ਪਤਨੀ ਨੇ ਪੁੱਤ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ, ਡੇਰਾ ਪ੍ਰੇਮੀ ਕਤਲਕਾਂਡ 'ਚ 3 ਸ਼ੂਟਰ ਗ੍ਰਿਫ਼ਤਾਰ, ਪੜ੍ਹੋ TOP 10

11/11/2022 8:30:01 PM

ਜਲੰਧਰ (ਬਿਉਰੋ) : ਅੱਜ ਪਿੰਡ ਬਹਾਵਲਵਾਸੀ ਵਿਚ ਇਕ ਔਰਤ ਨੇ ਆਪਣੇ ਪੁੱਤਰ ਨਾਲ਼ ਮਿਲ ਕੇ ਆਪਣੇ ਪਤੀ ਨੂੰ ਮਾਰ ਕੇ ਘਰ ਵਿਚ ਹੀ ਲਾਸ਼ ਦੱਬ ਲਏ ਜਾਣ ਦਾ ਖੁਲਾਸਾ ਹੋਇਆ ਤਾਂ ਉੱਧਰ ਫਰੀਦਕੋਟ 'ਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਕਤਲ ਕਰਨ ਵਾਲੇ 3 ਸ਼ੂਟਰ ਦਿੱਲੀ ਪੁਲਸ ਦੇ ਹੱਥੇ ਚੜ੍ਹ ਗਏ ਹਨ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ...

ਪੰਜਾਬ 'ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਇਸ ਤਾਰੀਖ਼ ਨੂੰ ਸੋਚ ਸਮਝ ਕੇ ਘਰੋਂ ਨਿਕਲਣ ਲੋਕ

ਪੰਜਾਬ ਦੇ ਕਿਸਾਨਾਂ ਵੱਲੋਂ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਕਿਸਾਨਾਂ ਦੀ ਅਣਦੇਖੀ ਕਰਨ ਦੇ ਇਲਜ਼ਾਮ ਲਗਾਉਂਦੇ ਹੋਏ ਮੰਨੀਆਂ ਗਈਆਂ ਕਿਸਾਨੀ ਮੰਗਾਂ ਨੂੰ ਵੀ ਲਾਗੂ ਨਾ ਕਰਨ ਦੇ ਵਿਰੋਧ 'ਚ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂਆਂ ਦੀ ਅਗਵਾਈ 'ਚ ਹੋਈ ਮੀਟਿੰਗ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਰੋਸ-ਪ੍ਰਦਰਸ਼ਨ ਕਰਨ ਲਈ 16 ਨਵੰਬਰ ਨੂੰ ਸੂਬੇ ਭਰ 'ਚ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। 

ਡੇਰਾ ਪ੍ਰੇਮੀ ਕਤਲ ਮਾਮਲੇ 'ਚ ਵੱਡੀ ਖ਼ਬਰ, ਦਿੱਲੀ ਪੁਲਸ ਨੇ ਕਾਬੂ ਕੀਤੇ 3 ਸ਼ੂਟਰ

ਪੰਜਾਬ ਦੇ ਫਰੀਦਕੋਟ 'ਚ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਪ੍ਰਦੀਪ ਸਿੰਘ ਦੇ ਕਤਲ ਦੇ ਦੋਸ਼ੀ ਤਿੰਨ ਸ਼ੂਟਰਾਂ ਨੂੰ ਸ਼ੁੱਕਰਵਾਰ ਨੂੰ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲੇ ਪੰਜਾਬ ਪੁਲਸ ਇੰਟੈਲੀਜੈਂਟ ਯੂਨਿਟ ਅਤੇ ਦਿੱਲੀ ਪੁਲਸ ਕਾਊਂਟਰ-ਇੰਟੈਲੀਜੈਂਸ ਯੂਨਿਟ ਨੇ ਫਰੀਦਕੋਟ 'ਚ ਪ੍ਰਦੀਪ ਸਿੰਘ ਦੇ ਕਤਲ ਦੇ ਦੋਸ਼ੀ 6 ਲੋਕਾਂ ਦੀ ਪਛਾਣ ਕੀਤੀ ਸੀ। ਪਛਾਣ ਤੋਂ ਬਾਅਦ ਦਿੱਲੀ ਪੁਲਸ ਨੇ ਉਨ੍ਹਾਂ ਫੜਨ ਲਈ ਛਾਪੇਮਾਰੀ ਕੀਤੀ। 

ਅਬੋਹਰ 'ਚ ਵੱਡੀ ਵਾਰਦਾਤ, ਪਤਨੀ ਨੇ ਪੁੱਤ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ, ਘਰ 'ਚ ਹੀ ਦੱਬੀ ਲਾਸ਼

ਨੇੜਲੇ ਪਿੰਡ ਬਹਾਵਲਵਾਸੀ ਵਿੱਚ ਇਕ ਔਰਤ ਨੇ ਆਪਣੇ ਮੁੰਡੇ ਨਾਲ ਮਿਲ ਕੇ ਆਪਣੇ ਪਤੀ ਦਾ ਕੁਝ ਸਮੇਂ ਪਹਿਲਾਂ ਕਤਲ ਕਰ ਕੇ ਉਸ ਦੀ ਲਾਸ਼ ਨੂੰ ਘਰ ਦੇ ਵਿੱਚ ਹੀ ਖੁੱਡ ਪੁੱਟ ਕੇ ਦੱਬ ਦਿੱਤਾ। ਇੰਨਾ ਹੀ ਨਹੀਂ ਉਨ੍ਹਾਂ ਉਸ ਥਾਂ ਤੇ ਫਰਸ਼ ਵੀ ਪਵਾ ਦਿੱਤਾ ਅਤੇ ਪੁਲਸ ਕੋਲ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ। ਜਦੋਂ ਹੌਲੀ-ਹੌਲੀ ਪੁਲਸ ਨੇ ਉਕਤ ਔਰਤ ਦਾ ਪਤੀ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਇਸ ਘਟਨਾ ਦਾ ਖ਼ੁਲਾਸਾ ਹੋਇਆ। 

UP ਰੋਡਵੇਜ਼ ਦੀ ਬੱਸ 'ਚੋਂ ਗਾਇਬ ਹੋਈਆਂ 2 ਗੁਰਸਿੱਖ ਭੈਣਾਂ, ਮਾਪਿਆਂ ਦੀ ਨਿਕਲੀ ਜਾਨ (ਵੀਡੀਓ)

ਯੂ. ਪੀ. ਰੋਡਵੇਜ਼ ਦੀ ਬੱਸ 'ਚ ਸਵਾਰ 2 ਗੁਰਸਿੱਖ ਭੈਣਾਂ ਦੇ ਰਾਹ 'ਚ ਗਾਇਬ ਹੋਣ ਤੋਂ ਮਾਪਿਆਂ ਦੀ ਜਾਨ ਨਿਕਲ ਗਈ ਸੀ। ਇਸ ਤੋਂ ਬਾਅਦ ਪਰਿਵਾਰ ਨੇ ਕੁੜੀਆਂ ਦੇ ਲਾਪਤਾ ਹੋਣ ਦੀ ਰਿਪੋਰਟ ਪੁਲਸ ਨੂੰ ਲਿਖਵਾਈ। ਪੁਲਸ ਦੀਆਂ ਕਈ ਟੀਮਾਂ ਲਾ ਕੇ ਕੁੜੀਆਂ ਨੂੰ ਬਰੇਲੀ ਤੋਂ ਬਰਾਮਦ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਲਖਨਊ ਦੇ ਕ੍ਰਿਸ਼ਨਾਨਗਰ ਦੀਆਂ ਰਹਿਣ ਵਾਲੀਆਂ ਦੋਵੇਂ ਕੁੜੀਆਂ ਕਾਨਪੁਰ ਗਈਆਂ ਸਨ। ਦੋਹਾਂ ਨੂੰ ਫੀਨਿਕਸ ਮਾਲ ਤੋਂ ਬਰਾਮਦ ਕੀਤਾ ਗਿਆ ਹੈ।

ਅੱਧੀ ਰਾਤ ਨੂੰ ਸੜਕ ’ਤੇ ਤੜਫ ਰਹੇ ਵਿਅਕਤੀ ਲਈ ਫਰਿਸ਼ਤਾ ਬਣ ਕੇ ਆਇਆ ਏ. ਸੀ. ਪੀ., ਇੰਝ ਦਿੱਤਾ ਦੂਜਾ ਜਨਮ

‘ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ’ ਤੁਕ ਜੀ. ਟੀ. ਰੋਡ ’ਤੇ ਹਾਦਸੇ ’ਚ ਗੰਭੀਰ ਜ਼ਖਮੀ ਹਾਲਤ ਵਿਚ ਮਿਲੇ ਉਸ ਵਿਅਕਤੀ ’ਤੇ ਸਾਬਿਤ ਹੋਈ, ਜਿਸ ਨੂੰ ਏ. ਸੀ. ਪੀ. ਨਾਰਥ ਮਨਿੰਦਰ ਬੇਦੀ ਨੇ ਖੁਦ ਆਪਣੀ ਗੱਡੀ ’ਚ ਪਾ ਕੇ ਸਿਵਲ ਹਸਪਤਾਲ ਪਹੁੰਚਾਇਆ। ਠੀਕ ਸਮੇਂ ’ਤੇ ਹਸਪਤਾਲ ਪਹੁੰਚ ਜਾਣ ਕਾਰਨ ਉਸ ਵਿਅਕਤੀ ਦੀ ਜਾਨ ਬਚ ਗਈ। ਲੇਬਰ ਦਾ ਕੰਮ ਕਰਨ ਵਾਲੇ ਵਿਅਕਤੀ ਦੇ ਪਰਿਵਾਰ ਨੇ ਇਸ ਡਿਊਟੀ ਲਈ ਏ. ਸੀ. ਪੀ. ਦਾ ਧੰਨਵਾਦ ਕੀਤਾ। 

ਲੁਧਿਆਣਾ 'ਚ ਭਾਜਪਾ ਆਗੂ ਦੀ ਫੈਕਟਰੀ 'ਚ ਫਾਇਰਿੰਗ, ਜਾਣੋ ਪੂਰਾ ਮਾਮਲਾ (ਤਸਵੀਰਾਂ)

ਲੁਧਿਆਣਾ ਭਾਜਪਾ ਦੇ ਸੀਨੀਅਰ ਆਗੂ ਸੁਖਮਿੰਦਰਪਾਲ ਗਰੇਵਾਲ ਦੀ ਫੈਕਟਰੀ 'ਚ ਬੀਤੀ ਦੇਰ ਰਾਤ 2 ਨੌਜਵਾਨ ਚੋਰੀ ਦੇ ਇਰਾਦੇ ਨਾਲ ਦਾਖ਼ਲ ਹੋਏ। ਇਨ੍ਹਾਂ ਨੌਜਵਾਨਾਂ 'ਤੇ ਫੈਕਟਰੀ ਅੰਦਰ ਫਾਇਰਿੰਗ ਕੀਤੀ ਗਈ। ਇਸ ਤੋਂ ਬਾਅਦ ਚੋਰ ਆਪਣਾ ਮੋਟਰਸਾਈਕਲ ਉੱਥੇ ਹੀ ਛੱਡ ਕੇ ਫ਼ਰਾਰ ਹੋ ਗਏ। ਇਸ ਸਾਰੀ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। 

ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰ ਕਾਰ ਹੇਠਾਂ ਕੁਚਲੀ ਗਈ 8 ਸਾਲਾ ਬੱਚੀ ਨੇ ਤੋੜਿਆ ਦਮ, ਸਦਮੇ 'ਚ ਪਰਿਵਾਰ

ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਨਸ਼ੇ ’ਚ ਟੱਲੀ ਨੌਜਵਾਨਾਂ ਵੱਲੋਂ ਫੁੱਟਪਾਥ ’ਤੇ ਮਾਂ-ਧੀ ’ਤੇ ਗੱਡੀ ਚੜ੍ਹਾਉਣ ਦੌਰਾਨ ਜ਼ਖ਼ਮੀ ਹੋਈ ਧੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਧੀ ਨਵਿਆ ਨੂੰ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਦਮ ਤੋੜ ਦਿੱਤਾ।

ਜਲੰਧਰ 'ਚ ਸ਼ੀਤਲ ਵਿਜ, ਮਸ਼ਹੂਰ ਕਾਰੋਬਾਰੀ ਚੰਦਰਸ਼ੇਖਰ ਅਗਰਵਾਲ ਦੇ ਘਰਾਂ 'ਚ ਆਮਦਨ ਟੈਕਸ ਵਿਭਾਗ ਦੀ ਰੇਡ ਜਾਰੀ

ਜਲੰਧਰ ਵਿਖੇ ਵੀਰਵਾਰ ਤੋਂ ਸ਼ੁਰੂ ਦੋ ਥਾਵਾਂ 'ਤੇ ਆਮਦਨ ਟੈਕਸ ਵਿਭਾਗ ਦੀ ਛਾਪੇਮਾਰੀ ਅੱਜ ਦੂਜੇ ਦਿਨ ਵੀ ਜਾਰੀ ਰਹੀ। ਇਮਕਮ ਟੈਕਸ ਮਹਿਕਮੇ ਵੱਲੋਂ ਜੀ. ਟੀ. ਬੀ. ਨਗਰ ਸਥਿਤ ਮਸ਼ਹੂਰ ਕਾਰੋਬਾਰੀ ਚੰਦਰ ਅਗਰਵਾਲ ਦੀ ਕੋਠੀ ਅਤੇ ਸਵੇਰਾ ਭਵਨ ਗਰੁੱਪ ਦੇ ਮਾਲਕ ਸ਼ੀਤਲ ਵਿਜ ਦੇ ਘਰ ਸਮੇਤ ਦਫ਼ਤਰ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਆਮਦਨ ਟੈਕਸ ਵਿਭਾਗ ਦੀਆਂ 2 ਟੀਮਾਂ ਲੁਧਿਆਣਾ ਅਤੇ ਸ਼੍ਰੀਨਗਰ ਤੋਂ ਜਲੰਧਰ ਪਹੁੰਚੀਆਂ ਹਨ।

ਰਿਹਾਅ ਹੋਣਗੇ ਰਾਜੀਵ ਗਾਂਧੀ ਦੇ ਕਤਲ ਦੇ ਦੋਸ਼ੀ, ਸੁਪਰੀਮ ਕੋਰਟ ਨੇ ਦਿੱਤਾ ਛੱਡਣ ਦਾ ਹੁਕਮ

ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਮਾਮਲੇ ’ਚ ਜੇਲ੍ਹ ’ਚ ਬੰਦ ਸਾਰੇ 6 ਦੋਸ਼ੀਆਂ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਹੈ। ਕੋਰਟ ਨੇ ਸਾਫ ਕਰ ਦਿੱਤਾ ਹੈ ਕਿ ਜੇਕਰ ਇਨ੍ਹਾਂ ਦੋਸ਼ੀਆਂ ’ਤੇ ਕੋਈ ਹੋਰ ਮਾਮਲਾ ਨਹੀਂ ਹੈ ਤਾਂ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਵੇ। ਸੁਪਰੀਮ ਕੋਰਟ ਨੇ ਫੈਸਲੇ ’ਚ ਕਿਹਾ ਕਿ ਲੰਬੇ ਸਮੇਂ ਤੋਂ ਰਾਜਪਾਲ ਨੇ ਇਸ ’ਤੇ ਕਦਮ ਨਹੀਂ ਚੁੱਕਿਆ ਤਾਂ ਅਸੀਂ ਚੁੱਕ ਰਹੇ ਹਾਂ। ਕੋਰਟ ਨੇ ਕਿਹਾ ਕਿ ਇਸ ਮਾਮਲੇ ’ਚ ਦੋਸ਼ੀ ਕਰਾਰ ਦਿੱਤੇ ਗਏ ਪੈਰਾਰੀਵਲਨ ਦੀ ਰਿਹਾਈ ਦਾ ਆਦੇਸ਼ ਬਾਕੀ ਦੋਸ਼ੀਆਂ ’ਤੇ ਵੀ ਲਾਗੂ ਹੋਵੇਗਾ। 

ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦਾ ਡਿਪਟੀ ਸੁਪਰਡੈਂਟ ਗ੍ਰਿਫ਼ਤਾਰ, ਸਰਹੱਦ ਪਾਰ ਜੁੜੀਆਂ ਮਾਮਲੇ ਦੀਆਂ ਤਾਰਾਂ

ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਡੀ. ਐੱਸ. ਪੀ. ਗੁਰਚਰਨ ਸਿੰਘ ਧਾਲੀਵਾਲ ਨੂੰ (ਡਿਪਟੀ ਸੁਪਰਡੈਂਟ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਡਿਪਟੀ ਸੁਪਰਡੈਂਟ ਨੂੰ ਜੇਲ੍ਹ 'ਚ ਬੰਦ ਗੈਂਗਸਟਰਾਂ, ਹਵਾਲਾਤੀਆਂ ਅਤੇ ਨਸ਼ਾ ਤਸਕਰਾਂ ਨੂੰ ਕਥਿਤ ਤੌਰ 'ਤੇ ਮੋਬਾਇਲ ਤੇ ਸਿਮ ਕਾਰਡ ਮੁਹੱਈਆ ਕਰਵਾਉਣ ਦੇ ਬਦਲੇ ਉਨ੍ਹਾਂ ਕੋਲੋਂ ਮੋਟੀ ਰਕਮ ਵਸੂਲਣ ਦੇ ਦੋਸ਼ਾਂ ਤਹਿਤ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਹੇਠ ਐੱਸ. ਐੱਚ. ਓ. ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra