ਸੜਕ ਹਾਦਸਿਆਂ ''ਚ ਪਤੀ-ਪਤਨੀ ਸਣੇ 3 ਜ਼ਖਮੀ

12/11/2017 4:59:37 AM

ਕਪੂਰਥਲਾ, (ਸ਼ਰਮਾ)- ਕਪੂਰਥਲਾ ਤੇ ਆਸ-ਪਾਸ ਦੇ ਇਲਾਕਿਆਂ 'ਚ ਹੋਏ 2 ਸੜਕ ਹਾਦਸਿਆਂ 'ਚ ਪਤੀ-ਪਤਨੀ ਸਣੇ 3 ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ 'ਚ ਇਲਾਜ ਅਧੀਨ ਪ੍ਰੇਮ ਕੁਮਾਰ ਵਾਸੀ ਬੂਟਾ ਮੰਡੀ, ਜਲੰਧਰ ਨੇ ਦੱਸਿਆ ਕਿ ਉਹ ਐਕਟਿਵਾ 'ਤੇ ਆਪਣੀ ਪਤਨੀ ਆਸ਼ਾ ਦੇ ਨਾਲ ਗੋਇੰਦਵਾਲ ਸਾਹਿਬ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾ ਰਿਹਾ ਸੀ।

ਜਦੋਂ ਉਹ ਪਿੰਡ ਪਰਵੇਜ ਨਗਰ ਦੇ ਕੋਲ ਪਹੁੰਚੇ ਤਾਂ ਅਚਾਨਕ ਸੜਕ 'ਚ ਟੋਇਆ ਆ ਗਿਆ ਤਾਂ ਉਨ੍ਹਾਂ ਦੀ ਐਕਟਿਵਾ ਬੇਕਾਬੂ ਹੋਕੇ ਦੁਰਘਟਨਾਗ੍ਰਸਤ ਹੋ ਗਈ ਤੇ ਉਹ ਦੋਵੇਂ ਜ਼ਖਮੀ ਹੋ ਗਏ। ਇਸੇ ਤਰ੍ਹਾਂ ਇਕ ਹੋਰ ਮਾਮਲੇ 'ਚ ਸਿਵਲ ਹਸਪਤਾਲ 'ਚ ਇਲਾਜ ਕਰਵਾ ਰਹੇ ਹਰਦੇਵ ਸਿੰਘ ਪੁੱਤਰ ਈਸ਼ਰ ਸਿੰਘ ਵਾਸੀ ਪਿੰਡ ਬਰਿੰਦਪੁਰ ਕਪੂਰਥਲਾ ਨੇ ਦੱਸਿਆ ਕਿ ਜਲੰਧਰ ਤੋਂ ਕੰਮ ਖਤਮ ਕਰਕੇ ਉਹ ਆਪਣੇ ਭਰਾ ਨਾਲ ਕਾਰ 'ਚ ਕਪੂਰਥਲਾ ਵਾਪਸ ਆ ਰਿਹਾ ਸੀ, ਜਦੋਂ ਉਹ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਕੋਲ ਪੁੱਜੇ ਤਾਂ ਪਿੱਛੇ ਤੋਂ ਆ ਰਹੇ ਇਕ ਤੇਜ਼ ਰਫਤਾਰ ਕਾਰ ਚਾਲਕ ਨੇ  ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਏ।