ਟਿਕਰੀ ਬਾਰਡਰ ਹਾਦਸਾ: ਪੰਜਾਬ ਸਰਕਾਰ ਵੱਲੋਂ ਮ੍ਰਿਤਕ ਬੀਬੀਆਂ ਦੇ ਪਰਿਵਾਰਾਂ ਨੂੰ 5-5 ਲੱਖ ਮੁਆਵਜ਼ਾ ਦੇਣ ਦਾ ਐਲਾਨ

10/28/2021 7:05:37 PM

ਜਲੰਧਰ/ਚੰਡੀਗੜ੍ਹ— ਟਿਕਰੀ ਬਾਰਡਰ ’ਤੇ ਹਾਦਸੇ ਦਾ ਸ਼ਿਕਾਰ ਹੋਈਆਂ 3 ਕਿਸਾਨ ਬੀਬੀਆਂ ਦੀ ਮੌਤ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਹਾਦਸੇ ’ਚ ਮਰੀਆਂ ਤਿੰਨ ਕਿਸਾਨ ਬੀਬੀਆਂ ਦੀ ਮੌਤ ’ਤੇ ਮ੍ਰਿਤਕ ਔਰਤਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਜ਼ਖ਼ਮੀਆਂ ਔਰਤਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਫ਼ਤ ਇਲਾਜ ਕਰਵਾਉਣ ਦਾ ਵੀ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ:  ਟਿਕਰੀ ਬਾਰਡਰ 'ਤੇ ਹਾਦਸੇ ਦੌਰਾਨ 3 ਕਿਸਾਨ ਬੀਬੀਆਂ ਦੀ ਮੌਤ ਹੋਣ 'ਤੇ ਕੈਪਟਨ ਵੱਲੋਂ ਦੁੱਖ਼ ਦਾ ਪ੍ਰਗਟਾਵਾ

ਟਵਿੱਟਰ ਜ਼ਰੀਏ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕਰਦੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਰਿਆਣਾ ਦੇ ਬਹਾਦੁਰਗੜ੍ਹ ’ਚ ਟਿਕਰੀ ਬਾਰਡਰ ਨੇੜੇ ਟਰੱਕ ਦੀ ਟਕੱਰ ਨਾਲ 3 ਕਿਸਾਨ ਬੀਬੀਆਂ ਦੀ ਮੌਤ ਹੋਣ ਦੀ ਖ਼ਬਰ ਦਿਲ ਨੂੰ ਦਹਿਲਾ ਦੇਣ ਵਾਲੀ ਹੈ। ਇਸ ਦੁੱਖ਼ਦਾਇਕ ਘਟਨਾ ਨੂੰ ਸੁਣ ਕੇ ਬੇਹੱਦ ਦੁੱਖ਼ ਪਹੁੰਚਿਆ। ਮ੍ਰਿਤਕਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਇਸ ਦੇ ਨਾਲ ਹੀ ਚੰਨੀ ਨੇ ਹਰਿਆਣਾ ਪੁਲਸ ਨੂੰ ਦੋਸ਼ੀਆਂ ਦੀ ਭਾਲ ਕਰਕੇ ਸਲਾਖਾਂ ਪਿੱਛੇ ਡੱਕਣ ਦੀ ਵੀ ਅਪੀਲ ਕੀਤੀ। ਅੱਗੇ ਲਿਖਦੇ ਹੋਏ ਚੰਨੀ ਨੇ ਕਿਹਾ ਕਿ ਗੁਆਚੀਆਂ ਜਾਨਾਂ ਦੀ ਭਰਪਾਈ ਕੋਈ ਵੀ ਨਹੀਂ ਕਰ ਸਕਦਾ। ਇਸ ਦੁੱਖ਼ਦਾਇਕ ਘਟਨਾ ਨਾਲ ਪੰਜਾਬ ਦੇ ਸੰਬੰਧਤ ਪਰਿਵਾਰਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। 

ਇਹ ਵੀ ਪੜ੍ਹੋ:  ਐਕਸ਼ਨ ’ਚ ਮੰਤਰੀ ਰੰਧਾਵਾ, ਫਿਲੌਰ ਨਾਕੇ ’ਤੇ ਕੀਤੀ ਅਚਨਚੇਤ ਚੈਕਿੰਗ, 3 ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੇ ਦਿੱਤੇ ਹੁਕਮ

ਜ਼ਿਕਰਯੋਗ ਹੈ ਕਿ ਹਰਿਆਣਾ ਦੇ ਬਹਾਦੁਰਗੜ੍ਹ 'ਚ ਤੇਜ਼ ਰਫ਼ਤਾਰ ਟਰੱਕ ਵੱਲੋਂ ਅੰਦੋਲਨਕਾਰੀ ਕਿਸਾਨ ਬੀਬੀਆਂ ਨੂੰ ਦਰੜ ਦਿੱਤਾ। ਇਹ ਘਟਨਾ ਬਹਾਦੁਰਗੜ੍ਹ ਦੇ ਫਲਾਈਓਵਰ ਹੇਠਾਂ ਝੱਜਰ ਰੋਡ 'ਤੇ ਵਾਪਰੀ, ਜਿੱਥੇ ਡਿਵਾਈਡਰ 'ਤੇ ਬੈਠੀਆਂ ਕਿਸਾਨ ਬੀਬੀਆਂ ਉੱਪਰ ਟਰੱਕ ਚੜ੍ਹ ਗਿਆ। ਇਸ ਹਾਦਸੇ ਦੌਰਾਨ 3 ਬਜ਼ੁਰਗ ਬੀਬੀਆਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਬੀਬੀਆਂ ਘਰ ਜਾਣ ਲਈ ਆਟੋ ਦਾ ਇੰਤਜ਼ਾਰ ਕਰ ਰਹੀਆਂ ਸਨ। ਇਸ ਦੌਰਾਨ ਮੌਕੇ 'ਤੇ 2 ਕਿਸਾਨ ਬੀਬੀਆਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਨੇ ਹਸਪਤਾਲ 'ਚ ਦਮ ਤੋੜ ਦਿੱਤਾ। 

ਇਹ ਵੀ ਪੜ੍ਹੋ:  ਟਿਕਰੀ ਬਾਰਡਰ 'ਤੇ ਹਾਦਸੇ ਦੌਰਾਨ 3 ਕਿਸਾਨ ਬੀਬੀਆਂ ਦੀ ਮੌਤ ਹੋਣ 'ਤੇ ਕੈਪਟਨ ਵੱਲੋਂ ਦੁੱਖ਼ ਦਾ ਪ੍ਰਗਟਾਵਾ

ਸਾਰੀਆਂ ਬੀਬੀਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਦਿਆਲੂ ਵਾਲੇ ਦੀਆਂ ਵਸਨੀਕ ਹਨ। ਇਹ ਕਈ ਦਿਨਾਂ ਤੋਂ ਦਿੱਲੀ ਦੇ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਲਈ ਗਈਆ ਹੋਈਆਂ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਮ੍ਰਿਤਕ ਬੀਬੀਆਂ ਵਿਚ ਅਮਰਜੀਤ ਕੌਰ (58) ਪਤਨੀ ਹਰਜੀਤ ਸਿੰਘ, ਗੁਰਮੇਲ ਕੌਰ (60) ਪਤਨੀ ਭੋਲਾ ਸਿੰਘ ਅਤੇ ਛਿੰਦਰ ਕੌਰ (61) ਪਤਨੀ ਭਾਨ ਸਿੰਘ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿਚ ਗੁਰਮੇਲ ਕੌਰ ਪਤਨੀ ਮੇਹਰ ਸਿੰਘ ਅਤੇ ਹਰਜੀਤ ਕੌਰ ਪਤਨੀ ਗੁਰਤੇਜ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri