ਲੁਧਿਆਣਾ ਜੇਲ੍ਹ ''ਚ ਸਿਮਰਜੀਤ ਬੈਂਸ ਨੂੰ ਖ਼ਤਰਾ, ਸੁਰੱਖਿਆ ਕਾਰਨਾਂ ਕਰਕੇ ਭੇਜਿਆ ਗਿਆ ਬਰਨਾਲਾ

07/20/2022 8:47:36 PM

ਲੁਧਿਆਣਾ : ਲੁਧਿਆਣਾ ਸ਼ਹਿਰ ਦੀ ਕੇਂਦਰੀ ਜੇਲ੍ਹ ਅਸੁਰੱਖਿਅਤ ਸਾਬਤ ਹੋ ਚੁੱਕੀ ਹੈ। ਇਸੇ ਕਾਰਨ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਲੁਧਿਆਣਾ ਜੇਲ੍ਹ ਭੇਜਣ ਦੀ ਬਜਾਏ ਬਰਨਾਲਾ ਜੇਲ੍ਹ ਭੇਜ ਦਿੱਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਬੈਂਸ ਨੂੰ ਲੁਧਿਆਣਾ ਜੇਲ੍ਹ 'ਚ ਖ਼ਤਰਾ ਸੀ, ਜਿਸ ਕਾਰਨ ਪ੍ਰਸ਼ਾਸਨ ਨੇ ਉਨ੍ਹਾਂ ਨੂੰ 14 ਦਿਨਾਂ ਲਈ ਬਰਨਾਲਾ ਜੇਲ੍ਹ ਵਿੱਚ ਨਿਆਇਕ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਦੱਸ ਦੇਈਏ ਕਿ ਸਾਬਕਾ ਵਿਧਾਇਕ ਸਿਮਰਜੀਤ ਬੈਂਸ 'ਤੇ ਇਕ ਔਰਤ ਨੇ ਜਬਰ-ਜ਼ਿਨਾਹ ਦੇ ਗੰਭੀਰ ਦੋਸ਼ ਲਾਏ ਹਨ।

ਇਹ ਵੀ ਪੜ੍ਹੋ : ਬਿਸ਼ਨੋਈ ਗਰੁੱਪ ਦੇ ਸ਼ੂਟਰ ਮਨਪ੍ਰੀਤ ਮਨੂੰ ਦੇ ਇਨਕਾਊਂਟਰ 'ਚ ਮਾਰੇ ਜਾਣ 'ਤੇ ਕੁੱਸਾ ਪਿੰਡ ਆਇਆ ਫਿਰ ਚਰਚਾ 'ਚ

ਜੇਲ੍ਹ 'ਚ ਸੁਰੱਖਿਆ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਜੇਲ੍ਹ 'ਚ ਕੁਝ ਲੋਕਾਂ ਨੇ ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀ ਸਤਬੀਰ ਦੀ ਕੁੱਟਮਾਰ ਕੀਤੀ ਸੀ, ਜਿਸ ਤੋਂ ਬਾਅਦ ਪੁਲਸ ਵੱਲੋਂ ਮੂਸੇਵਾਲਾ ਕਤਲ ਕਾਂਡ ਦੇ ਸਾਰੇ ਦੋਸ਼ੀਆਂ ਨੂੰ ਗੋਇੰਦਵਾਲ ਜੇਲ੍ਹ 'ਚ ਭੇਜ ਦਿੱਤਾ ਗਿਆ ਸੀ। ਪਿਛਲੇ 2 ਦਿਨਾਂ ਤੋਂ ਲੁਧਿਆਣਾ ਜੇਲ੍ਹ 'ਚ ਬੰਦ ਹਵਾਲਾਤੀਆਂ ਵਿਚਕਾਰ ਲਗਾਤਾਰ ਲੜਾਈ ਚੱਲ ਰਹੀ ਹੈ। ਬੀਤੀ ਦੇਰ ਰਾਤ ਵੀ 2 ਲੁਟੇਰਿਆਂ ਨੇ ਇਕ ਦੂਜੇ 'ਤੇ ਤੇਜ਼ਧਾਰ ਚੀਜ਼ ਨਾਲ ਹਮਲਾ ਕਰ ਦਿੱਤਾ। ਲੁਧਿਆਣਾ ਜੇਲ੍ਹ ਦੀ ਇਕ ਬੈਰਕ ਵਿੱਚ 170 ਹਵਾਲਾਤੀ ਹਨ, ਜਿਨ੍ਹਾਂ ਨੂੰ ਸੰਭਾਲਣਾ ਜੇਲ੍ਹ ਪ੍ਰਸ਼ਾਸਨ ਲਈ ਚੁਣੌਤੀ ਬਣ ਗਿਆ ਹੈ। ਇਸ ਦੇ ਨਾਲ ਹੀ ਜੇਲ੍ਹ ਪ੍ਰਸ਼ਾਸਨ ਕੋਲ ਵੀ 4000 ਬੰਦਿਆਂ ਨੂੰ ਸੰਭਾਲਣ ਲਈ ਸਿਰਫ਼ 90 ਤੋਂ 110 ਮੁਲਾਜ਼ਮ ਹਨ। ਜੇਲ੍ਹ ਵਿੱਚ ਸਟਾਫ਼ ਦੀ ਵੀ ਘਾਟ ਹੈ।

ਇਹ ਵੀ ਪੜ੍ਹੋ : ਜੀਂਦ ਤੋਂ ਫਿਰੋਜ਼ਪੁਰ ਲਾਈਨ 'ਤੇ ਨਵੀਂ ਪੈਸੰਜਰ ਰੇਲ ਗੱਡੀ ਅਗਸਤ ਦੇ ਪਹਿਲੇ ਹਫਤੇ ਸ਼ੁਰੂ, ਸਮਾਂ ਸਾਰਣੀ ਜਾਰੀ

ਜ਼ਿਕਰਯੋਗ ਹੈ ਕਿ ਜੁਡੀਸ਼ੀਅਲ ਮੈਜਿਸਟ੍ਰੇਟ ਹਰਸਿਮਰਨਜੀਤ ਕੌਰ ਦੀ ਅਦਾਲਤ ਨੇ ਜਬਰ-ਜ਼ਿਨਾਹ ਮਾਮਲੇ ਦੀ ਸੁਣਵਾਈ ਵਿੱਚ ਹਾਜ਼ਰ ਨਾ ਹੋਣ ਕਾਰਨ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ 6 ਹੋਰ ਵਿਅਕਤੀਆਂ ਨੂੰ ਭਗੌੜਾ ਕਰਾਰ ਦਿੱਤਾ ਸੀ। ਇਸ ਦੇ ਨਾਲ ਹੀ ਥਾਣਾ ਡਵੀਜ਼ਨ ਨੰਬਰ 6 ਦੀ ਪੁਲਸ ਨੇ ਅਦਾਲਤ ਵਿੱਚ ਪੇਸ਼ ਨਾ ਹੋਣ ’ਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। 11 ਜੁਲਾਈ ਨੂੰ ਬੈਂਸ ਨੇ ਆਪਣੇ 4 ਸਾਥੀਆਂ ਸਮੇਤ ਅਦਾਲਤ ਵਿੱਚ ਆਤਮ-ਸਮਰਪਣ ਕਰ ਦਿੱਤਾ ਸੀ। ਇਸ ਦੇ ਨਾਲ ਹੀ 2 ਮੁਲਜ਼ਮ ਪਹਿਲਾਂ ਹੀ ਪੁਲਸ ਨੇ ਫੜ ਲਏ ਸਨ।

2021 'ਚ ਹੋਇਆ ਸੀ ਕੇਸ ਦਰਜ

ਧਿਆਨਯੋਗ ਹੈ ਕਿ 10 ਜੁਲਾਈ 2021 ਨੂੰ ਥਾਣਾ ਡਵੀਜ਼ਨ ਨੰ. 6 'ਚ ਬੈਂਸ ਤੇ ਉਸ ਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਹੋਇਆ ਸੀ। ਪੀੜਤ ਔਰਤ ਨੇ ਸਾਬਕਾ ਵਿਧਾਇਕ ਬੈਂਸ 'ਤੇ ਉਸ ਨਾਲ ਜਬਰ-ਜ਼ਿਨਾਹ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਬੈਂਸ ਵਿਰੁੱਧ ਧਾਰਾ 376, 354, 354-ਏ, 506 ਅਤੇ 120-ਬੀ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : MSP ਲਈ ਕਾਇਮ ਕੀਤੀ ਕਮੇਟੀ 'ਚੋਂ ਪੰਜਾਬ ਨੂੰ ਬਾਹਰ ਰੱਖਣ 'ਤੇ CM ਵੱਲੋਂ NDA ਸਰਕਾਰ ਦੀ ਆਲੋਚਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh