ਭਾਜਪਾ ਹਾਈ ਕਮਾਨ ਤੀਕਸ਼ਣ ਸੂਦ ਦੇ ਨਾਂ ''ਤੇ ਲਾ ਸਕਦੀ ਹੈ ਸੂਬਾ ਪ੍ਰਧਾਨ ਦੀ ਮੋਹਰ

12/15/2019 6:41:29 PM

ਹੁਸ਼ਿਆਰਪੁਰ (ਘੁੰਮਣ)— ਪੰਜਾਬ 'ਚ ਇਕ ਪਾਸੇ ਸਰਦੀ ਤੇਜ਼ੀ ਨਾਲ ਵਧ ਰਹੀ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਭਾਜਪਾ ਦੀ ਰਾਜਨੀਤੀ ਪੂਰੇ ਰੂਪ ਨਾਲ ਗਰਮਾਈ ਹੋਈ ਹੈ ਕਿਉਂਕਿ ਆਉਣ ਵਾਲੇ ਕੁਝ ਦਿਨਾਂ 'ਚ ਪੰਜਾਬ ਭਾਜਪਾ ਨੂੰ ਨਵਾਂ ਸੂਬਾ ਪ੍ਰਧਾਨ ਮਿਲ ਜਾਵੇਗਾ। ਸੂਬਾ ਪ੍ਰਧਾਨ ਬਣਨ ਲਈ ਤਤਕਾਲੀਨ ਪ੍ਰਧਾਨ ਸ਼ਵੇਤ ਮਲਿਕ, ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ, ਮਨੋਰੰਜਨ ਕਾਲੀਆ, ਅਨਿਲ ਜੋਸ਼ੀ, ਪ੍ਰਵੀਨ ਬਾਂਸਲ ਅਤੇ ਤਰੁਣ ਚੁੱਘ ਯਤਨਸ਼ੀਲ ਹਨ। ਉਕਤ ਤੋਂ ਇਲਾਵਾ ਹੁਸ਼ਿਆਰਪੁਰ ਨਾਲ ਸਬੰਧਤ ਪਾਰਟੀ ਦੇ ਸੀਨੀਅਰ ਆਗੂ ਤੀਕਸ਼ਣ ਸੂਦ ਦਾ ਨਾਂ ਵੀ ਪ੍ਰਮੁੱਖਤਾ ਨਾਲ ਸਾਹਮਣੇ ਆ ਰਿਹਾ ਹੈ, ਜਿਸ 'ਤੇ ਪਾਰਟੀ ਹਾਈ ਕਮਾਨ ਆਪਣੀ ਸਹਿਮਤੀ ਬਣਾਉਂਦੀ ਦਿਸ ਰਹੀ ਹੈ ਕਿਉਂਕਿ ਤੀਕਸ਼ਣ ਸੂਦ ਕਿਸੇ ਵਿਸ਼ੇਸ਼ ਧੜੇ ਨਾਲ ਨਾ ਜੁੜ ਕੇ ਸੰਗਠਨ ਦੇ ਸਿਧਾਂਤਾਂ ਨਾਲ ਖੜ੍ਹੇ ਹਨ। ਉਹ ਭਾਜਪਾ ਵਿਧਾਇਕ ਦਲ ਦੇ ਆਗੂ ਅਤੇ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ। ਉਹ ਇਕ ਸਾਫ ਅਕਸ ਦੇ ਮਾਲਕ ਹਨ। ਪਿਛਲੀਆਂ ਲੋਕ ਸਭਾ ਚੋਣਾਂ 'ਚ ਹੁਸ਼ਿਆਰਪੁਰ ਲੋਕ ਸਭਾ ਖੇਤਰ ਤੋਂ ਸੋਮ ਪ੍ਰਕਾਸ਼ ਨੂੰ ਜੇਤੂ ਬਣਾਉਣ 'ਚ ਤੀਕਸ਼ਣ ਸੂਦ ਦੀ ਅਹਿਮ ਭੂਮਿਕਾ ਸੀ।

ਪੰਜਾਬ 'ਚ ਭਾਰਤੀ ਜਨਤਾ ਪਾਰਟੀ ਆਪਣੇ ਸਾਥੀ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਸਰਕਾਰ ਬਣਾਉਂਦੀ ਰਹੀ ਹੈ। ਇਸ ਦੌਰਾਨ ਤੀਕਸ਼ਣ ਸੂਦ ਦੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਨਾਲ ਇਕ ਵੱਖਰੀ ਪਛਾਣ ਹੈ। ਸ਼੍ਰੋਮਣੀ ਅਕਾਲੀ ਦਲ 'ਚ ਵੀ ਤੀਕਸ਼ਣ ਸੂਦ ਦਾ ਨਾਂ ਬਹੁਤ ਇੱਜ਼ਤ ਨਾਲ ਲਿਆ ਜਾਂਦਾ ਹੈ। ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਰਾਜਨੀਤਕ ਸਲਾਹਕਾਰ ਵੀ ਰਹਿ ਚੁੱਕੇ ਹਨ। ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਢਾ ਨਾਲ ਵੀ ਤੀਕਸ਼ਣ ਸੂਦ ਦੇ ਕਰੀਬੀ ਸੰਬੰਧ ਹਨ। ਇਹ ਗੱਲ ਵੀ ਉਨ੍ਹਾਂ ਦੇ ਸੂਬਾ ਪ੍ਰਧਾਨ ਬਣਨ ਦੀਆਂ ਸੰਭਾਵਨਾਵਾਂ 'ਤੇ ਮੋਹਰ ਲਾਉਂਦੀ ਹੈ।

ਤੀਕਸ਼ਣ ਸੂਦ ਪੂਰੇ ਸੂਬੇ ਦੇ ਭਾਜਪਾ ਵਰਕਰਾਂ ਵਿਚ ਆਪਣੀ ਵੱਖਰੀ ਪਛਾਣ ਰੱਖਦੇ ਹਨ ਅਤੇ ਉਹ ਇਹ ਵੀ ਸੂਝ ਰੱਖਦੇ ਹਨ ਕਿ ਕਿਸ ਤਰ੍ਹਾਂ ਧੜੇਬੰਦੀ ਨੂੰ ਖਤਮ ਕਰ ਕੇ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਸੂਬੇ ਵਿਚ ਜੇਤੂ ਬਣਾਉਣਾ ਹੈ। ਅੱਜ ਪੰਜਾਬ ਭਾਜਪਾ ਨੂੰ ਅਜਿਹੇ ਆਗੂ ਦੀ ਲੋੜ ਹੈ, ਜੋ ਪਾਰਟੀ ਦੇ ਝੰਡੇ ਨੂੰ ਪੂਰੇ ਸੂਬੇ ਵਿਚ ਲਹਿਰਾਅ ਸਕੇ। ਪਾਰਟੀ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਤੀਕਸ਼ਣ ਸੂਦ ਦੇ ਸਿਰ 'ਤੇ ਸੂਬਾ ਪ੍ਰਧਾਨ ਦਾ ਤਾਜ ਸਜਣ ਦੀ ਪੂਰੀ ਸੰਭਾਵਨਾ ਹੈ।

shivani attri

This news is Content Editor shivani attri