ਵੱਡੇ ਏਜੰਟਾਂ ਦਾ ਇਕ ਹੋਰ ਕਾਰਨਾਮਾ ਆਇਆ ਸਾਹਮਣੇ

01/16/2018 7:47:28 AM

ਜਲੰਧਰ, (ਅਮਿਤ) – ਵਿਜੀਲੈਂਸ ਵਿਭਾਗ ਵੱਲੋਂ ਆਰ. ਟੀ. ਏ. ਦਫਤਰ ਵਿਚ ਰੇਡ ਕਰਨ ਦੇ ਬਾਅਦ ਜਾਰੀ ਜਾਂਚ ਪੜਤਾਲ ਦੌਰਾਨ ਵਿਭਾਗੀ ਪੱਧਰ 'ਤੇ ਕਈ ਖੁਲਾਸੇ ਹੋ ਰਹੇ ਹਨ। ਸ਼ਹਿਰ ਦੇ ਵੱਡੇ ਏਜੰਟਾਂ ਵੱਲੋਂ ਹਰ ਰੋਜ਼ ਕੀਤੀਆਂ ਜਾ ਰਹੀਆਂ ਧਾਂਦਲੀਆਂ ਉਜਾਗਰ ਹੋਣ ਲੱਗੀਆਂ ਹਨ। ਜਲੰਧਰ ਦੇ ਕੁੱਝ ਵੱਡੇ ਏਜੰਟਾਂ ਵੱਲੋਂ ਵਾਤਾਵਰਣ ਵਿਭਾਗ ਅੰਦਰ ਮਨਮਰਜ਼ੀ ਕੀਤੀ ਜਾ ਰਹੀ ਹੈ। 
ਇਸ 'ਚ ਚਾਹੇ ਵਾਤਾਵਰਣ ਵਿਭਾਗ ਦੀਆਂ ਜਾਅਲੀ ਮੋਹਰਾਂ ਬਣਾਉਣਾ ਹੋਵੇ, ਅਧਿਕਾਰੀਆਂ ਦੇ ਜਾਅਲੀ ਹਸਤਾਖਰ ਕਰਕੇ ਬਿਨੇ-ਪੱਤਰ ਜਮ੍ਹਾ ਕਰਵਾਉਣੇ ਹੋਣ ਜਾਂ ਫਿਰ ਵਾਤਾਵਰਣ ਵਿਭਾਗ ਦੀਆਂ ਜਾਅਲੀ ਡਲਿਵਰੀ ਸਲਿੱਪਾਂ ਛਪਵਾ ਕੇ ਉਨ੍ਹਾਂ ਦੀ ਖੁੱਲ੍ਹੇਆਮ ਵਰਤੋਂ ਕੀਤੀ ਜਾਣੀ ਹੋਵੇ। ਵੱਡੇ ਏਜੰਟਾਂ ਲਈ ਸਭ ਕੁੱਝ ਸੰਭਵ ਹੈ। 
ਇਸੇ ਸੰਦਰਭ ਵਿਚ ਸ਼ਹਿਰ ਦੇ ਵੱਡੇ ਏਜੰਟਾਂ ਦਾ ਇਕ ਹੋਰ ਵੱਡਾ ਕਾਰਨਾਮਾ ਸਾਹਮਣੇ ਆਇਆ ਹੈ। ਇਸ ਵਿਚ ਮਰਸਡੀਜ਼ ਅਤੇ ਬੀ. ਐੱਮ. ਡਬਲਯੂ. ਵਰਗੀਆਂ ਮਹਿੰਗੀਆਂ ਲਗਜ਼ਰੀ ਗੱਡੀਆਂ ਨੂੰ ਹੋਰ ਸੂਬਿਆਂ ਤੋਂ ਲਿਆ ਕੇ ਪੰਜਾਬ ਵਿਚ ਨਵਾਂ ਨੰਬਰ ਲੁਆ ਕੇ ਆਰ. ਸੀ. ਜਾਰੀ ਕਰਨ (ਆਰ. ਸੀ. ਰੀ-ਅਸਾਈਨਮੈਂਟ) ਦੇ ਕੰਮ ਵਿਚ ਰੱਜ ਕੇ ਧਾਂਦਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਗੋਰਖਧੰਦੇ ਵਿਚ ਸਰਕਾਰੀ ਫੀਸ ਘੱਟ ਜਮ੍ਹਾ ਕਰਵਾ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਸੀ। ਧਿਆਨ ਰਹੇ ਕਿ ਹਾਲ ਹੀ ਵਿਚ 'ਜਗ ਬਾਣੀ' ਵੱਲੋਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਸੀ ਕਿ ਕਿਵੇਂ ਬਿਨਾਂ ਸਰਕਾਰੀ ਫੀਸ ਦੇ ਜਮ੍ਹਾ ਕਰਵਾਏ ਹੀ ਗੱਡੀਆਂ ਨੂੰ ਟ੍ਰਾਂਸਫਰ ਕਰਕੇ ਆਰ. ਸੀ. ਜਾਰੀ ਕਰਵਾਈ ਜਾ ਰਹੀ ਸੀ ਅਤੇ ਕਿਵੇਂ ਆਰ. ਟੀ. ਏ. ਦਫਤਰ ਵਿਚ ਕੰਮ ਕਰਵਾਉਣ ਵਿਚ ਕੋਈ ਅੜਚਣ ਨਾ ਆਵੇ, ਇਸ ਲਈ ਉਨ੍ਹਾਂ ਨੇ ਆਪਣੇ ਕੋਲ ਪੂਰੇ ਪੰਜਾਬ ਦੇ ਆਰ. ਟੀ. ਏ. ਦਫਤਰਾਂ ਦੀਆਂ ਜਾਅਲੀ ਮੋਹਰਾਂ ਤੱਕ ਬਣਾ ਕੇ ਰੱਖੀਆਂ ਹੋਈਆਂ ਹਨ, ਜਿਸਦੀ ਵਰਤੋਂ ਉਹ ਆਰ. ਸੀ. ਦੀ ਵੈਰੀਫਿਕੇਸ਼ਨ ਜਾਂ ਤੱਤਕਾਲ ਕਾਪੀ ਲਈ ਕੀਤੀ ਜਾਂਦੀ ਹੈ। 
ਜਗ ਬਾਣੀ ਕੋਲ ਇਸ ਤਰ੍ਹਾਂ ਦੇ ਕੁੱਝ ਏਜੰਟਾਂ ਵੱਲੋਂ ਕਿਸੇ ਹੋਰ ਸੂਬੇ ਤੋਂ ਆਈ ਇਕ ਬੀ. ਐੱਮ. ਡਬਲਯੂ. ਗੱਡੀ ਦਾ ਪਹਿਲਾਂ ਘੱਟ ਸਰਕਾਰੀ ਟੈਕਸ ਜਮ੍ਹਾ ਕਰਵਾਉਣ ਅਤੇ ਬਾਅਦ ਵਿਚ ਢਾਈ ਮਹੀਨੇ ਬਾਅਦ ਮਾਮਲਾ ਸਾਹਮਣੇ ਆਉਣ 'ਤੇ ਬਕਾਇਆ ਟੈਕਸ ਜਮ੍ਹਾ ਕਰਵਾ ਕੇ ਆਪਣੀ ਜਾਨ ਛੁਡਵਾਉਣ ਸਬੰਧੀ ਸਬੂਤ ਆਏ ਹਨ, ਜਿਨ੍ਹਾਂ ਨੂੰ ਲੋਕਾਂ ਸਾਹਮਣੇ ਰੱਖਿਆ ਜਾ ਰਿਹਾ ਹੈ, ਤਾਂ ਜੋ ਅਧਿਕਾਰੀਆਂ ਅਤੇ ਵਿਭਾਗ ਦੀ ਸੱਚਾਈ ਦਾ ਪਤਾ ਲੱਗ ਸਕੇ। ਸੂਤਰਾਂ ਦੀ ਮੰਨੀਏ ਤਾਂ ਪਿਛਲੇ ਲੰਬੇ ਸਮੇਂ ਤੋਂ ਵੱਡੇ ਏਜੰਟਾਂ ਵੱਲੋਂ ਉਕਤ ਕੰਮ ਕੁੱਝ ਲਾਲਚੀ ਕਿਸਮ ਦੇ ਕਰਮਚਾਰੀਆਂ ਨਾਲ ਮਿਲ ਕੇ ਕਰਦੇ ਹੋਏ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਕੀ ਹੈ ਮਾਮਲਾ, ਕਿਵੇਂ ਆਇਆ ਸਾਹਮਣੇ?
ਆਰ. ਟੀ. ਏ. ਦਫਤਰ ਦੇ ਸੂਤਰਾਂ ਦੀ ਮੰਨੀਏ ਤਾਂ ਇਕ ਬੀ. ਐੱਮ. ਡਬਲਯੂ. ਗੱਡੀ ਨੰ. ਡੀ. ਐੱਲ. 3 ਸੀ. ਬੀ. ਐੱਮ. 3822, ਜੋ ਕਿਸੇ ਗੁਰਮਿੰਦਰ ਸਿੰਘ ਦੇ ਨਾਂ 'ਤੇ ਅਸ਼ੋਕ ਵਿਹਾਰ, ਨਵੀਂ ਦਿੱਲੀ ਦੇ ਪਤੇ 'ਤੇ ਰਜਿਸਟਰਡ ਸੀ ਅਤੇ ਉਸਦਾ ਮਾਡਲ ਨੰਬਰ 2009 ਹੈ, ਉਸ ਨੂੰ ਪੰਜਾਬ ਵਿਚ ਨਵਾਂ ਨੰਬਰ ਲਵਾ ਕੇ ਟ੍ਰਾਂਸਫਰ ਕਰਨ ਤੇ ਬਾਅਦ ਵਿਚ ਨਵਾਂ ਨੰਬਰ ਪੀ. ਬੀ. 08 ਡੀ. ਅੱੈਸ. 1500 ਲਾ ਕੇ ਆਰ. ਸੀ. ਜਾਰੀ ਕਰਵਾਉਣ ਲਈ ਸ਼ਹਿਰ ਦੇ ਵੱਡੇ ਏਜੰਟਾਂ ਨੇ ਸੁਰਿੰਦਰ ਕੌਰ ਦੇ ਨਾਂ ਤੋਂ 30 ਅਗਸਤ 2017 ਤੋਂ 1 ਲੱਖ 2 ਹਜ਼ਾਰ 615 ਰੁਪਏ ਦੀ ਆਨਲਾਈਨ ਫੀਸ ਰਸੀਦ ਨੰ. 9917438564021 ਵੱਲਂੋ ਜਮ੍ਹਾ ਕਰਵਾਇਆ ਗਿਆ ਅਤੇ ਆਰ. ਸੀ. ਜਾਰੀ ਕਰਵਾਈ ਗਈ। ਜਲੰਧਰ ਵਿਚ ਦੌਰੇ 'ਤੇ ਆਏ ਐੱਸ. ਟੀ. ਸੀ. ਦੀ ਜਾਂਚ ਦੌਰਾਨ ਉਕਤ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਉੱਚੀ ਪਹੁੰਚ ਅਤੇ ਰਸੂਖ ਕਾਰਨ ਲਗਭਗ ਢਾਈ ਮਹੀਨੇ ਬਾਅਦ 15 ਨਵੰਬਰ 2017 ਨੂੰ ਰਸੀਦ ਨੰ - 9317456553601 ਵਜੋਂ 56 ਹਜ਼ਾਰ 820 ਰੁਪਏ ਦੀ ਬਕਾਇਆ ਟੈਕਸ ਰਾਸ਼ੀ ਨੂੰ ਜਮ੍ਹਾ ਕਰਵਾਇਆ ਗਿਆ। ਇਸ ਪੂਰੇ ਮਾਮਲੇ ਵਿਚ ਸਭ ਤੋਂ ਜ਼ਿਆਦਾ ਹੈਰਾਨੀ ਵਾਲੀ ਗੱਲ, ਜੋ ਸਾਹਮਣੇ ਆਈ ਹੈ ਕਿ 56 ਹਜ਼ਾਰ ਵਰਗੀ ਵੱਡੀ ਰਾਸ਼ੀ ਬਕਾਇਆ ਹੋਣ ਦੇ ਬਾਵਜੂਦ ਕਿਵੇਂ ਕਿਸੇ ਵਿਅਕਤੀ ਨੂੰ ਆਰ. ਸੀ. ਜਾਰੀ ਕੀਤੀ ਗਈ ਅਤੇ ਕਿਵੇਂ ਬਾਅਦ ਵਿਚ ਮਾਮਲਾ ਸਾਹਮਣੇ ਆਉਂਦੇ ਹੀ ਢਾਈ ਮਹੀਨੇ ਬਾਅਦ ਦੁਬਾਰਾ ਤੋਂ ਬਕਾਇਆ ਰਾਸ਼ੀ ਜਮ੍ਹਾ ਵੀ ਕਰਵਾ ਦਿੱਤੀ ਗਈ ਅਤੇ ਆਰ. ਸੀ. ਦਾ ਨਵਾਂ ਪ੍ਰਿੰਟ ਵੀ ਕੱਢ ਦਿੱਤਾ ਗਿਆ। ਇਸਦਾ ਮਤਲਬ ਇਹ ਹੈ ਕਿ ਏਜੰਟਾਂ ਨੇ ਬੜੀ ਸਫਾਈ ਨਾਲ ਅਧੂਰੀ ਸਰਕਾਰੀ ਫੀਸ ਜਮ੍ਹਾ ਕਰਵਾਉਂਦੇ ਹੋਏ ਆਰ. ਸੀ. ਜਾਰੀ ਕਰਵਾ ਲਈ। ਇਹ ਆਪਣੇ ਆਪ ਵਿਚ ਬਹੁਤ ਵੱਡਾ ਸਕੈਂਡਲ ਹੈ, ਜਿਸਦੀ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਜ਼ਰੂਰੀ ਹੈ।
ਢਾਈ ਮਹੀਨੇ ਤੱਕ ਏਜੰਟ ਨੇ ਇਸਤੇਮਾਲ ਕੀਤਾ ਸਰਕਾਰੀ ਫੀਸ ਦਾ ਪੈਸਾ
ਇਸ ਮਾਮਲੇ ਵਿਚ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਉਂਦੀ ਹੈ ਕਿ ਢਾਈ ਮਹੀਨੇ ਤੱਕ ਇਕ ਵੱਡੇ ਏਜੰਟ ਵੱਲੋਂ ਸਰਕਾਰੀ ਫੀਸ ਦਾ ਮੋਟਾ ਹਿੱਸਾ ਸਰਕਾਰੀ ਖਜ਼ਾਨੇ ਵਿਚ ਜਮ੍ਹਾ ਕਰਵਾਉਣ ਦੀ ਜਗ੍ਹਾ ਆਪਣੀ ਜੇਬ ਵਿਚ ਪਾ ਕੇ ਨਿੱਜੀ ਤੌਰ 'ਤੇ ਇਸਤੇਮਾਲ ਕੀਤਾ ਗਿਆ, ਜੋ ਕਿ ਸਰਾਸਰ ਗੈਰ ਕਾਨੂੰਨੀ ਅਪਰਾਧ ਹੈ। ਇਸ ਲਈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਜ਼ਰੂਰੀ ਹੈ।
ਕਲਰਕ ਨੇ ਮੋਟੀ ਫੀਸ ਲੈ ਕੇ ਸਾਰੇ ਕੰਮ ਨੂੰ ਦਿੱਤਾ ਅੰਜਾਮ
ਸੂਤਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਜਿਸ ਕਲਰਕ ਨੇ ਉਕਤ ਕੰਮ ਨੂੰ ਅੰਜਾਮ ਦਿੱਤਾ ਹੈ। ਉਸਨੇ ਵੱਡੇ ਏਜੰਟ ਤੋਂ ਮੋਟੀ ਨਿੱਜੀ ਫੀਸ ਲੈ ਕੇ ਇਸ ਕੰਮ ਨੂੰ ਕੀਤਾ ਸੀ ਤੇ ਜਿੰਨੀ ਫੀਸ ਬਕਾਇਆ ਸੀ, ਉਸ ਵਿਚ ਵੀ ਆਪਣੀ ਕਮਿਸ਼ਨ ਲਈ ਅਤੇ ਗਲਤ ਢੰਗ ਨਾਲ ਆਰ. ਸੀ. ਜਾਰੀ ਕਰ ਦਿੱਤੀ।
ਅਧਿਕਾਰੀਆਂ ਦਾ ਉਦਾਸੀਨ ਰਵੱਈਆ ਬਣ ਰਿਹੈ ਏਜੰਟਾਂ ਦਾ ਮਦਦਗਾਰ
ਲੰਬੇ ਸਮੇਂ ਤਂੋ ਵੱਡੇ ਏਜੰਟ ਇਸ ਤਰ੍ਹਾਂ ਦੇ ਗਲਤ ਕੰਮਾਂ ਨੂੰ ਅੰਜਾਮ ਦੇਣ ਲੱਗੇ ਹੋਏ ਹਨ ਪਰ ਵਿਭਾਗ ਦੇ ਅਧਿਕਾਰੀਆਂ ਦਾ ਉਦਾਸੀਨ ਰਵੱਈਆ ਇਨ੍ਹਾਂ ਏਜੰਟਾਂ ਲਈ ਮਦਦਗਾਰ ਸਾਬਿਤ ਹੋ ਰਿਹਾ ਹੈ। ਅੱਜ ਤੱਕ ਕਿਸੇ ਵੀ ਵੱਡੇ ਏਜੰਟ ਜਾਂ ਸਰਕਾਰੀ ਕਰਮਚਾਰੀ ਖਿਲਾਫ ਗਲਤ ਕੰਮ ਕਰਨ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਜਾ ਸਕੀ ਹੈ।
ਕਾਨੂੰਨੀ ਸ਼ਿਕੰਜੇ ਤੋਂ ਬਚਣ ਲਈ ਬਦਲਿਆ ਫਰਮ ਦਾ ਨਾਂ
ਸ਼ਹਿਰ ਦੇ ਇਕ ਵੱਡੇ ਏਜੰਟ, ਜਿਸ ਨੇ ਆਪਣੀ ਉਚੀ ਪਹੁੰਚ ਕਾਰਨ ਆਰ. ਟੀ. ਏ. ਦਫਤਰ ਤੋਂ ਕਈ ਜਾਇਜ਼-ਨਾਜਾਇਜ਼ ਕੰਮ ਕਰਵਾਏ ਹਨ। ਉਸਨੇ ਪਿਛਲੇ ਕੁੱਝ ਦਿਨਾਂ ਤੋਂ ਹੋਏ ਖੁਲਾਸੇ ਅਤੇ ਵਿਜੀਲੈਂਸ ਦੀ ਜਾਂਚ ਤੋਂ ਬਾਅਦ ਆਪਣੀ ਫਰਮ ਦਾ ਨਾਂ ਜੋ ਕਿ ਪਹਿਲਾਂ ਉਸਦੇ ਖੁਦ ਦੇ ਨਾਂ 'ਤੇ ਚੱਲਦਾ ਸੀ, ਉਹ ਉਸ ਨੇ ਇਕ ਇੰਗਲਿਸ਼ ਨਾਂ ਵਾਲੀ ਫਰਮ ਵਜੋਂ ਬਦਲ ਲਿਆ ਹੈ।
ਆਪਣੇ ਚਹੇਤਿਆਂ ਨੂੰ ਆਰ. ਸੀ. ਦਾ ਕੰਮ ਦਿਵਾਉਣ ਲਈ ਲਾਇਆ ਜਾ ਰਿਹਾ ਜੁਗਾੜ
ਵੱਡੇ ਏਜੰਟ ਵੱਲੋਂ ਆਰ. ਸੀ. ਦੇ ਕੰਮ 'ਤੇ ਆਪਣਾ ਸਾਮਰਾਜ ਕਾਇਮ ਰੱਖਣ ਦੇ ਉਦੇਸ਼ ਨਾਲ ਇਕ ਚਹੇਤੇ ਨਿੱਜੀ ਕਰਿੰਦੇ ਨੂੰ ਆਰ. ਸੀ. ਵਾਲੇ ਬਾਬੂ ਦੇ ਨਾਲ ਕੰਮ ਦਿਵਾਉਣ ਲਈ ਜੁਗਾੜ ਲਾਇਆ ਜਾ ਰਿਹਾ ਹੈ। ਸੂਤਰਾਂ ਦੇ ਅਨੁਸਾਰ ਇਸ ਕੰਮ ਲਈ 2-3 ਮੀਟਿੰਗਾਂ ਦਾ ਦੌਰ ਵੀ ਹੋ ਚੁੱਕਾ ਹੈ ਅਤੇ ਨਿੱਜੀ ਕਰਿੰਦੇ ਦੀ ਪਿੱਠ ਥੱਪ-ਥਪਾ ਕੇ ਉਸ ਤੋਂ ਸਾਰਾ ਕੰਮ ਸੰਭਾਲਣ ਲਈ ਤਿਆਰ ਰਹਿਣ ਲਈ ਵੀ ਕਹਿ ਦਿੱਤਾ ਗਿਆ ਹੈ।
ਜਾਂਚ ਹੋਵੇਗੀ, ਗੈਰ-ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਨਹੀਂ ਬਖਸ਼ਿਆ ਜਾਵੇਗਾ : ਆਰ. ਟੀ. ਏ.
ਸੈਕਟਰੀ ਆਰ. ਟੀ. ਏ. ਦਰਬਾਰਾ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਉਕਤ ਮਾਮਲਾ ਨਹੀਂ ਹੈ ਪਰ ਇਸਦੀ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਚਾਹੇ ਉਹ ਸਰਕਾਰੀ ਕਰਮਚਾਰੀ ਹੈ ਜਾਂ ਕੋਈ ਏਜੰਟ, ਗਲਤ ਕੰਮ ਕਰਨ ਵਾਲੇ ਖਿਲਾਫ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਸਰਕਾਰੀ ਫੀਸ ਦੇ ਬਿਨਾਂ ਕੋਈ ਵੀ ਬਿਨੇ-ਪੱਤਰ ਜਮ੍ਹਾ ਨਹੀਂ ਕਰਵਾਇਆ ਜਾ ਸਕਦਾ ਅਤੇ ਜੇਕਰ ਕੋਈ ਇਸ ਤਰ੍ਹਾਂ ਕਰਦਾ ਹੈ ਤਾਂ ਇਹ ਕਾਨੂੰਨੀ ਜੁਰਮ ਹੈ ਅਤੇ ਇਸ ਲਈ ਬਣਦੀ ਕਾਰਵਾਈ ਕੀਤੀ ਜਾਵੇਗੀ।
ਸਰਕਾਰੀ ਰੈਵੇਨਿਊ ਨੂੰ ਨੁਕਸਾਨ ਪਹੁੰਚਾਉਣਾ ਅਪਰਾਧ, ਹੋਵੇਗੀ ਜਾਂਚ – ਸਤਪਾਲ
ਵਿਜੀਲੈਂਸ ਵਿਭਾਗ ਦੇ ਡੀ. ਐੱਸ. ਪੀ. ਚੌਧਰੀ ਸਤਪਾਲ ਦਾ ਕਹਿਣਾ ਹੈ ਕਿ ਕਿਸੇ ਵੀ ਸਰਕਾਰੀ ਕਰਮਚਾਰੀ ਵੱਲੋਂ ਸਰਕਾਰੀ ਰੈਵੇਨਿਊ ਨੂੰ ਨੁਕਸਾਨ ਪਹੁੰਚਾਉਣਾ ਅਪਰਾਧ ਹੈ ਤੇ ਇਸ ਤਰ੍ਹਾਂ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਵੇਗੀ ਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।