CM ਮਾਨ ਦੀ ਮਹਾ-ਡਿਬੇਟ ਲਈ PAU 'ਚ ਸਖ਼ਤ ਸੁਰੱਖਿਆ, 2000 ਪੁਲਸ ਮੁਲਾਜ਼ਮ ਤਾਇਨਾਤ (ਵੀਡੀਓ)

11/01/2023 10:17:13 AM

ਲੁਧਿਆਣਾ (ਰਾਜ) : ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਹਾ-ਡਿਬੇਟ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ। ਬੁੱਧਵਾਰ ਨੂੰ ਪੀ. ਏ. ਯੂ. 'ਚ ਸਥਿਤ ਡਾ. ਮਨਮੋਹਨ ਸਿੰਘ ਆਡੀਟੋਰੀਅਮ ਹਾਲ 'ਚ ‘ਮੈਂ ਪੰਜਾਬ ਬੋਲਦਾਂ ਹਾਂ’ ਮਹਾ-ਡਿਬੇਟ ਹੋਵੇਗੀ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਵੱਡੇ ਨੇਤਾਵਾਂ ਦੇ ਨਾਲ ਵਿਰੋਧੀ ਪਾਰਟੀਆਂ ਦੇ ਨੇਤਾ ਵੀ ਹਿੱਸਾ ਲੈਣਗੇ ਅਤੇ ਇਸ ਦੇ ਨਾਲ ਹੀ ਪਬਲਿਕ ਵੀ ਮੌਜੂਦ ਰਹੇਗੀ। ਇਸ ਲਈ ਸੁਰੱਖਿਆ ਪੱਖੋਂ ਪੁਲਸ ਨੇ ਲੱਕ ਬੰਨ੍ਹ ਲਿਆ ਹੈ, ਜਿੱਥੇ ਸੋਮਵਾਰ ਡੀ. ਜੀ. ਪੀ. ਅਰਪਿਤ ਸ਼ੁਕਲਾ ਸਮੇਤ ਕਈ ਅਧਿਕਾਰੀਆਂ ਨੇ ਸੁਰੱਖਿਆ ਚੈੱਕ ਕੀਤੀ, ਉੱਥੇ ਮੰਗਲਵਾਰ ਨੂੰ ਵੀ ਏ. ਡੀ. ਜੀ. ਪੀ. ਗੁਰਪ੍ਰੀਤ ਸਿੰਘ ਦਿਓ ਵੱਲੋਂ ਸੁਰੱਖਿਆ ਵਿਵਸਥਾ ਦੀ ਜਾਂਚ ਕੀਤੀ ਗਈ। ਇਸ ਦੌਰਾਨ ਲੁਧਿਆਣਾ ਦੇ ਡੀ. ਸੀ. ਸੁਰਭੀ ਮਲਿਕ, ਸੀ. ਪੀ. ਗੁਰਪ੍ਰੀਤ ਸਿੰਘ ਭੁੱਲਰ ਅਤੇ ਹੋਰ ਅਧਿਕਾਰੀ ਵੀ ਰਹੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ AAP ਵਿਧਾਇਕ ਦੇ ਘਰ ED ਦੀ ਛਾਪੇਮਾਰੀ, ਸਾਹਮਣੇ ਆਈਆਂ ਮੌਕੇ ਦੀਆਂ ਤਸਵੀਰਾਂ

ਪੀ. ਏ. ਯੂ. ਕੰਪਲੈਕਸ ਨੂੰ ਪੂਰੀ ਤਰ੍ਹਾਂ ਪੁਲਸ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ ਹੈ। ਲੁਧਿਆਣਾ ਪੁਲਸ ਤੋਂ ਇਲਾਵਾ ਜਗਰਾਓਂ, ਖੰਨਾ ਅਤੇ ਨਵਾਂਸ਼ਹਿਰ ਦੀ ਪੁਲਸ ਫੋਰਸ ਅਤੇ ਅਧਿਕਾਰੀ ਵੀ ਸੁਰੱਖਿਆ ’ਚ ਸ਼ਾਮਲ ਹੋਣਗੇ। ਜਿਸ ਆਡੀਟੋਰੀਅਮ ’ਚ ਮਹਾ-ਡਿਬੇਟ ਹੋ ਰਹੀ ਹੈ, ਉੱਥੇ ਜਾਇਜ਼ਾ ਲੈਣ ਲਈ ਪੁਲਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਖ਼ੁਫ਼ੀਆ ਵਿਭਾਗ ਦੇ ਅਧਿਕਾਰੀ ਵੀ ਪੁੱਜੇ। ਉਨ੍ਹਾਂ ਦੇ ਨਾਲ ਬੰਬ ਨਿਰੋਧਕ ਦਸਤੇ ਅਤੇ ਡਾਕ ਸਕੁਐਡ ਨੇ ਪੂਰੇ ਆਡੀਟੋਰੀਅਮ ਦੀ ਚੈਕਿੰਗ ਕੀਤੀ। 2000 ਤੋਂ ਵੱਧ ਪੁਲਸ ਮੁਲਾਜ਼ਮਾਂ ਦੇ ਪਹਿਰੇ ’ਚ ਪੀ. ਏ. ਯੂ. ਅਤੇ ਆਡੀਟੋਰੀਅਮ ਹਾਲ ਰਹੇਗਾ। ਇਸ ਦੇ ਨਾਲ ਹੀ ਸਾਦੀ ਵਰਦੀ 'ਚ ਵੀ ਪੁਲਸ ਮੁਲਾਜ਼ਮ ਆਮ ਲੋਕਾਂ 'ਚ ਰਹਿ ਕੇ ਹਰ ਸ਼ਰਾਰਤੀ ਤੱਤ ’ਤੇ ਨਜ਼ਰ ਰੱਖਣਗੇ। ਸੁਰੱਖਿਆ ਸਬੰਧੀ ਪੀ. ਏ. ਯੂ. ਦੇ ਅੰਦਰ ਹਰ ਜਗ੍ਹਾ ਬੈਰੀਕੇਡਿੰਗ ਕਰ ਦਿੱਤੀ ਗਈ ਹੈ। ਅੰਦਰ ਆਉਣ ਜਾਣ ਵਾਲਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਉਨ੍ਹਾਂ ਦਾ ਸਾਮਾਨ ਚੈੱਕ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : CM ਭਗਵੰਤ ਮਾਨ ਦੀ ਖੁੱਲ੍ਹੀ ਬਹਿਸ ਲਈ ਲੁਧਿਆਣਾ ਤਿਆਰ, ਪੁਲਸ ਛਾਉਣੀ 'ਚ ਬਦਲਿਆ PAU ਦਾ ਇਲਾਕਾ


ਦੁਚਿੱਤੀ ’ਚ ਰਹੀ ਪੁਲਸ
ਜਿਸ ਆਡੀਟੋਰੀਅਮ ਹਾਲ ’ਚ ਮਹਾ-ਡਿਬੇਟ ਬੁਲਾਈ ਗਈ ਹੈ, ਦੱਸਿਆ ਜਾ ਰਿਹਾ ਹੈ ਕਿ ਉੱਥੇ ਸਿਰਫ 1 ਹਜ਼ਾਰ ਲੋਕਾਂ ਦੇ ਬੈਠਣ ਦੀ ਵਿਵਸਥਾ ਹੈ ਪਰ ਮਹਾ-ਡਿਬੇਟ ’ਚ ਪੰਜਾਬ ਭਰ ਤੋਂ ਲੋਕਾਂ ਦੇ ਆਉਣ ਦੀ ਸੰਭਾਵਨਾ ਹੈ। ਅਜਿਹੇ 'ਚ ਪੁਲਸ ਵੀ ਦੁਚਿੱਤੀ 'ਚ ਪਈ ਹੋਈ ਹੈ। ਜੇਕਰ ਇਸ ਤੋਂ ਜ਼ਿਆਦਾ ਲੋਕ ਇਕੱਠੇ ਹੋ ਗਏ ਤਾਂ ਉਨ੍ਹਾਂ ਨੂੰ ਕਿਵੇਂ ਸੰਭਾਲਿਆ ਜਾਵੇਗਾ। ਹਾਲ ਦੇ ਅੰਦਰ ਆਉਣ ਵਾਲੇ ਲੋਕਾਂ ਨੂੰ ਅੰਦਰ ਕਿਵੇਂ ਅਤੇ ਕਿਸ ਗੇਟ ਰਾਹੀਂ ਭੇਜਣਾ ਹੈ। ਵੀ. ਆਈ. ਪੀ. ਕਿਸ ਗੇਟ ਰਾਹੀਂ ਅੰਦਰ ਜਾਣਗੇ। ਇਸ ਦੇ ਨਾਲ ਹੀ ਪਾਰਕਿੰਗ ਸਬੰਧੀ ਵੀ ਕਾਫੀ ਮੁਸ਼ਕਲ ਆਉਣ ਦੀ ਸੰਭਾਵਨਾ ਹੈ।


ਵਿਰੋਧ ਕਰਨ ਵਾਲਿਆਂ ’ਤੇ ਵੀ ਰਹੇਗੀ ਨਜ਼ਰ
ਪੁਲਸ ਨੂੰ ਸ਼ੱਕ ਹੈ ਕਿ ਇਸ ਦੌਰਾਨ ਕਈ ਵਿਰੋਧੀ ਦਲ ਦੇ ਲੋਕ ਵਿਰੋਧ ਕਰਨ ਲਈ ਵੀ ਪੁੱਜਣਗੇ। ਇਸ ਲਈ ਡਿਬੇਟ ’ਚ ਕਿਸੇ ਤਰ੍ਹਾਂ ਦਾ ਕੋਈ ਖਲਨ ਨਾ ਪਵੇ, ਪੁਲਸ ਵੱਲੋਂ ਇਸ ਦੇ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਜੇਕਰ ਪੁਲਸ ਨੂੰ ਕਿਸੇ ’ਤੇ ਵੀ ਅਜਿਹਾ ਸ਼ੱਕ ਹੋਇਆ ਤਾਂ ਉਨ੍ਹਾਂ ਨੂੰ ਆਡੀਟੋਰੀਅਮ ਦੇ ਨੇੜੇ ਨਹੀਂ ਜਾਣ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

Babita

This news is Content Editor Babita