ਟਰੈਕਟਰ 'ਤੇ ਤਜਵੀਜ਼ ਟੈਕਸ ਵਾਪਸ ਲੈਣਾ ਵੱਡੀ ਜਿੱਤ : ਕਿਸਾਨ ਸੰਘਰਸ਼ ਕਮੇਟੀ

01/02/2018 4:07:46 PM

ਤਰਨਤਾਰਨ (ਆਹਲੂਵਾਲੀਆ) - ਕੇਂਦਰ ਦੀ ਮੋਦੀ ਸਰਕਾਰ ਨੇ ਮੋਟਰ ਵ੍ਹੀਕਲ ਐਕਟ 1989 ਵਿਚ ਸੋਧ ਕਰਦਿਆਂ ਕਿਸਾਨਾਂ ਦੇ ਟਰੈਕਟਰ ਨੂੰ ਨਾਨ ਮੋਟਰ ਟਰਾਂਸਪੋਰਟੇਸ਼ਨ ਦੇ ਘੇਰੇ 'ਚੋਂ ਬਾਹਰ ਕਰਨ ਦੀ ਤਜਵੀਜ਼ ਪਾਸ ਕਰਦਿਆਂ ਕਿਸਾਨਾਂ ਦੇ ਹਰ ਟਰੈਕਟਰ ਉੱਪਰ ਤਕਰੀਬਨ 30 ਹਜ਼ਾਰ ਰੁਪਏ ਸਾਲਾਨਾ ਟੈਕਸ ਲਾਉਣ ਦਾ ਜੋ ਫੈਸਲਾ ਬੀਤੇ ਦਿਨੀਂ ਕਰ ਕੇ ਇਸ ਨੂੰ ਨਵੇਂ ਸੈਂਟਰਲ ਮੋਟਰਜ ਵ੍ਹੀਕਲ (ਸੋਧ) ਰੂਲਜ਼ 2017 ਦਾ ਨਾਂ ਦਿੱਤਾ ਸੀ, ਪੰਜਾਬ ਦੀਆਂ ਸੰਘਰਸ਼ਸ਼ੀਲ 7 ਕਿਸਾਨ ਜਥੇਬੰਦੀਆਂ ਵੱਲੋਂ ਇਸ ਕਿਸਾਨ ਮਾਰੂ ਫੈਸਲੇ ਦਾ ਡਟਵਾਂ ਵਿਰੋਧ ਕਰਨ 'ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇਸ ਵੱਡੇ ਟੈਕਸ ਨੂੰ ਵਾਪਸ ਲੈਣਾ ਕਿਸਾਨ ਸੰਘਰਸ਼ ਕਮੇਟੀ ਦੀ ਬਹੁਤ ਵੱਡੀ ਜਿੱਤ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂੰ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਸਬੰਧ 'ਚ ਪਟਿਆਲਾ ਵਿਚ ਪਿਛਲੇ ਦਿਨੀਂ ਚੱਲੇ 5 ਦਿਨਾ ਲਗਾਤਾਰ ਕਿਸਾਨ ਅੰਦੋਲਨ ਦੌਰਾਨ ਇਹ ਮੁੱਦਾ ਮੁੱਖ ਮੁੱਦਿਆਂ ਵਿਚ ਸ਼ਾਮਲ ਰਿਹਾ ਅਤੇ ਕੇਂਦਰ ਜਾਂ ਪੰਜਾਬ ਵਿਚ ਹੁਣ ਤੱਕ ਬਣੀਆਂ ਸਰਕਾਰਾਂ ਨੇ ਕਦੇ ਵੀ ਕਿਸਾਨ ਪੱਖੀ ਕਦਮ ਨਹੀਂ ਉਠਾਇਆ। ਪ੍ਰਦੂਸ਼ਣ ਰੋਕਣ ਦੇ ਨਾਂ ਹੇਠ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਵਾਲਾ ਕਾਨੂੰਨ ਜਿੱਥੇ ਕਿਸਾਨਾਂ ਨੂੰ ਸਜ਼ਾ ਅਤੇ ਜੁਰਮਾਨਾ ਕਰਦਾ ਹੈ ਉਥੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਜ਼ਲੀਲ ਵੀ ਕਰਦਾ ਹੈ। ਉਨ੍ਹਾਂ ਆਖਿਆ ਕਿ ਕਿਸਾਨ ਸੰਘਰਸ਼ ਕਮੇਟੀ ਪੰਜਾਬ ਇਸ ਨੂੰ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖੇਗੀ।