ਟਰੈਕਟਰ ਪਰੇਡ ਨੂੰ ਲੈ ਕੇ ਕੀ ਹੈ ਕਿਸਾਨਾਂ ਦਾ ਮਾਸਟਰ ਪਲਾਨ, ਗੁਰਨਾਮ ਚਢੂਨੀ ਨੇ ਆਖੀਆਂ ਵੱਡੀਆਂ ਗੱਲਾਂ

01/24/2021 9:22:40 PM

ਨਵੀਂ ਦਿੱਲੀ/ਜਲੰਧਰ - ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵਲੋਂ 26 ਜਨਵਰੀ ਨੂੰ ਐਲਾਨੀ ਹੋਈ ਕਿਸਾਨ ਗਣਤੰਤਰ ਪਰੇਡ ਨੂੰ ਦਿੱਲੀ ਪੁਲਸ ਨੇ ਦਿੱਲੀ ਵਿਚ ਦਾਖ਼ਲ ਹੋਣ ਦੀ ਮਨਜ਼ੂਰੀ ਦੇ ਦਿੱਤੀ ਹੈ। ਕਿਸਾਨਾਂ ਦੀ ਪਰੇਡ ਦਾ ਰੂਟ ਫਿਲਹਾਲ ਅਜੇ ਤਕ ਪੱਕਾ ਨਹੀਂ ਹੋਇਆ ਹੈ, ਰੂਟ ਬਾਰੇ ਭਲਕੇ ਕਿਸਾਨ ਆਗੂਆਂ ਅਤੇ ਦਿੱਲੀ ਪੁਲਸ ਦੇ ਅਧਿਕਾਰੀਆਂ ਵਲੋਂ ਮੁੱਖ ਸੜਕਾਂ ਦਾ ਦੌਰਾ ਕਰਕੇ ਆਖ਼ਰੀ ਯੋਜਨਾ ਉਲੀਕੀ ਜਾਵੇਗੀ। ਇਸ ਬਾਰੇ ਗੱਲਬਾਤ ਕਰਦੇ ਹੋਏ ਗੁਰਨਾਮ ਸਿੰਘ ਚਢੂਨੀ ਨੇ ਆਖਿਆ ਕਿ ਫਿਲਹਾਲ ਟਰੈਕਟਰ ਪਰੇਡ ਲਈ ਕੋਈ ਇਕ ਰੂਟ ਨਿਰਧਾਰਤ ਨਹੀਂ ਕੀਤਾ ਗਿਆ ਹੈ, ਇਸ ਪਰੇਡ ਲਈ ਵੱਖਰੇ-ਵੱਖਰੇ ਰੂਟ ਹੋਣਗੇ। ਉਨ੍ਹਾਂ ਆਖਿਆ ਕਿ ਕੁੰਡਲੀ ਬਾਰਡਰ, ਟਿੱਕਰੀ ਬਾਰਡਰ, ਅਤੇ ਗਾਜ਼ੀਪੁਰ ਬਾਰਡਰ ਲਈ ਤਿੰਨੇ ਵੱਖ-ਵੱਖ ਰੂਟ ਹਨ।

ਇਹ ਵੀ ਪੜ੍ਹੋ : ਪਟਿਆਲਾ 'ਚ ਚੱਲ ਰਹੀ ਜਾਨਵੀ ਕਪੂਰ ਦੀ ਫ਼ਿਲਮ ਦੀ ਸ਼ੂਟਿੰਗ ਕਿਸਾਨਾਂ ਨੇ ਰੁਕਵਾਈ, ਪਿਆ ਭੜਥੂ

ਚਢੂਨੀ ਨੇ ਆਖਿਆ ਕਿ ਦੇਸ਼ ਭਰ ਵਿਚੋਂ ਲੱਖਾਂ ਦੀ ਗਿਣਤੀ ਵਿਚ ਟਰੈਕਟਰ ਇਸ ਪਰੇਡ ਵਿਚ ਸ਼ਮੂਲੀਅਤ ਕਰਨ ਲਈ ਪਹੁੰਚ ਰਹੇ ਹਨ, ਲਿਹਾਜ਼ਾ ਇੰਨੀ ਵੱਡੀ ਗਿਣਤੀ ਵਿਚ ਟਰੈਕਟਰਾਂ ਨੂੰ ਇਕੋ ਰੂਟ ’ਤੇ ਸ਼ਾਮਲ ਨਹੀਂ ਕੀਤਾ ਜਾ ਸਕਦਾ, ਜਿਸ ਲਈ ਤਿੰਨ ਵੱਖ-ਵੱਖ ਰੂਟ ਹੋਣਗੇ ਅਤੇ 80 ਤੋਂ 90 ਕਿਲੋਮੀਟਰ ਤਕ ਦਿੱਲੀ ਦੇ ਅੰਦਰ ਰੂਟ ਪਲਾਨ ਕੀਤਾ ਗਿਆ ਹੈ, ਇਸੇ ਰੂਟ ’ਤੇ ਕਿਸਾਨ ਵਲੋਂ ਪਰੇਡ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਬਠਿੰਡਾ ਪੁੱਜੇ ਭਾਜਪਾ ਆਗੂ ਮਨੋਰੰਜਨ ਕਾਲੀਆ ਦਾ ਵਿਰੋਧ, ਕਿਸਾਨਾਂ ਨੇ ਤੋੜੇ ਪੁਲਸ ਦੇ ਬੈਰੀਕੇਡ

ਅੱਗੇ ਗੱਲਬਾਤ ਕਰਦੇ ਹੋਏ ਚਢੂਨੀ ਨੇ ਦੱਸਿਆ ਕਿ ਪੁਲਸ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੂੰ ਇਹ ਪਰੇਡ ਰੱਦ ਕਰਨ ਲਈ ਵੀ ਆਖਿਆ ਗਿਆ, ਜਿਸ ’ਤੇ ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਸਪੱਸ਼ਟ ਕਰ ਚੁੱਕੀਆਂ ਹਨ ਕਿ ਜੇਕਰ ਪੁਲਸ ਉਨ੍ਹਾਂ ਨੂੰ ਮਿੱਥੀ ਯੋਜਨਾ ਮੁਤਾਬਕ ਟਰੈਕਟਰ ਪਰੇਡ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਹੈ ਤਾਂ ਕਿਸਾਨ ਬੈਰੀਕੇਡਸ ਤੋੜਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਆਖ ਚੁੱਕੇ ਹਨ ਕਿ ਉਨ੍ਹਾਂ ਦੀ ਪਰੇਡ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗੀ ਅਤੇ ਕਿਸਾਨਾਂ ਨੇ ਇਹ ਭਰੋਸਾ ਦਿੱਤਾ ਹੈ ਕਿ ਜਿੱਥੋਂ ਉਨ੍ਹਾਂ ਦੀ ਪਰੇਡ ਸ਼ੁਰੂ ਹੋਵੇਗੀ, ਉਥੇ ਆ ਕੇ ਹੀ ਸਮਾਪਤ ਹੋਵੇਗੀ ਕੋਈ ਵੀ ਕਿਸਾਨ ਦਿੱਲੀ ਦੇ ਅੰਦਰ ਨਹੀਂ ਰੁਕੇਗਾ।

ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਪਿਆਰ ਨਾਲ ਮਨਾਓਗੇ ਤਾਂ ਮੰਨ ਜਾਣਗੇ, ਤੁਸੀਂ ਡਾਂਗ ਚੁੱਕੋਗੇ ਤਾਂ ਉਹ ਵੀ ਚੁੱਕ ਲੈਣਗੇ : ਕੈਪਟਨ

ਨੋਟ - 26 ਜਨਵਰੀ ਦੀ ਟਰੈਕਟਰ ਪਰੇਡ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh