ਟਿਕ-ਟਾਕ ''ਤੇ ਗਰਲਫਰੈਂਡ ਨੂੰ ਇੰਪ੍ਰੈੱਸ ਕਰਨ ਲਈ ਨਹਿਰ ''ਚ ਮਾਰੀ ਛਾਲ, ਗਵਾ ਬੈਠਾ ਜਾਨ

03/10/2020 5:48:24 PM

ਮੋਗਾ (ਸੰਜੀਵ) : ਅੱਜਕਲ ਟਿਕ-ਟਾਕ ਦੇ ਦਿਵਾਨੇ ਨੌਜਵਾਨ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਵੀਡੀਓ ਬਣਾ ਰਹੇ ਹਨ ਅਤੇ ਟਿਕ-ਟਾਕ 'ਤੇ ਪੋਸਟ ਕਰ ਰਹੇ ਹਨ ਅਤੇ ਵੱਖ-ਵੱਖ ਤਰ੍ਹਾਂ ਦੇ ਵੀਡੀਓਜ਼ ਪਾ ਕੇ ਇਨ੍ਹਾਂ ਦਿਨਾਂ 'ਚ ਨੌਜਵਾਨ ਮਸ਼ਹੂਰ ਹੋਣਾ ਚਾਹੁੰਦੇ ਹਨ। ਕਈ ਵਾਰ ਨੌਜਵਾਨ ਵੀਡੀਓ ਬਣਾਉਣ ਦੇ ਚੱਕਰ ਵਿਚ ਅਜਿਹੇ ਹੱਦ ਤਕ ਚਲੇ ਜਾਂਦੇ ਹਨ ਜਿਹੜੀਆਂ ਉਨ੍ਹਾਂ ਲਈ ਜਾਨ ਦਾ ਖੋਹ ਬਣ ਜਾਂਦੀਆਂ ਹਨ। ਇਸੇ ਤਰ੍ਹਾਂ ਦੀ ਘਟਨਾ ਮੋਗਾ-ਫਿਰੋਜ਼ਪੁਰ ਰੋਡ 'ਤੇ ਸਥਿਤ ਪਿੰਡ ਘੱਲਖੁਰਦ ਦੀ ਨਹਿਰ 'ਤੇ ਵਾਪਰੀ। ਜਿੱਥੇ ਇਕ 18 ਸਾਲ ਦਾ ਲੜਕਾ ਦੀਪਕ ਕੁਮਾਰ ਪੁੱਤਰ ਰਾਮਨਾਥ ਨਿਵਾਸੀ ਪਿੰਡ ਛੋਟੀ ਮੀਨੀਆਂ ਨੇ ਆਪਣੇ ਦੋਸਤ ਤੋਂ ਕੈਮਰਾ ਆਨ ਕਰਵਾ ਕੇ ਕਿਹਾ ਕਿ ਉਹ ਪਾਣੀ 'ਚ ਛਾਲ ਮਾਰੇਗਾ ਅਤੇ ਤੁਸੀਂ ਉਸ ਦੀ ਵੀਡੀਓ ਬਣਾਉਣਾ, ਫਿਰ ਇਸ ਨੂੰ ਪੋਸਟ ਕਰਾਂਗੇ, ਜਿਸ ਨਾਲ ਉਸ ਦੀ ਗਰਲਫਰੈਂਡ ਇੰਪ੍ਰੈੱਸ ਹੋਵੇਗੀ, ਜਦੋਂ ਦੀਪਕ ਨੇ ਨਹਿਰ 'ਚ ਛਾਲ ਮਾਰੀ ਤਾਂ ਪਾਣੀ ਦੇ ਥੱਲੇ ਪਿਆ ਪੱਥਰ ਉਸ ਦੇ ਸਿਰ 'ਚ ਵੱਜ ਗਿਆ।

ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਨਹਿਰ 'ਚੋਂ ਬਾਹਰ ਕੱਢਿਆ ਅਤੇ ਉਸ ਦੇ ਪਰਿਵਾਰ ਨੂੰ ਸੂਚਨਾ ਦਿੱਤੀ। ਪਰਿਵਾਰ ਵਾਲੇ ਉਸ ਨੂੰ ਜਲਦੀ ਹੀ ਹਸਪਤਾਲ ਲੈ ਗਏ ਪਰ ਸਿਰ 'ਚ ਲੱਗੀ ਗੰਭੀਰ ਸੱਟ ਕਾਰਣ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਕੀ ਕਹਿਣਾ ਹੈ ਡੀ. ਐੱਸ. ਪੀ. ਧਰਮਕੋਟ ਦਾ 
ਡੀ. ਐੱਸ. ਪੀ. ਧਰਮਕੋਟ ਯਾਦਵਿੰਦਰ ਸਿੰਘ ਅਨੁਸਾਰ ਸੋਸ਼ਲ ਮੀਡੀਆ 'ਤੇ ਆਪਣੀ ਪਛਾਣ ਬਣਾਉਣ ਲਈ ਨੌਜਵਾਨ ਨਾ ਜਾਣੇ ਕੀ-ਕੀ ਕਰ ਰਹੇ ਹਨ। ਉਹ ਤਰ੍ਹਾਂ-ਤਰ੍ਹਾਂ ਦੀਆਂ ਸੋਸ਼ਲ ਸਾਈਟਸ ਅਤੇ ਐਪ 'ਤੇ ਫੋਟੋਜ਼ ਅਤੇ ਵੀਡੀਓਜ਼ ਪਾ ਕੇ ਸੋਸ਼ਲ ਪਲੇਟਫਾਰਮ 'ਤੇ ਆਪਣੇ-ਆਪ ਨੂੰ ਮਸ਼ਹੂਰ ਕਰਨ ਲਈ ਹਥਕੰਡੇ ਅਪਣਾ ਰਹੇ ਹਨ। ਪ੍ਰਚੱਲਿਤ 'ਐਪ' ਟਿਕ-ਟਾਕ 'ਤੇ ਨੌਜਵਾਨਾਂ ਦਾ ਕੁਝ ਅਲੱਗ ਹੀ ਪਾਗਲਪਣ ਬਣਿਆ ਹੋਇਆ ਹੈ। ਉਸ ਅਨੁਸਾਰ ਇਸ ਤਰ੍ਹਾਂ ਦੇ ਨੌਜਵਾਨਾਂ 'ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ। 

ਪਹਿਲਾਂ ਵੀ ਵਾਪਰ ਚੁੱਕੇ ਹਨ ਅਜਿਹੇ ਹਾਦਸੇ
ਟਿਕ-ਟਾਕ ਵੀਡੀਓ ਬਣਾਉਣ ਦੇ ਚੱਕਰ ਵਿਚ ਕਿਸੇ ਨੌਜਵਾਨ ਵਲੋਂ ਆਪਣੀ ਜਾਨ ਗਵਾਉਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਬੀਤੇ ਵਰ੍ਹੇ ਵੀ ਇਕ ਨੌਜਵਾਨ ਵੀਡੀਓ ਬਣਾਉਣ ਦੇ ਚੱਕਰ ਵਿਚ ਚੱਲਦੇ ਟ੍ਰੈਕਟਰ 'ਤੇ ਚੜ੍ਹਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਦੀ ਟ੍ਰੈਕਟਰ ਹੇਠਾਂ ਆਉਣ ਕਾਰਨ ਦਰਦਨਾਕ ਮੌਤ ਹੋ ਗਈ ਸੀ। ਹੋਰ ਵੀ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਸ 'ਚ ਵੀਡੀਓ ਬਣਾਉਣ ਦਾ ਕ੍ਰੇਜ਼ ਜਾਨ ਦਾ ਖੋਹ ਬਣ ਚੁੱਕਾ ਹੈ।

ਇਹ ਵੀ ਪੜ੍ਹੋ : ਪੁਲਸ ਨੇ ਨਾਭਾ ਜੇਲ ਤੋਂ ਗੈਂਗਸਟਰ ਨੀਟਾ ਦਿਓਲ ਅਤੇ ਟਾਈਗਰ ਨੂੰ ਲਿਆ ਹਿਰਾਸਤ 'ਚ      

Gurminder Singh

This news is Content Editor Gurminder Singh