ਟੋਲ ਪਲਾਜ਼ਾ ਦੇ ਸਟਾਫ਼ ਦੇ ਰਵੱਈਏ ਤੋਂ ਲੋਕਾਂ ''ਚ ਰੋਸ

10/19/2017 2:27:28 PM


ਸ੍ਰੀ ਮੁਕਤਸਰ ਸਾਹਿਬ (ਦਰਦੀ) - ਇਥੋਂ 12 ਕਿਲੋਮੀਟਰ ਦੀ ਦੂਰੀ 'ਤੇ ਪਿੰਡ ਵੜਿੰਗ ਨਜ਼ਦੀਕ ਕੁਝ ਸਮਾਂ ਪਹਿਲਾਂ ਸਥਾਪਤ ਕੀਤੇ ਗਏ ਟੋਲ ਪਲਾਜ਼ਾ 'ਤੇ ਕੰਮ ਕਰ ਰਹੇ ਸਟਾਫ਼ ਦੇ ਰਵੱਈਏ ਤੋਂ ਆਉਣ-ਜਾਣ ਵਾਲੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ। ਇਸ ਪਲਾਜ਼ਾ ਤੋਂ ਆਉਣ-ਜਾਣ ਵਾਲੇ ਵ੍ਹੀਕਲ ਚਾਲਕਾਂ ਨਾਲ ਮੁਲਾਜ਼ਮਾਂ ਦਾ ਬੋਲ-ਚਾਲ ਠੀਕ ਨਾ ਹੋਣ ਕਾਰਨ ਪਬਲਿਕ ਆਪਣੀ ਤੌਹੀਨ ਮਹਿਸੂਸ ਕਰ ਰਹੀ ਹੈ। ਇਥੋਂ ਤੱਕ ਕਿ ਇਸ ਟੋਲ ਤੋਂ ਗੁਜ਼ਰਨ ਵਾਲੇ ਸਰਕਾਰੀ ਅਫ਼ਸਰਾਂ ਤੇ ਪ੍ਰੈੱਸ ਦੇ ਨੁਮਾਇੰਦਿਆਂ ਨਾਲ ਵੀ ਇਹ ਕਰਮਚਾਰੀ ਆਮ ਬਹਿਸਦੇ ਹਨ। 
ਸਾਰੇ ਸਰਕਾਰੀ ਅਧਿਕਾਰੀਆਂ ਕੋਲ ਲਾਲ ਬੱਤੀ ਜਾਂ ਗੌਰਮਿੰਟ ਦਾ ਵ੍ਹੀਕਲ ਨਾ ਹੋਣ ਕਰਕੇ ਉਹ ਪ੍ਰਾਈਵੇਟ ਕਾਰਾਂ ਰਾਹੀਂ ਸਫ਼ਰ ਕਰਦੇ ਹਨ ਤਾਂ ਟੋਲ ਪਲਾਜ਼ਾ ਦੇ ਮੁਲਾਜ਼ਮ ਉਨ੍ਹਾਂ ਨਾਲ ਪਰਚੀ ਕੱਟਣ ਪਿਛੇ ਬਹਿਸਦੇ ਹਨ ਤੇ ਅਫ਼ਸਰ ਏ. ਡੀ. ਸੀ. ਨਾਲ ਫੋਨ 'ਤੇ ਗੱਲ ਕਰਵਾ ਕੇ ਟੋਲ ਵਾਲਿਆਂ ਦੀ ਤਸੱਲੀ ਕਰਵਾਉਂਦੇ ਹਨ ਕਿ ਵਾਕਿਆ ਹੀ ਉਹ ਸਰਕਾਰੀ ਅਫਸਰ ਹਨ। ਇਸੇ ਤਰ੍ਹਾਂ ਹੀ ਪ੍ਰੈੱਸ ਦੇ ਨਾਲ ਸਬੰਧਤ ਪੱਤਰਕਾਰਾਂ ਤੇ ਮੀਡੀਆ ਵਾਲਿਆਂ ਨਾਲ ਹੁੰਦਾ ਹੈ। ਟੋਲ ਵਾਲੇ ਮੁਲਾਜ਼ਮ ਜਦ ਕਦੀ ਪੀਲਾ ਤੇ ਕਦੀ ਗੁਲਾਬੀ ਕਾਰਡ ਦਿਖਾਉਣ ਦੀ ਮੰਗ ਕਰਦੇ ਹਨ ਤਾਂ ਮਾਮਲਾ ਫਿਰ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚਦਾ ਹੈ। ਅਖੀਰ ਇਹ ਮਾਮਲਾ ਕਦੋਂ ਤੱਕ ਲਮਕਦਾ ਰਹੇਗਾ। ਟੋਲ ਪਲਾਜ਼ਾ ਵਾਲਿਆਂ ਨੂੰ ਕੋਈ ਪੱਕੇ ਕਾਇਦੇ ਕਾਨੂੰਨ ਬਣਾਉਣੇ ਹੀ ਪੈਣਗੇ। 
ਜੇਕਰ ਆਮ ਪਬਲਿਕ ਦੀ ਗੱਲ ਕੀਤੀ ਜਾਵੇ ਤਾਂ ਇਸ ਟੋਲ ਪਲਾਜ਼ਾ ਦੇ ਆਸ-ਪਾਸ ਦੇ ਪਿੰਡਾਂ ਵਾਲੇ ਲੋਕਾਂ ਨੂੰ 10-15 ਕਿਲੋਮੀਟਰ ਦੇ ਘੇਰੇ 'ਚ ਆਉਣ-ਜਾਣ ਲਈ ਦਿਨ 'ਚ ਕਿੰਨੀ ਵਾਰ ਪਰਚੀ ਫੀਸ ਅਦਾ ਕਰਨੀ ਪਵੇਗੀ, ਜਦਕਿ ਉਨ੍ਹਾਂ ਦਾ ਕੰਮਕਾਜ ਆਮ ਕਰ ਕੇ ਇਨ੍ਹਾਂ ਪਿੰਡਾਂ 'ਚ ਹੋਣ ਕਰਕੇ ਕਈ ਵਾਰ ਉਥੋਂ ਗੁਜ਼ਰਨਾ ਪੈਂਦਾ ਹੈ। ਪੁਲ ਦੀ ਉਸਾਰੀ ਕਰਨ ਦੀ ਆੜ 'ਚ ਲੋਕਾਂ ਦੇ ਨਹਿਰਾਂ 'ਤੇ ਲੱਗੇ ਪੰਪ ਤੇ ਗਰੀਬ ਬਸਤੀ ਦੇ ਲੋਕਾਂ ਦੇ ਮਕਾਨ ਵੀ ਢਾਹ ਦਿੱਤੇ ਗਏ ਪਰ ਪੁਲ ਅਜੇ ਤੱਕ ਨਹੀਂ ਬਣਾਇਆ ਗਿਆ। ਇਸ ਟੋਲ ਪਲਾਜ਼ਾ ਦੇ ਵਿਰੁੱਧ ਲੋਕ ਮੁਜ਼ਾਹਰੇ ਕਰ ਚੁੱਕੇ ਹਨ ਪਰ ਕਿਸੇ ਨੇ ਪਬਲਿਕ ਦੀ ਸੁਣਵਾਈ ਨਹੀਂ ਕੀਤੀ।