ਗੁਰਪੁਰਬ ''ਤੇ ਲੁੱਟ-ਖੋਹ ਕਰਨ ਵਾਲੇ ਤਿੰਨ ਗ੍ਰਿਫਤਾਰ

11/06/2017 6:29:45 AM

ਸੁਲਤਾਨਪੁਰ ਲੋਧੀ, (ਧੀਰ)- ਗੁਰਪੁਰਬ ਮੌਕੇ ਇਲਾਕੇ 'ਚ ਪੂਰੀ ਤਰ੍ਹਾਂ ਅਮਨ ਤੇ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਚੁਣੌਤੀਪੂਰਨ ਕਾਰਜ ਨੂੰ ਠੀਕ-ਠਾਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਜਿਥੇ ਪ੍ਰਸ਼ਾਸਨ ਨੇ ਆਪਣਾ ਅਹਿਮ ਰੋਲ ਨਿਭਾਇਆ, ਉਥੇ ਪੁਲਸ-ਪ੍ਰਸ਼ਾਸਨ ਨੇ ਵੀ ਡੀ. ਐੱਸ. ਪੀ. ਵਰਿਆਮ ਸਿੰਘ ਖਹਿਰਾ ਦੀ ਅਗਵਾਈ ਹੇਠ ਦਿੱਤੇ ਸਖਤ ਨਿਰਦੇਸ਼ਾਂ ਹੇਠ ਨਗਰ ਕੀਰਤਨ ਦੌਰਾਨ ਲੁੱਟ-ਖੋਹ ਤੇ ਜੇਬ ਕਤਰਿਆਂ ਨੂੰ ਫੜ ਕੇ ਆਪਣਾ ਰੋਲ ਬਾਖੂਬੀ ਨਿਭਾਇਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਨਗਰ ਕੀਰਤਨ ਦੌਰਾਨ ਵੱਡੀ ਗਿਣਤੀ 'ਚ ਲੁੱਟ-ਖੋਹ ਤੇ ਜੇਬ ਕੱਟਣ ਦੀਆਂ ਵਾਰਦਾਤਾਂ ਹੁੰਦੀਆਂ ਸਨ, ਜਿਨ੍ਹਾਂ ਨੂੰ ਰੋਕਣ ਲਈ ਪੁਲਸ ਨੇ ਪੂਰੀ ਤਰ੍ਹਾਂ ਯੋਜਨਾਬੰਦੀ ਬਣਾ ਕੇ ਆਪਣੇ ਪੁਲਸ ਮੁਲਾਜ਼ਮ ਨਗਰ ਕੀਰਤਨ ਦੌਰਾਨ ਤੇ ਮੇਲੇ 'ਚ ਛੱਡੇ ਹੋਏ ਸਨ। ਉਨ੍ਹਾਂ ਦੱਸਿਆ ਕਿ 3 ਨਵੰਬਰ ਨੂੰ ਗੁਰਪੁਰਬ ਮੌਕੇ ਜਦੋਂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਆ ਰਹੀਆਂ ਸਨ ਤਾਂ ਇਕ ਚਿੱਟੇ ਰੰਗ ਦੀ ਬਿਨਾਂ ਨੰਬਰ ਤੋਂ ਸਕੂਟਰੀ 'ਤੇ ਬੈਠੇ 3 ਨੌਜਵਾਨਾਂ ਨੇ ਪਿੰਡ ਮਾਛੀਜੋਆ ਦੇ ਪੁਲ ਨਜ਼ਦੀਕ ਜਲੰਧਰ ਤੋਂ ਇਕ ਔਰਤ ਜਸਬੀਰ ਕੌਰ ਪਤਨੀ ਕੁਲਬੀਰ ਸਿੰਘ ਵਾਸੀ ਬਸਤੀ ਸਟੇਸ਼ਨ ਗਿੱਦੜਪਿੰਡੀ ਦਾ ਤੇਜ਼ਧਾਰ ਹਥਿਆਰ ਦਾਤਰ ਦੀ ਨੋਕ 'ਤੇ ਪਰਸ ਖੋਹ ਕੇ ਦੌੜ ਗਏ, ਜਿਸ ਦਾ ਪਤਾ ਲੱਗਣ 'ਤੇ ਪੁਲਸ ਟੀਮ ਨੇ ਏ. ਐੱਸ. ਆਈ. ਅਮਰਜੀਤ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਲੁਟੇਰਿਆਂ ਦਾ ਪਿੱਛਾ ਕੀਤਾ ਤੇ ਉਨ੍ਹਾਂ ਤਿੰਨਾਂ ਸਕੂਟਰੀ ਨੌਜਵਾਨਾਂ ਨੂੰ ਪਰਸ ਸਮੇਤ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੀ ਪਛਾਣ ਜਸਵਿੰਦਰ ਉਰਫ ਲਾਡੀ, ਹਰਦੀਪ ਉਰਫ ਰਵੀ, ਗੌਰਵ ਉਰਫ ਬਿੱਲਾ ਵਾਸੀ ਤਿੰਨੇ ਪਿੰਡ ਬੂਸੋਵਾਲ ਵਜੋਂ ਹੋਈ ਹੈ, ਜਿਨ੍ਹਾਂ ਦੇ ਖਿਲਾਫ ਪੁਲਸ ਨੇ ਕੇਸ ਦਰਜ ਕਰ ਲਿਆ ਤੇ ਹੋਰ ਪੁੱਛਗਿੱਛ ਜਾਰੀ ਹੈ। 
ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੁਲਸ ਨੇ ਵੱਡੀ ਗਿਣਤੀ 'ਚ ਹੋਰ ਜੇਬ ਕਤਰਿਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਸ ਮੌਕੇ ਐੱਚ. ਸੀ. ਰਜਿੰਦਰ ਕੁਮਾਰ, ਕੁਲਵੰਤ ਸਿੰਘ, ਬਲਕਾਰ ਸਿੰਘ ਮੁਖ ਮੁਣਸ਼ੀ, ਐੱਚ. ਸੀ. ਅਮਰਜੀਤ ਸਿੰਘ ਰੀਡਰ, ਪੀ. ਜੀ. ਲਹਿੰਬਰ ਦਾਸ ਆਦਿ ਹਾਜ਼ਰ ਸਨ।