ਪੰਜਾਬ ਦੀ ਸਿਆਸਤ 'ਚ ਨਵੀਆਂ ਪਾਰੀਆਂ ਖੇਡਣ ਲਈ 'ਬਾਪੂਆਂ' ਦੀ ਜਗ੍ਹਾ ਤਿਆਰ 'ਪੁੱਤਰ'

04/27/2021 11:45:39 AM

ਬਾਘਾ ਪੁਰਾਣਾ (ਚਟਾਨੀ): ਤਿੰਨ-ਚਾਰ ਦਹਾਕਿਆਂ ਤੋਂ ਸਿਆਸੀ ਮੈਦਾਨ ਵਿਚ ਸਰਗਰਮ ਚੱਲੇ ਆ ਰਹੇ ਹੰਢੇ ਹੋਏ ਸਿਆਸਤਦਾਨਾਂ ਨੂੰ ਹੁਣ ਉਨ੍ਹਾਂ ਦੇ ਪੁੱਤਰਾਂ ਨੇ ਆਰਾਮ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਹੁਣ ਉਨ੍ਹਾਂ (ਪੁੱਤਰਾਂ) ਨੂੰ ਸਿਆਸੀ ਪਾਰੀ ਖੇਡਣ ਦਾ ਮੌਕਾ ਦਿੱਤਾ ਜਾਵੇ। ਆਪਣੇ ਪੁਰਖਿਆਂ ਦੀ ਜਿੱਤ ਲਈ ਸਿਰਤੋੜ ਮਿਹਨਤ ਕਰਨ ਵਾਲੇ ਨੌਜਵਾਨਾਂ ਨੇ ਆਪਣਾ ਤਰਕ ਆਪਣੇ ਪਰਿਵਾਰ ਵਿਚ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਸੋਚ ਕੇ ਪਿਤਾ ਦੀ ਮਦਦ ਨਹੀਂ ਸੀ ਕੀਤੀ ਕਿ ਉਹ ਵੀ ਇਕ ਦਿਨ ਸੱਤਾ ਦਾ ਸੁੱਖ ਭੋਗਣਗੇ ਸਗੋਂ ਆਪਣੀ ਬਣਦੀ ਜ਼ਿੰਮੇਵਾਰੀ ਹੀ ਨਿਭਾਈ ਸੀ, ਪਰ ਅੱਜ ਜਦ ਡਿਜ਼ੀਟਲ ਜਮਾਨੇ ਨੇ ਆਪਣੀ ਤੋਰ ਤੇਜ਼ ਕਰ ਲਈ ਹੈ ਤਾਂ ਹੁਣ ਬਾਪੂ ਇਸ ਤੇਜ਼ ਰਫਤਾਰ ਅਤੇ ਕੰਪਿਊਟਰੀ ਯੁੱਗ ਦੇ ਹਾਣ ਦੇ ਨਹੀਂ ਰਹੇ।

ਇਹ ਵੀ ਪੜ੍ਹੋ: ਸੰਗਰੂਰ: ਸਿਆਸੀ ਨੇਤਾ ਦੇ ਖ਼ਾਸਮਖ਼ਾਸ ਦੇ ਪੁੱਤਰ ਦੇ ਵਿਆਹ 'ਚ ਸ਼ਰੇਆਮ ਹੋਈ ਕੋਰੋਨਾ ਨਿਯਮਾਂ ਦੀ ਉਲੰਘਣਾ

ਇਸ ਲਈ ਬਾਪੂਆਂ ਦੇ ਇਸ ਪਛੜੇਵੇਂ ਦੀ ਸਿਆਸੀ ਤੌਰ ਦਾ ਬਦਲ ਸਮੇਂ ਦੀ ਮੁੱਖ ਮੰਗ ਹੈ, ਜਿਸ ਦੀ ਪੂਰਤੀ ਲਈ ਉਨ੍ਹਾਂ ਦੇ ਪੁੱਤਰ ਅੱਗੇ ਆਉਣਾ ਚਾਹੁੰਦੇ ਹਨ। ਪੜ੍ਹੇ-ਲਿਖੇ, ਤੇਜ਼-ਤਰਾਰ ਅਤੇ ਨੌਜਵਾਨ ਵੋਟਰਾਂ ਦੀ ਰਮਜ਼ ਨੂੰ ਸਮਝਣ ਵਾਲੇ ਅਜਿਹੇ ਪੁੱਤਰਾਂ ਨੇ ਭਾਵੇਂ ਆਪਣੇ ਮਾਤਾ-ਪਿਤਾ ਮੂਹਰੇ ਆਪਣੇ ਲਈ ਸਿਆਸੀ ਸਥਾਨ ਦੀ ਮੰਗ ਵਾਰ-ਵਾਰ ਦੁਹਰਾਈ ਹੈ, ਪਰੰਤੂ ਸਤਾ ਦਾ ਆਨੰਦ ਮਾਣ ਰਹੇ ਬੁੱਢੇ ਬਾਪੂਆਂ ਦਾ ਸਿਆਸੀ ਖੇਤਰ ’ਚੋਂ ਲਾਂਭੇ ਹੋਣ ਲਈ ਚਿੱਤ ਮੰਨ ਹੀ ਨਹੀਂ ਰਿਹਾ। ਕਈ ਸਿਆਸੀ ਪਰਿਵਾਰਾਂ ਵਿਚ ਤਾਂ ਇਸ ਸਬੰਧੀ ਖੜਕਾ-ਦੜਕਾ ਚੱਲਦਾ ਵੀ ਸੁਣਿਆ ਗਿਆ ਹੈ। ਕੁਝ ਕੁ ਸਿਆਸਤਦਾਨ ਤਾਂ ਸਮੇਂ ਦੀ ਤੋਰ ਸਮਝਦਿਆਂ ਖੁਦ ਹੀ ਸਿਆਸੀ ਪਿੜ ’ਚੋਂ ਲਾਂਭੇ ਹੋ ਗਏ ਹਨ ਅਤੇ ਆਪਣੇ ਵਾਰਸਾਂ ਲਈ ਮੈਦਾਨ ਖਾਲੀ ਛੱਡ ਦਿੱਤਾ ਹੈ। ਮਾਲਵੇ ਦੀਆਂ ਕੁਝ ਕੁ ਸੀਟਾਂ ਉਪਰ ਤਾਂ ਪੁੱਤਰਾਂ ਨੇ ਬਾਪੂਆਂ ਦੀ ਥਾਂ ਉਪਰ ਜਿੱਤ ਦਾ ਝੰਡਾ ਲਹਿਰਾ ਕੇ ਆਪਣੀ ਥਾਂ ਪੱਕੀ ਕਰ ਵੀ ਲਈ ਹੈ।
ਕਈ ਹਲਕਿਆਂ ਵਿਚ ਆਪਣੇ ਪਿਤਾ ਦੀ ਜਿੱਤ ਲਈ ਦਿਨ ਰਾਤ ਇਕ ਕਰਨ ਵਾਲੇ ਨੌਜਵਾਨਾਂ ਨੇ ਲੋਕਾਂ ਨਾਲ ਇਥੋਂ ਤੱਕ ਰਾਬਤਾ ਡੂੰਘਾ ਕਰ ਲਿਆ ਹੈ ਕਿ ਹੁਣ ਹਲਕੇ ਦੇ ਵੋਟਰਾਂ ਵੱਲੋਂ ਹੀ ਨੌਜਵਾਨਾਂ ਨੂੰ 2022 ਦੀਆਂ ਚੋਣਾਂ ਲਈ ਉਮੀਦਵਾਰ ਵਜੋਂ ਸਿਆਸੀ ਪਿੜ ਵਿਚ ਉਤਰਨ ਲਈ ਥਾਪੀ ਦਿੱਤੀ ਜਾ ਰਹੀ ਹੈ। ਕਾਂਗਰਸ ਪਾਰਟੀ ਵਿਚ ਕਾਂਗਰਸ ਸੁਪਰੀਮੋ ਰਾਹੁਲ ਗਾਂਧੀ ਨੇ ਰਾਹੁਲ ਬ੍ਰਿਗੇਡ ਦੇ ਬੈਨਰ ਹੇਠ ਖੜੀ ਕੀਤੀ ਵਿਸ਼ੇਸ ਲਾਬੀ ਵਿਚੋਂ ਵੀ ਕਈ ਨੌਜਵਾਨਾਂ ਨੇ ਪਿਛਲੀ ਵਾਰੀ ਟਿਕਟਾਂ ਪ੍ਰਾਪਤ ਕਰ ਕੇ ਜਿੱਤ ਦੇ ਝੰਡੇ ਗੱਡ ਦਿੱਤੇ ਸਨ ਅਤੇ ਪਤਾ ਲੱਗਾ ਹੈ ਕਿ ਇਸ ਵਾਰ ਇਸ ਬ੍ਰਿਗੇਡ ਵਿਚੋਂ ਹੋਰ ਅਨੇਕਾਂ ਜਵਾਨਾਂ ਨੂੰ ਮੈਦਾਨ ਵਿਚ ਲਿਆਂਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਬਠਿੰਡਾ ’ਚ ਕੋਰੋਨਾ ਦਾ ਕਹਿਰ ਜਾਰੀ, 5 ਲੋਕਾਂ ਦੀ ਮੌਤ ਸਣੇ 596 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਤੀਜੀ ਵੱਡੀ ਪਾਰਟੀ ਜਿਸ ਨੂੰ ਹੁਣ ਦੂਜੀ ਪਾਰਟੀ ਦਾ ਦਰਜਾ ਮਿਲ ਚੁੱਕਾ ਹੈ ਭਾਵ ਆਮ ਆਦਮੀ ਪਾਰਟੀ ਦੇ ਬਹੁਤੇ ਉਮੀਦਵਾਰ ਨੌਜਵਾਨ ਹੀ ਹਨ, ਇਸ ਪਾਰਟੀ ਵਿਚ ਅਜੇ ਅਜਿਹਾ ਘਮਸਾਨ ਦੇਖਣ ਨੂੰ ਨਹੀਂ ਮਿਲ ਰਿਹਾ। ‘ਆਪ’ ਨੇ ਤਾਂ ਇਹ ਸਿਧਾਂਤ ਹੀ ਬਣਾਇਆ ਹੈ ਕਿ ਉਹ ਪਰਿਵਾਰ ਨੂੰ ਪਾਰਟੀ ਵਿਚ ਭੋਰਾ ਵੀ ਉਭਰਨ ਨਹੀਂ ਦੇਵੇਗੀ। ਕਾਂਗਰਸ ਅਤੇ ਅਕਾਲੀ ਦਲ ਵਿਚ ਇਸ ਵਾਰ ਵੱਡੇ ਪੱਧਰ ਉਪਰ ਇਹ ਚਰਚਾ ਭਾਰੂ ਹੋ ਰਹੀ ਹੈ ਕਿ ਪਾਰਟੀ ਵਰਕਰਾਂ ਵੱਲੋਂ ਵਾਰ-ਵਾਰ ਇਕੋ ਪਰਿਵਾਰ ਵਿਚ ਟਿਕਟਾਂ ਦੇਣ ਦਾ ਵਿਰੋਧ ਵਿਸਫੋਟਕ ਰੂਪ ਵਿਚ ਧਾਰਨ ਕਰ ਸਕਦਾ ਹੈ ਅਤੇ ਇਸ ਸਬੰਧੀ ਹੇਠਲੇ ਪੱਧਰ ਦੇ ਆਗੂਆਂ ਵੱਲੋਂ ਲਾਮਬੰਦੀ ਤੇਜ ਵੀ ਕਰ ਦਿੱਤੀ ਗਈ ਹੈ। ‘ਆਪ’ ਵੱਲੋਂ ਵੀ ਕਈ ਚਿਹਰੇ ਪਾਰਟੀ ਦੇ ਸਿਧਾਂਤਾ ਦੇ ਬਾਵਜੂਦ ਪੈਰ ਪਸਾਰ ਦੇ ਫਿਰ ਰਹੇ ਹਨ।

ਇਹ ਵੀ ਪੜ੍ਹੋ:  ਕੋਰੋਨਾ ਪਾਜ਼ੇਟਿਵ ਵਿਅਕਤੀ ਬਿਨਾਂ ਦੱਸੇ ਗਿਆ ਕੈਨੇਡਾ, ਮਚਿਆ ਬਵਾਲ

ਟਿਕਟਾਂ ਲਈ ਕਾਂਗਰਸੀ ਪਰਿਵਾਰਾਂ ’ਚ ਖੜਕਾ-ਦੜਕਾ
ਜਿਹੜੇ ਪਰਿਵਾਰ ਵਿਚ ਕਾਂਗਰਸ ਪਾਰਟੀ ਦੀਆਂ ਟਿਕਟਾਂ ਇਕੋ ਮੈਂਬਰ ਨੂੰ ਦਿੱਤੀਆਂ ਜਾ ਰਹੀਆਂ ਹਨ, ਉਨ੍ਹਾਂ ਪਰਿਵਾਰਾਂ ਵਿਚ ਪਿਤਾ-ਪੁੱਤਰ, ਪਤੀ-ਪਤਨੀ, ਨੂੰਹ-ਸੱਸ ਵਿਚ ਇਸ ਵਾਰ ਟਿਕਟ ਪ੍ਰਾਪਤੀ ਲਈ ਰੱਸਾ-ਕਸ਼ੀ ਹੁਣੇ ਤੋਂ ਹੀ ਚੱਲਣੀ ਸ਼ੁਰੂ ਹੋ ਗਈ ਹੈ ਕਿਉਂਕਿ ਪਰਿਵਾਰ ਦੇ ਸਾਰੇ ਮੈਂਬਰ ਹੀ ਪਾਰਟੀ ਲਈ ਲੰਮੇ ਅਰਸੇ ਤੋਂ ਕੰਮ ਕਰਦੇ ਆ ਰਹੇ ਹਨ ਅਤੇ ਇਹ ਪਾਰਟੀ ਹਾਈਕਮਾਂਡ ਮੂਹਰੇ ਟਿਕਟ ਲਈ ਝੋਲੀ ਅੱਡਣਗੇ। ਕਾਂਗਰਸ ਵਿਚ ਤਾਂ ਇਸ ਵਾਰ ਨੌਜਵਾਨ ਵਰਗ ਨੂੰ ਮੂਹਰੇ ਲਿਆਉਣ ਦੀ ਚਰਚਾ ਸਿੱਖਰਾਂ ’ਤੇ ਹੈ ਜੇਕਰ ਚਰਚਾ ਉਪਰ ਇੰਨ-ਬਿੰਨ ਅਮਲ ਹੋਇਆ ਤਾਂ 65 ਵਰ੍ਹਿਆਂ ਤੋਂ ਉਪਰਲੇ ਆਗੂਆਂ ਨੂੰ ਖੁੱਡੇ ਲਾਇਆ ਜਾਣਾ ਯਕੀਨੀ ਹੈ। ਮਾਲਵੇ ਅੰਦਰ ਕਈ ਹਲਕਿਆਂ ਦੇ ਮੌਜੂਦਾ ਵਿਧਾਇਕਾਂ ਅਤੇ ਟਿਕਟ ਦੀ ਆਸ ਰੱਖਣ ਵਾਲੇ ਦਾਅਵੇਦਾਰਾਂ ਦੀਆਂ ਆਸਾਂ ਉਪਰ ਇਹ ਨਵੀਂ ਨੀਤੀ ਪਾਣੀ ਫੇਰ ਸਕਦੀ ਹੈ।

ਇਹ ਵੀ ਪੜ੍ਹੋ: ਕੈਪਟਨ ਸਾਹਿਬ ਹੈਲੀਕਾਪਟਰ 'ਤੇ ਗੇੜਾ ਮਾਰ ਕੇ ਵੇਖੋ ਮੰਡੀਆਂ ਦੀ ਹਾਲਤ : ਰੋਜ਼ੀ ਬਰਕੰਦੀ

ਅਕਾਲੀ ਦਲ ਵੀ ਦੇਵੇਗਾ ਰਣਨੀਤੀ ਨੂੰ ਨਵਾਂ ਰੂਪ
ਸ਼੍ਰੋਮਣੀ ਅਕਾਲੀ ਦਲ ਵੀ ਸਮੇਂ ਦੀ ਬਦਲਦੀ ਤੋਰ ਅਨੁਸਾਰ ਤੁਰਨ ਲਈ ਮਨ ਬਣਾਈ ਬੈਠਾ ਹੈ। ਇਸ ਤੋਰ ਉਪਰ ਤੁਰਦਿਆਂ ਸੁਖਬੀਰ ਸਿੰਘ ਬਾਦਲ ਵੀ ਆਪਣੀ ਰਣਨੀਤੀ ਨੂੰ ਨਵਾਂ ਰੂਪ ਦੇਣ ਦੇ ਹਾਮੀ ਸੁਣੇ ਜਾ ਰਹੇ ਹਨ। 2022 ਦੀ ਵੱਡੀ ਲੜਾਈ ਨੂੰ ਮੁੱਖ ਰੱਖਦਿਆਂ ਉਹ ਅਜਿਹਾ ਜ਼ੋਖਮ ਉਠਾਉਣ ਦੇ ਰੌਂਅ ਵਿਚ ਨਹੀਂ ਹਨ, ਜਿਸ ਨਾਲ ਪਾਰਟੀ ਵਿਚ ਕੋਈ ਠੰਡੀ ਜੰਗ ਪੈਦਾ ਹੋਣ ਦੇ ਆਸਾਰ ਬਣਨ, ਪਰ ਉਹ ਇਸ ਵਾਰ ਕਿਸੇ ਵੱਡੇ ਕੱਦ ਦੇ ਨੇਤਾ ਨੂੰ ਵੀ ਨਾਰਾਜ਼ ਨਹੀਂ ਕਰਨਗੇ, ਜਿਸ ਨਾਲ ਪਾਰਟੀ ਵਿਚੋਂ ਉਸ (ਸੁਖਬੀਰ) ਮੂਹਰੇ ਹੋਰ ਚੁਣੌਤੀਆਂ ਖੜ੍ਹੀਆਂ ਹੋਣ।

ਇਹ ਵੀ ਪੜ੍ਹੋ:   ਪੁੱਤ ਦੇ ਸਵਾਲ ਨੂੰ ਚੁਣੌਤੀ ਮੰਨਦਿਆਂ ਪਿਓ ਨੇ ਬਣਾ ਦਿੱਤੀ ਲੱਕੜ ਦੀ ਕਾਰ

ਨਵੇਂ ਚਿਹਰੇ ਵੀ ਇਸ ਵਾਰ ਹੋਣਗੇ ਪੱਬਾਂ ਭਾਰ
2022 ਦੀਆਂ ਚੋਣਾਂ ਦੇ ਮੈਦਾਨ ਵਿਚ ਪੁਰਾਣੇ ਅਤੇ ਵਾਰ-ਵਾਰ ਟਿਕਟਾਂ ਲੈਣ ਵਾਲੇ ਆਗੂਆਂ ਖਿਲਾਫ ਇਸ ਵਾਰ ਟਕਸਾਲੀ ਆਗੂ ਵੀ ਥਾਪੀਆਂ ਮਾਰਦੇ ਦਿਸਣਗੇ। ਟਕਸਾਲੀਆਂ ਨੇ ਹੁਣੇ ਤੋਂ ਹੀ ਹਲਕਿਆਂ ਵਿਚ ਆਪਣੀ ਹੋਂਦ ਨੂੰ ਦਰਸਾਉਣ ਲਈ ਸੰਕੇਤ ਦੇਣੇ ਆਰੰਭ ਦਿੱਤੇ ਹਨ। ਅਜਿਹੇ ਆਗੂਆਂ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ਪਾਰਟੀ ਦੀਆਂ ਦਰੀਆਂ ਝਾੜਦੇ ਆ ਰਹੇ ਹਨ, ਪਰੰਤੂ ਟਿਕਟਾਂ ਅਤੇ ਹੋਰਨਾਂ ਸੰਵਿਧਾਨਕ ਅਹੁਦਿਆਂ ਵੇਲੇ ਪਿਛਲੇ ਦਰਵਾਜਿਓਂ ਨਵੇਂ ਆਗੂ ਟਕਸਾਲੀਆਂ ਦੇ ਹੱਕਾਂ ਉਪਰ ਡਾਕੇ ਮਾਰ ਜਾਂਦੇ ਹਨ। ਅਜਿਹੇ ਟਕਸਾਲੀ ਇਸ ਵਾਰ ‘ਟਿੰਡ ਵਿਚ ਕਾਨਾ’ ਪਾਉਣ ਲਈ ਤਤਪਰ ਬੈਠੇ ਹਨ।

Shyna

This news is Content Editor Shyna