ਤੰਬਾਕੂ ਵੇਚਣ ਵਾਲੇ 4 ਦੁਕਾਨਦਾਰਾਂ ਦੇ ਚਲਾਨ ਕੱਟੇ

05/02/2018 4:31:37 AM

ਕਪੂਰਥਲਾ, (ਮੱਲ੍ਹੀ)- ਐੱਸ. ਐੱਮ. ਓ. ਕਾਲਾ ਸੰਘਿਆਂ ਡਾ. ਸੀਮਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਮੈਡੀਕਲ ਅਫਸਰ ਇੰਚਾਰਜ ਭਾਣੋਲੰਘਾ ਡਾ. ਗੁਣਤਾਸ ਦੀ ਨਿਗਰਾਨੀ ਹੇਠ ਅੱਜ ਭਾਣੋਲੰਘਾ ਤੇ ਖੈੜਾ ਦੋਨਾ ਏਰੀਏ 'ਚ 4 ਦੁਕਾਨਦਾਰਾਂ ਦੇ ਤੰਬਾਕੂ ਵੇਚਣ ਤਹਿਤ ਚਲਾਨ ਕੱਟੇ ਗਏ ਤੇ 5 ਵਿਅਕਤੀਆਂ ਨੂੰ ਚਿਤਾਵਨੀ ਦੇ ਕੇ ਛੱਡਿਆ ਗਿਆ। ਹੈਲਥ ਇੰਸਪੈਕਟਰ ਗੁਰਿੰਦਰ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਤੰਬਾਕੂ ਨਾਲ ਸਬੰਧਤ ਵਸਤਾਂ ਨੂੰ ਦੁਕਾਨਾਂ ਤੇ ਖੋਖਿਆਂ 'ਤੇ ਵੇਚਣ ਦੇ ਨਾਲ-ਨਾਲ ਇਨ੍ਹਾਂ ਦਾ ਪਬਲਿਕ ਥਾਵਾਂ 'ਤੇ ਸੇਵਨ ਕਰਨ ਦੀ ਸਖਤ ਮਨਾਹੀ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਦਾ ਸੇਵਨ ਕਰਨ ਨਾਲ ਸਾਨੂੰ ਸਾਹ ਨਾਲ ਸਬੰਧਤ ਅਨੇਕਾਂ ਬੀਮਾਰੀਆਂ ਆਪਣੀ ਲਪੇਟ 'ਚ ਲੈ ਲੈਂਦੀਆਂ ਹਨ। ਗੁਰਿੰਦਰ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਸਿਹਤ ਵਿਭਾਗ ਪੰਜਾਬ ਵੱਲੋਂ ਤੰਬਾਕੂਨੋਸ਼ੀ ਖਿਲਾਫ ਜੰਗੀ ਪੱਧਰ 'ਤੇ ਸਖਤੀ ਵਰਤੀ ਜਾ ਰਹੀ ਹੈ।