ ਨਾਲ ਸਬੰਧਤ ਹਨ, ਜਿਨ੍ਹਾਂ ਨੂੰ ਪੁਲਸ ਵੱਲੋਂ ਸੜਕ ਕਿਨਾਰੇ ਖੜ੍ਹੇ ਕਰਨ ਕਰਕੇ ਲੋਕਾਂ ਲਈ ਪ੍ਰੇਸ਼ਾਨੀ ਪੈਦਾ ਕੀਤੀ ਜਾ ਰਹੀ ਹੈ। 
ਜ਼ਿਕਰਯੋਗ ਹੈ ਕਿ ਅਜਿਹੇ ਵਾਹਨਾਂ ਦੀ ਥਾਣੇ ਅੰਦਰ ਵੀ ਵੱਡੀ ਭਰਮਾਰ ਹੈ, ਜਿਨ੍ਹਾਂ ਵਿਚ ਵੱਡੇ ਵਾਹਨਾਂ ਤੋਂ ਲੈ ਕੇ ਮੋਟਰਸਾਈਕਲ ਅਤੇ ਸਕੂਟਰਾਂ ਦੀ ਵੱਡੀ ਗਿਣਤੀ ਹੈ। ਇਹ ਵਾਹਨ ਲੰਮੀ ਅਦਾਲਤੀ ਕਾਰਵਾਈਆਂ ਕਰਕੇ ਪੁਲਸ ਲਈ ਵੀ ਸਿਰਦਰਦੀ ਦਾ ਕਾਰਨ ਬਣੇ ਹੋਏ ਹਨ। ਇਨ੍ਹਾਂ ਵਿਚੋਂ ਅਨੇਕਾਂ ਵਾਹਨ ਕਈ ਕਈ ਸਾਲਾਂ ਤੋਂ ਖੜ੍ਹੇ ਹਨ ਅਤੇ ਗਲ ਸੜ ਗਏ ਹਨ, ਜਿਨ੍ਹਾਂ ਨੂੰ ਪੁਲਸ ਵੱਲੋਂ ਅਦਾਲਤੀ ਕਾਰਵਾਈ ਕਰਕੇ ਨਿਲਾਮ ਵੀ ਨਹੀਂ ਕੀਤਾ ਜਾ ਸਕਦਾ। ਪੁਲਸ ਵਿਭਾਗ ਦੇ ਸੂਤਰਾਂ ਅਨੁਸਾਰ ਅਨੇਕਾਂ ਵਾਹਨਾਂ ਦੇ ਮਾਲਕ ਇਨ੍ਹਾਂਨੂੰ ਲਿਜਾਣ ਤੋਂ ਇਨਕਾਰੀ ਹਨ ਪਰ ਪੁਲਸ ਲਈ ਇਹ ਸਾਂਭਣੇ ਔਖੇ ਹੋ ਗਏ ਹਨ। 
ਇਸ ਬਾਰੇ ਵਿਧਾਇਕ ਗੜ੍ਹਸ਼ੰਕਰ ਜੈ ਕਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਪੁਲਸ ਨੂੰ ਸੜਕ ਕਿਨਾਰੇ ਖੜ੍ਹੇ ਵਾਹਨ ਹਟਾਉਣੇ ਚਾਹੀਦੇ ਹਨ ਤਾਂ ਜੋ ਲੋਕਾਂ ਲਈ ਕਿਸੇ ਹਾਦਸੇ ਦਾ ਕਾਰਨ ਨਾ ਬਣ ਸਕਣ। ਇਸ ਬਾਰੇ ਐੱਸ. ਐੱਚ. ਓ. ਰੰਜਨਾ ਦੇਵੀ ਨੇ ਕਿਹਾ ਕਿ ਅਜਿਹੇ ਵਾਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਅਤੇ ਥਾਣੇ ਵਿਚ ਵੀ ਇਨ੍ਹਾਂ ਵਾਹਨਾਂ ਨੇ ਕਾਫੀ ਥਾਂ ਘੇਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੜਕ ਕਿਨਾਰੇ ਖੜ੍ਹੇ ਵਾਹਨ ਉਹ ਜਲਦੀ ਹਟਾ ਲੈਣਗੇ ਅਤੇ ਕਿਸੇ ਕਿਸਮ ਦੀ ਆਵਾਜਾਈ ਵਿਚ ਦਿੱਕਤ ਨਹੀਂ ਆਵੇਗੀ।