ਐਕਟਿਵਾ-ਮੋਟਰਸਾਈਕਲ ਟੱਕਰ ''ਚ 3 ਜ਼ਖਮੀ

07/14/2017 5:19:12 AM

ਕਪੂਰਥਲਾ, (ਮਲਹੋਤਰਾ)- ਕਪੂਰਥਲਾ-ਕਰਤਾਰਪੁਰ ਮਾਰਗ 'ਤੇ ਸੈਨਾ ਕੰਟੀਨ ਦੇ ਨਜ਼ਦੀਕ ਐਕਟਿਵਾ-ਮੋਟਰਸਾਈਕਲ ਦੀ ਹੋਈ ਟੱਕਰ 'ਚ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ 'ਚ ਭਰਤੀ ਕਰਵਾਇਆ ਗਿਆ।  ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਕਪੂਰਥਲਾ 'ਚ ਇਲਾਜ ਅਧੀਨ ਰਣਜੀਤ ਪੁੱਤਰ ਬਚਨ ਲਾਲ ਨਿਵਾਸੀ ਪਿੰਡ ਮੁਸ਼ਕਵੇਦ ਕਪੂਰਥਲਾ ਨੇ ਦੱਸਿਆ ਕਿ ਉਹ ਐਕਟਿਵਾ ਵਲੋਂ ਪਿੰਡ ਵਡਾਲਾ ਵੱਲ ਜਾ ਰਿਹਾ ਸੀ ਕਿ ਜਦੋਂ ਉਹ ਆਰਮੀ ਕੰਨਟੀਨ ਦੇ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਆਏ ਮੋਟਰਸਾਈਕਲ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਏ। ਇਸੇ ਮਾਮਲੇ 'ਚ ਇਲਾਜ ਕਰਵਾ ਰਹੇ ਹਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਨਿਵਾਸੀ ਪਿੰਡ ਡੈਣਵਿੰਡ ਨੇ ਦੱਸਿਆ ਕਿ ਉਹ ਆਪਣੇ ਸਾਥੀ ਅਮਰਜੀਤ ਸਿੰਘ ਪੁੱਤਰ ਨੰਦ ਸਿੰਘ ਦੇ ਨਾਲ ਮੋਟਰਸਾਈਕਲ ਦੁਆਰਾ ਕਪੂਰਥਲ ਤੋਂ ਆਪਣਾ ਕੰਮਕਾਜ ਖਤਮ ਕਰਕੇ ਵਾਪਸ ਪਿੰਡ ਆ ਰਿਹਾ ਸੀ ਕਿ ਆਰਮੀ ਕੰਟੀਨ ਦੇ ਸਾਹਮਣੇ ਤੋਂ ਆਏ ਤੇਜ਼ ਰਫਤਾਰ ਐਕਟਿਵਾ ਸਵਾਰ ਨੇ ਉਸਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਦੋਵੇਂ ਜ਼ਖਮੀ ਹੋ ਗਏ।