2 ਘਰਾਂ ''ਚੋਂ ਹਜ਼ਾਰਾਂ ਦਾ ਸਾਮਾਨ ਚੋਰੀ

08/19/2017 1:59:56 AM

ਫਿਰੋਜ਼ਪੁਰ, (ਕੁਮਾਰ)— ਪਿੰਡ ਪੀਰ ਅਹਿਮਦ ਖਾਂ ਦੇ ਏਰੀਆ ਵਿਚ ਬੀਤੀ ਅੱਧੀ ਰਾਤ ਨੂੰ ਅਣਪਛਾਤੇ ਚੋਰ ਇਕ ਘਰ ਵਿਚ ਦਾਖਲ ਹੋ ਕੇ ਤਾਲੇ ਤੋੜ ਕੇ ਘਰੋਂ 30 ਹਜ਼ਾਰ ਰੁਪਏ ਦੀ ਨਗਦੀ ਅਤੇ ਮੋਬਾਇਲ ਫੋਨ ਚੋਰੀ ਕਰਕੇ ਲੈ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਫਿਰੋਜ਼ਪੁਰ ਦੇ ਏ. ਐੱਸ. ਆਈ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁੱਦਈ ਸਾਧੂ ਸਿੰਘ ਪੁੱਤਰ ਦਲੀਪ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਾਇਆ ਹੈ ਕਿ ਅਣਪਛਾਤੇ ਚੋਰ ਉਸਦੇ ਘਰ ਵਿਚ ਦਾਖਲ ਹੋ ਕੇ ਮੋਬਾਇਲ ਫੋਨ ਅਤੇ  ਉਕਤ ਰੁਪਏ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਮੰਡੀ ਘੁਬਾਇਆ, (ਕੁਲਵੰਤ)—ਸਥਾਨਕ ਮੰਡੀ ਲਾਗਲੇ ਪਿੰਡਾਂ 'ਚ ਚੋਰੀਆਂ ਦਾ ਗ੍ਰਾਫ਼ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ, ਜਿਸ ਕਾਰਨ ਲੋਕਾਂ 'ਚ ਡਰ ਪੈਦਾ ਹੋ ਗਿਆ ਹੈ। ਇਸੇ ਤਰ੍ਹਾਂ ਹੀ ਪਿੰਡ ਮੋਹਰ ਸਿੰਘ ਵਾਲਾ 'ਚ ਬੀਤੀ ਸ਼ਾਮ ਚੋਰਾਂ ਵੱਲੋਂ ਤਿੰਨ ਤੋਲੇ ਸੋਨਾ ਤੇ ਨਕਦੀ ਚੋਰੀ ਕਰ ਲਈ।
ਜਾਣਕਾਰੀ ਦਿੰਦੇ ਹੋਏ ਪਿੰਡ ਮੋਹਰ ਸਿੰਘ ਵਾਲਾ (ਧਰਮੂਵਾਲਾ) ਵਾਸੀ ਸ਼ਗਨ ਸਿੰਘ ਪੁੱਤਰ ਨੰਬਰਦਾਰ ਮਾਛੀ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਘਰ ਦੇ ਵਿਹੜੇ 'ਚ ਸੁੱਤੇ ਹੋਏ ਸਨ ਤਾਂ ਚੋਰ ਹਵੇਲੀ ਦੀ ਕੰਧ ਟੱਪ ਕੇ ਕਮਰਿਆਂ ਅੰਦਰ ਪਈਆਂ ਪੇਟੀਆਂ ਤੇ ਅਲਮਾਰੀਆਂ 'ਚੋਂ ਸੋਨੇ ਦੀਆਂ ਦੋ ਮੁੰਦਰੀਆਂ, ਦੋ ਚੇਨੀਆਂ ਤੇ 40 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰੀ ਸਬੰਧੀ ਉਨ੍ਹਾਂ ਨੂੰ ਸਵੇਰੇ ਉਠਣ ਸਾਰ ਹੀ ਪਤਾ ਲੱਗਿਆ।ਇਸ ਮੌਕੇ ਮੌਜੂਦ ਸਾਬਕਾ ਸਰਪੰਚ ਬਲਕਾਰ ਸਿੰਘ, ਨੰਬਰਦਾਰ ਸੁਰਜੀਤ ਸਿੰਘ, ਮਲਕੀਤ ਸਿੰਘ, ਰਣਜੀਤ ਸਿੰਘ, ਪਰਮਜੀਤ ਸਿੰਘ, ਹਰਮੇਸ਼ ਸਿੰਘ, ਸਰਬਜੀਤ ਸਿੰਘ ਆਦਿ ਨੇ ਦੱਸਿਆ ਕਿ ਇਸੇ ਤਰ੍ਹਾਂ ਨਜ਼ਦੀਕੀ ਪਿੰਡ ਸੁਖੇਰਾ ਬੋਦਲਾ 'ਚ ਵੀ ਕਰਿਆਨਾ ਸਟੋਰ 'ਤੇ ਚੋਰੀ ਕੀਤੀ ਗਈ ਸੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜਲਦ ਤੋਂ ਜਲਦ ਨਸ਼ਿਆਂ ਤੇ ਚੋਰਾਂ 'ਤੇ ਕਾਬੂ ਪਾਵੇ, ਤਾਂ ਜੋ ਲੋਕ ਸ਼ਾਂਤੀ ਨਾਲ ਸੌਂ ਸਕਣ।