ਚੋਰਾਂ ਨੇ ਤਿੰਨ ਦੁਕਾਨਾਂ ਤੇ ਸਹਿਕਾਰੀ ਸਭਾ ਦੇ ਤਾਲੇ ਤੋੜੇ

08/19/2017 6:51:44 AM

ਨਡਾਲਾ, (ਸ਼ਰਮਾ)- ਬੀਤੀ ਰਾਤ ਕਸਬਾ ਨਡਾਲਾ ਵਿਚ ਚੋਰਾਂ ਦਾ ਰਾਜ ਰਿਹਾ, ਚੋਰਾਂ ਨੇ ਰਾਤ ਸਮੇਂ 3 ਦੁਕਾਨਾਂ ਤੇ ਸਹਿਕਾਰੀ ਸਭਾ ਦੇ ਤਾਲੇ ਤੋੜ ਕੇ 13,200 ਰੁਪਏ ਦੀ ਨਕਦੀ ਚੁਰਾ ਲਈ। ਇਸ ਸਬੰਧੀ ਨਡਾਲਾ-ਢਿੱਲਵਾਂ ਸੜਕ 'ਤੇ ਸਥਿਤ ਘੁੰਮਣ ਖੇਤੀ ਸਟੋਰ ਦੇ ਮਾਲਕ ਜਸਪਾਲ ਸਿੰਘ ਪੁੱਤਰ ਇੰਸਪੈਕਟਰ ਗੁਰਚਰਨ ਸਿੰਘ ਵਾਸੀ ਮਿਰਜ਼ਾਪੁਰ ਨੇ ਦੱਸਿਆ ਕਿ ਰਾਤ ਕਰੀਬ 6:30 ਵਜੇ ਆਪਣੀ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ। ਸਵੇਰੇ ਕਰੀਬ 5 ਵਜੇ ਸਤਿਸੰਗ ਘਰ ਜਾ ਰਹੇ ਸੇਵਾ ਸਿੰਘ ਨਡਾਲਾ ਨੇ ਫੋਨ ਕਰ ਕੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ। ਚੋਰਾਂ ਨੇ ਬਾਲੇ ਤੇ ਰਾਡਾਂ ਦੀ ਮਦਦ ਨਾਲ ਸ਼ਟਰ ਬਿਨਾਂ ਤਾਲੇ ਤੋੜੇ ਉਪਰ ਚੁੱਕ ਦਿੱਤਾ ਤੇ ਗੱਲ੍ਹੇ 'ਚ ਪਈ 6 ਹਜ਼ਾਰ ਦੀ ਨਕਦੀ ਚੁਰਾ ਕੇ ਲੈ ਗਏ, ਚੋਰ ਬੁੱਕਾਂ ਤੇ ਜ਼ਰੂਰੀ ਕਾਗਜ਼ਾਤ ਨਾਲ ਲਗਦੇ ਖਾਲੀ ਪਲਾਟ 'ਚ ਸੁੱਟ ਗਏ।  
ਇਸੇ ਤਰ੍ਹਾਂ ਚੋਰਾਂ ਨੇ ਦੂਜਾ ਧਾਵਾ ਸਹਿਕਾਰੀ ਸਭਾ 'ਤੇ ਬੋਲਿਆ। ਸੈਕਟਰੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਚੋਰਾਂ ਨੇ ਰਾਤ ਸਮੇਂ ਸਭਾ ਦਾ ਦਰਵਾਜ਼ਾ ਬਿਨਾਂ ਤਾਲਾ ਤੋੜੇ ਅੰਦਰ ਧੱਕ ਕੇ ਸੁੱਟ ਦਿੱਤਾ ਤੇ ਅੰਦਰ ਪਈਆਂ ਸਾਰੀਆਂ ਅਲਮਾਰੀਆਂ ਦੀ ਫੋਲਾ-ਫਰਾਲੀ ਕੀਤੀ ਪਰ ਕੁਝ ਵੀ ਹਾਸਲ ਨਾ ਹੋਇਆ। ਸਭਾ 'ਚੋਂ ਨਕਦੀ ਲੱਭਦੇ ਚੋਰਾਂ ਨੇ 2 ਕੰਪਿਊਟਰ ਤੇ ਹੋਰ ਸਾਮਾਨ ਨੂੰ ਹੱਥ ਵੀ ਨਹੀਂ ਲਾਇਆ । 
ਤੀਜੀ ਚੋਰੀ ਗੁਰਮਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਪਿੰਡ ਠੀਕਰੀਵਾਲ ਦੀ ਗੁ. ਬਾਉਲੀ ਸਾਹਿਬ ਦੇ ਗੇਟ ਢਿੱਲਵਾਂ ਵਾਲੀ ਸੜਕ ਸਥਿਤ ਜ਼ਿਮੀਂਦਾਰਾ ਖਾਦ ਸਟੋਰ 'ਚ ਕੀਤੀ, ਜਿਥੇ ਬਾਲੇ ਅਤੇ ਰਾਡ ਦੀ ਸਹਾਇਤਾ ਨਾਲ ਸ਼ਟਰ ਉਪਰ ਚੁੱਕ ਦਿੱਤਾ, ਜਿਥੇ ਗੱਲੇ 'ਚ ਪਈ 6000 ਰੁਪਏ ਦੀ ਨਕਦੀ ਚੁਰਾ ਲਈ ।
ਇਸੇ ਤਰ੍ਹਾਂ ਆਖਰੀ ਚੋਰੀ ਨਡਾਲਾ ਵਾਸੀ ਪਰਮਜੀਤ ਸ਼ਰਮਾ ਦੀ ਦੁਕਾਨ 'ਚ ਹੋਈ ਜਿਥੇ ਚੋਰਾਂ ਨੇ ਪਹਿਲਾ ਤਰੀਕਾ ਵਰਤਦਿਆਂ ਸ਼ਟਰ ਉਪਰ ਚੁੱਕ ਦਿੱਤਾ ਅਤੇ ਗੱਲ੍ਹੇ 'ਚ ਪਈ 1200 ਰੁਪਏ ਦੀ ਨਕਦੀ ਉਡਾ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਨਡਾਲਾ ਚੌਕੀ ਇੰਚਾਰਜ ਕਾਬਲ ਸਿੰਘ ਮੌਕੇ 'ਤੇ ਪੁੱਜੇ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਇਨ੍ਹਾਂ ਸਿਲਸਿਲੇ ਵਾਰ ਹੋਈਆਂ ਚੋਰੀਆਂ ਨੇ ਦੁਕਾਨਦਾਰਾਂ ਵਿਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ । ਪੁਲਸ ਚੌਕੀ ਮੁਖੀ ਕਾਬਲ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।