ਫਗਵਾੜਾ ''ਚ ਟ੍ਰੈਫ਼ਿਕ ਦਾ ਬੁਰਾ ਹਾਲ

02/19/2018 7:46:37 AM

ਫਗਵਾੜਾ, (ਹਰਜੋਤ)- ਇਥੋਂ ਦੇ ਐੱਸ. ਪੀ. ਪਰਮਿੰਦਰ ਸਿੰਘ ਭੰਡਾਲ ਵੱਲੋਂ ਸ਼ਹਿਰ 'ਚ ਵੱਧ ਰਹੀ ਟ੍ਰੈਫ਼ਿਕ ਨੂੰ ਕੰਟਰੋਲ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਹੁਣ ਪੂਰੀ ਤਰ੍ਹਾਂ ਫੇਲ ਹੋ ਕੇ ਰਹਿ ਗਈ ਹੈ ਅਤੇ ਸ਼ਹਿਰ ਦੇ ਬਾਜ਼ਾਰਾਂ 'ਚ ਟ੍ਰੈਫ਼ਿਕ ਦਾ ਬੁਰਾ ਹਾਲ ਹੈ, ਜਿਸ ਕਾਰਨ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਾ ਪੈ ਰਿਹਾ ਹੈ।
'ਜਗ ਬਾਣੀ' ਦੀ ਟੀਮ ਵੱਲੋਂ ਜਦੋਂ ਇਸ ਸੰਬੰਧੀ ਅੱਜ ਵੱਖ-ਵੱਖ ਬਾਜ਼ਾਰਾਂ ਤੇ ਬੰਗਾ ਰੋਡ, ਨਾਈਆਂ ਚੌਕ, ਸਰਾਏ ਰੋਡ, ਗਊਸ਼ਾਲਾ ਬਾਜ਼ਾਰ 'ਚ ਦੇਖਿਆ ਕਿ ਹਰ ਪਾਸੇ ਟ੍ਰੈਫ਼ਿਕ ਦਾ ਬੁਰਾ ਹਾਲ ਸੀ। ਜਿਸ ਕਾਰਨ ਵਾਹਨ ਚਾਲਕਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਤੇ ਪੈਦਲ ਜਾਣ ਵਾਲੇ ਰਾਹਗੀਰਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜੋ ਪ੍ਰਸ਼ਾਸਨ ਨੂੰ ਕੋਸਦੇ ਨਜ਼ਰ ਆਏ। 
ਸ਼ਹਿਰ ਵਾਸੀਆਂ ਨੇ ਦੱਸਿਆ ਇਨ੍ਹਾਂ ਸੜਕਾਂ 'ਤੇ ਲੋਕ ਅਕਸਰ ਸੜਕ ਕੰਢੇ ਗੱਡੀਆਂ ਖੜ੍ਹੀਆਂ ਕਰ ਕੇ ਚਲੇ ਜਾਂਦੇ ਹਨ, ਜਿਸ ਨਾਲ ਟ੍ਰੈਫ਼ਿਕ ਜਾਮ ਹੋ ਜਾਂਦਾ ਹੈ ਅਤੇ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ ਪਰ ਸ਼ਹਿਰ ਦੇ ਟ੍ਰੈਫ਼ਿਕ ਪੁਲਸ ਕਰਮੀ ਜੀ. ਟੀ. ਰੋਡ 'ਤੇ ਬਾਹਰਲੇ ਸ਼ਹਿਰ ਤੋਂ ਆਉਣ ਵਾਲੀਆਂ ਗੱਡੀਆਂ ਦੀ ਚੈਕਿੰਗ ਕਰਨ 'ਚ ਹੀ ਲੱਗੇ ਰਹਿੰਦੇ ਹਨ ਅਤੇ ਬਾਜ਼ਾਰ 'ਚ ਕੋਈ ਵੀ ਟ੍ਰੈਫ਼ਿਕ ਕਰਮੀ ਮੌਜੂਦ ਨਹੀਂ ਹੈ। 
ਬਾਜ਼ਾਰਾਂ 'ਚ ਦੁਕਾਨਦਾਰਾਂ ਵੱਲੋਂ ਸੜਕਾਂ ਦੇ ਕੰਢੇ ਤਕ ਆਪਣਾ ਸਾਮਾਨ ਲਾਇਆ ਹੋਇਆ ਹੈ। ਐੱਸ. ਪੀ. ਭੰਡਾਲ ਨੇ ਆਪਣਾ ਅਹੁਦਾ ਸੰਭਾਲਣ ਤੋਂ ਕੁਝ ਸਮਾਂ ਬਾਅਦ ਬਾਜ਼ਾਰਾਂ 'ਚ ਖ਼ੁਦ ਜਾ ਕੇ ਦੁਕਾਨਦਾਰਾਂ ਨੂੰ ਆਪਣਾ ਸਾਮਾਨ ਅੰਦਰ ਰੱਖਣ ਦੀ ਹਦਾਇਤ ਕੀਤੀ ਸੀ ਪਰ ਦੁਕਾਨਦਾਰ ਇਨ੍ਹਾਂ ਹੁਕਮਾਂ ਨੂੰ ਟਿੱਚ ਨਹੀਂ ਜਾਣਦੇ ਅਤੇ ਸੜਕਾਂ ਦੇ ਕੰਢਿਆਂ ਤਕ ਆਪਣਾ ਸਾਮਾਨ ਲਾ ਕੇ ਰੱਖਦੇ ਹਨ।
ਸ਼ਹਿਰ ਵਾਸੀਆਂ ਨੇ ਕਿਹਾ ਕਿ ਪੁਲਸ ਅਧਿਕਾਰੀ ਵੱਡੇ-ਵੱਡੇ ਦਾਅਵੇ ਕਰਦੇ ਨਹੀਂ ਥਕਦੇ ਕਿ ਟ੍ਰੈਫ਼ਿਕ ਦੀ ਸਮੱਸਿਆ ਹੱਲ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਪਰ ਇਹ ਦਾਅਵੇ ਸਿਰਫ਼ ਦਫ਼ਤਰਾਂ ਤਕ ਹੀ ਸੀਮਤ ਹਨ। ਵੱਧ ਰਹੀ ਟ੍ਰੈਫਿਕ ਕਾਰਨ ਲੋਕ ਰੋਜ਼ਾਨਾ ਖੱਜਲ ਖੁਆਰ ਹੁੰਦੇ ਹਨ।  ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਾਜ਼ਾਰਾਂ 'ਚ ਟ੍ਰੈਫ਼ਿਕ ਸਮੱਸਿਆ ਹੱਲ ਕਰਨ ਲਈ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਜਾਣ।