ਪੰਜਾਬ ਭਰ ਤੋਂ ਪਹੁੰਚੀਆਂ ਹਜ਼ਾਰਾਂ ਆਸ਼ਾ ਵਰਕਰਾਂ ਨੇ ਘੇਰੀ CM ਚੰਨੀ ਦੀ ਕੋਠੀ, ਹਾਈਵੇਅ ਕੀਤਾ ਜਾਮ (ਤਸਵੀਰਾਂ)

10/14/2021 7:15:38 PM

ਮੋਰਿੰਡਾ (ਸੱਜਣ ਸੈਣੀ)-ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ’ਚ ਇਕੱਠੀਆਂ ਹੋਈਆਂ ਆਸ਼ਾ ਵਰਕਰਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਸਥਿਤ ਕੋਠੀ ਅੱਗੇ ਧਰਨਾ ਦਿੰਦੇ ਹੋਏ ਰੋਡ ਜਾਮ ਕਰ ਦਿੱਤਾ। ਇਸ ਮੌਕੇ ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ’ਤੇ ਵਾਅਦਾ-ਖ਼ਿਲਾਫ਼ੀ ਦੇ ਦੋਸ਼ ਲਗਾਉਂਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਨੇ CM ਚੰਨੀ ਦੀ ਨੂੰਹ ਤੇ ਪੁੱਤ ਨੂੰ ਦਿੱਤਾ ਆਸ਼ੀਰਵਾਦ

ਇਸ ਦੌਰਾਨ ਆਸ਼ਾ ਵਰਕਰਾਂ ਨੇ ਕਿਹਾ ਕਿ ਭਾਵੇਂ ਕਾਂਗਰਸ ਸਰਕਾਰ ਵੱਲੋਂ ਪੰਜਾਬ ਦਾ ਮੁੱਖ ਮੰਤਰੀ ਬਦਲ ਦਿੱਤਾ ਗਿਆ ਪਰ ਹਾਲਾਤ ਅੱਜ ਵੀ ਪੰਜਾਬ ਦੇ ਪਹਿਲਾਂ ਵਾਲੇ ਬਣੇ ਹੋਏ ਹਨ। ਪੰਜਾਬ ’ਚ ਸਿਰਫ਼ ਮੁੱਖ ਮੰਤਰੀ ਦਾ ਚਿਹਰਾ ਹੀ ਬਦਲਿਆ ਹੈ ਪਰ ਧਰਨੇ-ਮੁਜ਼ਾਹਰੇ ਪਹਿਲਾਂ ਵਾਂਗ ਹਾਲੇ ਵੀ ਪੰਜਾਬ ’ਚ ਬਾਦਸਤੂਰ ਜਾਰੀ ਹਨ। ਸਰਕਾਰ ਵੱਲੋਂ ਵੱਖ-ਵੱਖ ਯੂਨੀਅਨਾਂ ਦੀਆਂ ਮੰਗਾਂ ਨਾ ਮੰਨਣ ਦੇ ਵਿਰੋਧ ’ਚ ਆਸ਼ਾ ਵਰਕਰਾਂ ਨੇ ਅੱਜ ਬਠਿੰਡਾ ਸਥਿਤ ਮੁੱਖ ਮੰਤਰੀ ਦੀ ਕੋਠੀ ਨਜ਼ਦੀਕ ਧਰਨਾ ਦਿੰਦਿਆਂ ਮੋਰਿੰਡਾ-ਲੁਧਿਆਣਾ ਹਾਈਵੇਅ ਜਾਮ ਕਰ ਦਿੱਤਾ, ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਨੇ CM ਚੰਨੀ ਦੀ ਨੂੰਹ ਤੇ ਪੁੱਤ ਨੂੰ ਦਿੱਤਾ ਆਸ਼ੀਰਵਾਦ

ਪੁਲਸ ਪ੍ਰਸ਼ਾਸਨ ਵੱਲੋਂ ਕਾਫੀ ਸਮਾਂ ਆਸ਼ਾ ਵਰਕਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਆਸ਼ਾ ਵਰਕਰਾਂ ਇਸ ਗੱਲ ’ਤੇ ਅੜੀਆਂ ਰਹੀਆਂ ਕਿ ਪਹਿਲਾਂ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇ । ਤਕਰੀਬਨ ਡੇਢ-ਦੋ ਘੰਟੇ ਦੇ ਜਾਮ ਤੋਂ ਬਾਅਦ ਆਖ਼ਿਰ ਮੋਰਿੰਡਾ ਦੇ ਐੱਸ. ਡੀ. ਐੱਮ. ਰਵਿੰਦਰ ਸਿੰਘ ਨੇ ਆਸ਼ਾ ਵਰਕਰਾਂ ਕੋਲ ਆ ਕੇ ਲਿਖਤੀ ਤੌਰ ’ਤੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਮੀਟਿੰਗ 18 ਅਕਤੂਬਰ ਨੂੰ  ਸਿਹਤ ਵਿਭਾਗ ਦੇ ਸਕੱਤਰ ਨਾਲ ਤੈਅ ਕਰਵਾ ਦਿੱਤੀ ਗਈ ਹੈ। ਇਸ ਤੋਂ ਬਾਅਦ ਆਸ਼ਾ ਵਰਕਰਾਂ ਨੇ ਸਹਿਮਤੀ ਦਿੰਦਿਆਂ ਧਰਨਾ ਚੁੱਕ ਲਿਆ।

ਜ਼ਿਕਰਯੋਗ ਹੈ ਕਿ ਪੰਜਾਬ ਦੀ ਕਾਂਗਰਸ ਪਾਰਟੀ ਵੱਲੋਂ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨਾਲ ਵਾਅਦਾ ਕੀਤਾ ਗਿਆ ਸੀ ਕਿ 2017 ’ਚ ਜੇ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਮੁਲਾਜ਼ਮਾਂ ਦੇ ਮਸਲੇ ਹੱਲ ਕੀਤੇ ਜਾਣਗੇ ਪਰ 2017 ’ਚ ਕਾਂਗਰਸ ਦੀ ਸਰਕਾਰ ਬਣਨ ਦੇ ਸਾਢੇ ਚਾਰ ਸਾਲ ਬਾਅਦ ਵੀ ਕਾਂਗਰਸ ਦੀ ਸਰਕਾਰ ਵੱਲੋਂ ਇਹ ਵਾਅਦੇ ਪੂਰੇ ਨਾ ਕਰਨ ਕਰਕੇ ਅੱਜ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਪੰਜਾਬ ਦੀ ਕਾਂਗਰਸ ਸਰਕਾਰ ਲਈ ਗਲੇ ਦੀ ਹੱਡੀ ਬਣੀਆਂ ਹੋਈਆਂ ਹਨ।


Manoj

This news is Content Editor Manoj