ਪੰਜਾਬ ਦੇ ਲੋਕਾਂ ਨੂੰ ਮਿਲੇਗਾ ਤੋਹਫਾ, ਇੱਥੋਂ ਵੀ ਲੈ ਸਕੋਗੇ ਵਿਦੇਸ਼ ਲਈ ਫਲਾਈਟ

09/03/2018 4:04:43 PM

ਲੁਧਿਆਣਾ— ਹਵਾਈ ਸਫਰ ਕਰਨ ਵਾਲੇ ਪੰਜਾਬ ਦੇ ਲੋਕਾਂ ਨੂੰ ਜਲਦ ਇਕ ਹੋਰ ਤੋਹਫਾ ਮਿਲ ਸਕਦਾ ਹੈ। ਕੇਂਦਰ ਸਰਕਾਰ ਦੀ ਉਡਾਣ ਸਕੀਮ ਤਹਿਤ ਸਾਹਨੇਵਾਲ 'ਚ ਬਣਾਇਆ ਗਿਆ ਹਵਾਈ ਅੱਡਾ ਜਲਦ ਹੀ ਹਲਵਾਰਾ 'ਚ ਸ਼ਿਫਟ ਕੀਤਾ ਜਾ ਸਕਦਾ ਹੈ, ਜਿੱਥੋਂ ਵਿਦੇਸ਼ ਲਈ ਵੀ ਫਲਾਈਟ ਸ਼ੁਰੂ ਹੋ ਸਕੇਗੀ। ਸਾਹਨੇਵਾਲ ਦਾ ਹਵਾਈ ਅੱਡਾ ਛੋਟਾ ਹੋਣ ਕਾਰਨ ਸਹੂਲਤਾਂ ਦੀ ਕਾਫੀ ਕਮੀ ਹੈ। ਹਲਵਾਰਾ 'ਚ ਸ਼ਿਫਟ ਹੋਣ 'ਤੇ ਘਰੇਲੂ ਫਲਾਈਟਸ ਦੀ ਗਿਣਤੀ ਵੀ ਵਧੇਗੀ।

ਸਾਹਨੇਵਾਲ ਹਵਾਈ ਅੱਡਾ ਛੋਟਾ ਹੋਣ ਕਾਰਨ ਇੱਥੋਂ ਦਿੱਲੀ ਲਈ ਸਿਰਫ ਏਅਰ ਅਲਾਇੰਸ ਦਾ ਹਵਾਈ ਜਹਾਜ਼ ਹੀ ਉਡਾਣ ਭਰ ਰਿਹਾ ਹੈ, ਜਦੋਂ ਕਿ ਲੁਧਿਆਣਾ ਸ਼ਹਿਰ ਭਾਰਤ 'ਚ ਇਕ ਬਿਜ਼ਨੈੱਸ ਹੱਬ ਹੈ। ਇਸ ਲਈ ਇੱਥੇ ਦੇਸ਼-ਵਿਦੇਸ਼ ਤੋਂ ਕਾਰੋਬਾਰੀ ਆਉਂਦੇ ਹਨ ਅਤੇ ਇੰਨਾ ਵੱਡਾ ਸ਼ਹਿਰ ਹੋਣ ਦੇ ਬਾਵਜੂਦ ਇੱਥੇ ਹਵਾਈ ਅੱਡੇ ਵਰਗੀਆਂ ਸਹੂਲਤਾਂ ਸਿਰਫ ਖਾਨਾਪੂਰਤੀ ਹੀ ਹਨ। ਗਰਮੀ-ਸਰਦੀ 'ਚ ਵਿਜ਼ੀਬਿਲਟੀ ਤੋਂ ਲੈ ਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਕਾਰਨ ਵੀ ਇੱਥੋਂ ਫਲਾਈਟ ਅਕਸਰ ਰੱਦ ਹੋ ਜਾਂਦੀ ਹੈ। ਇਸ ਨੂੰ ਦੇਖਦੇ ਹੋਏ ਸਰਕਾਰ ਨੇ ਹੁਣ ਹਲਵਾਰਾ 'ਚ ਹਵਾਈ ਅੱਡਾ ਸ਼ਿਫਟ ਕਰਨ ਦਾ ਮਨ ਬਣਾ ਲਿਆ ਹੈ।
ਸਰਕਾਰ ਹਲਵਾਰਾ 'ਚ ਜ਼ਮੀਨ ਖਰੀਦੇਗੀ ਅਤੇ ਉੱਥੇ ਹਵਾਈ ਅੱਡੇ ਦੀ ਬੇਸ ਬਿਲਡਿੰਗ ਬਣਾਉਣ ਦਾ ਕੰਮ ਸ਼ੁਰੂ ਹੋਵੇਗਾ। ਸੂਤਰਾਂ ਮੁਤਾਬਕ ਇਹ ਕੰਮ 2 ਸਾਲਾਂ 'ਚ ਪੂਰਾ ਹੋ ਜਾਵੇਗਾ। ਇਸ ਲਈ ਇਕ ਟੀਮ ਜ਼ਿਲਾ ਪ੍ਰਸ਼ਾਸਨ ਅਤੇ ਭਾਰਤੀ ਹਵਾਈ ਅੱਡਾ ਅਥਾਰਟੀ ਵੱਲੋਂ ਬਣਾਈ ਗਈ ਹੈ। ਟੀਮ ਨੇ ਹਲਵਾਰਾ 'ਚ ਦੌਰਾ ਕਰਕੇ ਜਾਇਜ਼ਾ ਲਿਆ ਹੈ। ਇਸ ਦੇ ਸ਼ਿਫਟ ਹੋਣ 'ਤੇ ਘਰੇਲੂ ਫਲਾਈਟਸ ਵਧਣਗੀਆਂ। ਇਸ ਨਾਲ ਲੁਧਿਆਣਾ ਸਮੇਤ ਮਾਲਵਾ ਬੈਲਟ ਨੂੰ ਜ਼ਿਆਦਾ ਫਾਇਦਾ ਹੋਵੇਗਾ। ਰਿਪੋਰਟਾਂ ਮੁਤਾਬਕ ਜਦੋਂ ਸਾਹਨੇਵਾਲ ਹਵਾਈ ਅੱਡਾ ਹਲਵਾਰਾ 'ਚ ਸ਼ਿਫਟ ਹੋ ਜਾਵੇਗਾ, ਤਾਂ ਇੱਥੋਂ ਵਿਦੇਸ਼ ਲਈ ਵੀ ਫਲਾਈਟ ਸ਼ੁਰੂ ਹੋ ਜਾਵੇਗੀ।