ਬੰਦ ਪਏ ਹਨ ਸ਼ਹਿਰ ''ਚ ਲੱਗੇ ਅੱਧੇ ਤੋਂ ਵੱਧ ਸੀ. ਸੀ. ਟੀ. ਵੀ. ਕੈਮਰੇ

01/15/2018 12:30:56 AM

ਨਵਾਂਸ਼ਹਿਰ, (ਤ੍ਰਿਪਾਠੀ)- ਚੋਰੀ ਤੇ ਲੁੱਟ-ਖੋਹ ਵਰਗੀਆਂ ਵਾਰਦਾਤਾਂ ਨੂੰ ਰੋਕਣ ਲਈ ਨਵਾਂਸ਼ਹਿਰ 'ਚ ਸਿਟੀ ਇਲੈਕਟ੍ਰਾਨਿਕ ਸਰਵੇਲੈਂਸ ਦੀ ਸ਼ੁਰੂਆਤ ਮਾਰਚ 2016 ਵਿਚ ਜਲੰਧਰ ਜ਼ੋਨ ਦੇ ਆਈ. ਜੀ. ਅਰਪਿਤ ਸ਼ੁਕਲਾ ਵੱਲੋਂ ਐੱਸ. ਐੱਸ. ਪੀ. ਦਫਤਰ 'ਚ ਮਾਡਰਨ ਕੰਟਰੋਲ ਰੂਮ ਦੀ ਸਥਾਪਨਾ ਕਰ ਕੇ ਕੀਤੀ ਗਈ ਸੀ। ਸ਼੍ਰੀ ਸ਼ੁਕਲਾ ਨੇ ਇਸ ਸਕੀਮ ਨੂੰ ਪੰਜਾਬ ਦੇ ਹੋਰਨਾਂ ਜ਼ਿਲਿਆਂ 'ਚ ਵੀ ਸ਼ੁਰੂ ਕਰਨ ਦੇ ਨਾਲ-ਨਾਲ ਪੁਲਸ ਵਿਭਾਗ ਵੱਲੋਂ ਮੇਨਟੀਨੈਂਸ ਲਈ ਵੱਖ ਤੌਰ 'ਤੇ ਫੰਡ ਦਾ ਪ੍ਰੋਵੀਜ਼ਨ ਕੀਤੇ ਜਾਣ ਦਾ ਭਰੋਸਾ ਦਿੱਤਾ ਸੀ ਪਰ ਜਿਥੇ ਕਈ ਹੋਰਨਾਂ ਜ਼ਿਲਿਆਂ 'ਚ ਅੱਜ ਸਰਵੇਲੈਂਸ ਦੀ ਤਰਜ਼ 'ਤੇ ਸੀ. ਸੀ. ਟੀ. ਵੀ. ਕੈਮਰੇ ਸਥਾਪਤ ਕਰ ਕੇ ਅਪਰਾਧਿਕ ਘਟਨਾਵਾਂ ਨੂੰ ਰੋਕਣ ਦੇ ਸਫਲ ਯਤਨ ਕੀਤੇ ਜਾ ਰਹੇ ਹਨ, ਉਥੇ ਹੀ ਨਵਾਂਸ਼ਹਿਰ 'ਚ ਫੰਡਾਂ ਦੀ ਕਮੀ ਕਾਰਨ ਖਰਾਬ ਕੈਮਰਿਆਂ ਦੀ ਰਿਪੇਅਰ ਤੱਕ ਨਹੀਂ ਕਰਵਾਈ ਜਾ ਰਹੀ, ਜਿਸ ਕਾਰਨ ਚੋਰੀ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਨਵਾਂਸ਼ਹਿਰ ਪੁਲਸ ਕਰ ਚੁੱਕੀ ਹੈ ਦਰਜਨਾਂ ਚੋਰੀ ਦੀਆਂ ਘਟਨਾਵਾਂ ਦਾ ਪਰਦਾਫਾਸ਼
ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਸਹਾਇਤਾ ਨਾਲ ਕਈ ਚੋਰੀ ਦੀਆਂ ਘਟਨਾਵਾਂ ਦਾ ਪਰਦਾਫਾਸ਼ ਕੀਤਾ ਹੈ, ਜਿਸ 'ਚ ਪੀ. ਸੀ. ਆਰ. ਹੌਲਦਾਰ ਕੋਲੋਂ ਕਾਰਬਾਈਨ ਖੋਹਣ ਦੀ ਘਟਨਾ ਵੀ ਸ਼ਾਮਲ ਹੈ। ਇਸ ਦੇ ਦੋਸ਼ੀ ਦੀ ਪਛਾਣ ਸੀ. ਸੀ. ਟੀ. ਵੀ. ਕੈਮਰੇ ਨਾਲ ਹੀ ਸੰਭਵ ਹੋਈ ਸੀ, ਜਿਸ ਨੂੰ ਪੁਲਸ ਨੇ 15 ਦਿਨਾਂ ਅੰਦਰ ਹੀ ਗ੍ਰਿਫਤਾਰ ਕਰ ਕੇ ਕਾਰਬਾਈਨ ਵੀ ਬਰਾਮਦ ਕਰ ਲਈ ਸੀ। ਇਸੇ ਤਰ੍ਹਾਂ ਪੁਲਸ ਨੇ ਅੱਧਾ ਦਰਜਨ ਚੋਰਾਂ ਨੂੰ ਗ੍ਰਿਫਤਾਰ ਕਰ ਕੇ 2 ਦਰਜਨ ਬਾਈਕ ਅਤੇ 2 ਪਹੀਆ ਵਾਹਨ ਬਰਾਮਦ ਕੀਤੇ ਹਨ ਜਦੋਂਕਿ ਸਨੈਚਿੰਗ ਦੀਆਂ ਕਈ ਵਾਰਦਾਤਾਂ ਨੂੰ ਵੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਸਹਾਇਤਾ ਨਾਲ ਹੱਲ ਕਰਨ 'ਚ ਸਫਲਤਾ ਮਿਲੀ ਸੀ।

ਇਲੈਕਟ੍ਰਾਨਿਕ ਸਰਵੇਲੈਂਸ ਦੇ ਜ਼ਿਆਦਾਤਰ ਕੈਮਰੇ ਖਰਾਬ
ਇਲੈਕਟ੍ਰਾਨਿਕ ਸਰਵੇਲੈਂਸ ਦੇ ਉਦਘਾਟਨ ਮੌਕੇ ਕੁਲ 65 ਸੀ. ਸੀ. ਟੀ. ਵੀ. ਕੈਮਰੇ ਐੱਸ. ਐੱਸ. ਪੀ. ਦਫਤਰ 'ਚ ਸਥਾਪਤ ਆਧੁਨਿਕ ਕੰਟਰੋਲ ਰੂਮ ਨਾਲ ਜੋੜੇ ਗਏ ਹਨ ਜਿਨ੍ਹਾਂ ਦੀ ਗਿਣਤੀ ਬਾਅਦ 'ਚ ਵੱਧ ਕੇ 75 ਹੋ ਗਈ ਸੀ ਜਦੋਂਕਿ ਸਿਟੀ ਨਵਾਂਸ਼ਹਿਰ ਦੀ ਪੁਲਸ ਵੱਲੋਂ ਕੀਤੇ ਗਏ ਯਤਨਾਂ ਸਦਕਾ ਨਿੱਜੀ ਤੌਰ 'ਤੇ ਵੀ ਸ਼ਹਿਰ 'ਚ 75 ਤੋਂ ਵੱਧ ਕੈਮਰੇ ਲਵਾਏ ਗਏ ਸਨ। ਇਕ ਪੁਲਸ ਮੁਲਾਜ਼ਮ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਥੇ ਕੰਟਰੋਲ ਰੂਮ ਨਾਲ ਜੁੜੇ 75 ਵਿਚੋਂ ਅੱਧੇ ਕੈਮਰੇ ਕੰਮ ਨਹੀਂ ਕਰ ਰਹੇ, ਉਥੇ ਨਿੱਜੀ ਤੌਰ 'ਤੇ ਲਾਏ ਗਏ ਕਈ ਕੈਮਰੇ ਵੀ ਰਿਪੇਅਰ ਦੀ ਘਾਟ ਕਾਰਨ ਕੰਮ ਨਹੀਂ ਕਰ ਰਹੇ। ਇਹੀ ਕਾਰਨ ਹੈ ਕਿ ਪਿਛਲੇ ਦਿਨ ਰੇਲਵੇ ਰੋਡ 'ਤੇ ਨੋਟਾਂ ਦੇ ਹਾਰਾਂ ਦੀ ਵਾਪਰੀ ਚੋਰੀ ਦੀ ਘਟਨਾ ਦੇ ਮਾਮਲੇ 'ਚ ਨੇੜੇ ਦੀਆਂ ਦੁਕਾਨਾਂ 'ਚ ਸਥਿਤ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਬਿਜਲੀ ਨਾ ਹੋਣ ਤੇ ਕੈਮਰੇ ਇਨਵਰਟਰ ਨਾਲ ਅਟੈਚ ਨਾ ਹੋਣ ਕਰ ਕੇ ਨਹੀਂ ਮਿਲ ਸਕੀ।
ਕੈਮਰਿਆਂ ਦੀ ਮੇਨਟੀਨੈਂਸ ਲਈ ਹਰ ਮਹੀਨੇ 20 ਹਜ਼ਾਰ ਰੁਪਏ ਦੀ ਲੋੜ 
ਇਕ ਮਕੈਨਿਕ ਨੇ ਦੱਸਿਆ ਕਿ 75 ਕੈਮਰਿਆਂ ਦੀ ਮੇਨਟੀਨੈਂਸ ਲਈ ਪ੍ਰਤੀ ਮਹੀਨਾ 20 ਹਜ਼ਾਰ ਰੁਪਏ ਦੇ ਫੰਡ ਦੀ ਲੋੜ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਜਿਥੇ ਪੰਜਾਬ ਸਰਕਾਰ ਅਤੇ ਪੁਲਸ ਵਿਭਾਗ ਵੱਲੋਂ ਨਵਾਂਸ਼ਹਿਰ ਪੁਲਸ ਨੂੰ ਉਕਤ ਇਲੈਕਟ੍ਰਾਨਿਕ ਸਰਵੇਲੈਂਸ ਲਈ ਕੋਈ ਫੰਡ ਜਾਰੀ ਨਹੀਂ ਕੀਤਾ ਜਾ ਰਿਹਾ, ਉਥੇ ਹੀ ਐੱਸ. ਐੱਸ. ਪੀ. ਦੇ ਯਤਨਾਂ ਸਦਕਾ ਪ੍ਰਾਈਵੇਟ ਫੰਡ ਵਿਚੋਂ 5 ਹਜ਼ਾਰ ਰੁਪਏ ਮੇਨਟੀਨੈਂਸ ਲਈ ਹਰ ਮਹੀਨੇ ਖਰਚ ਕੀਤੇ ਜਾ ਰਹੇ ਹਨ।
2 ਮਹੀਨਿਆਂ 'ਚ ਵਾਪਰੀਆਂ 2 ਦਰਜਨ ਤੋਂ ਵੱਧ ਵਾਰਦਾਤਾਂ
ਪੁਲਸ ਵਿਭਾਗ ਵੱਲੋਂ ਮਿਲੇ ਅੰਕੜਿਆਂ ਅਨੁਸਾਰ ਪਿਛਲੇ 2 ਮਹੀਨਿਆਂ 'ਚ 2 ਦਰਜਨ ਤੋਂ ਵੱਧ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਨਵੇਂ ਸਾਲ ਦੇ ਪਹਿਲੇ ਮਹੀਨੇ 'ਚ ਹੀ ਨਵਾਂਸ਼ਹਿਰ ਦੇ ਰੇਲਵੇ ਰੋਡ 'ਤੇ ਇਕ ਮਨਿਆਰੀ ਦੀ ਦੁਕਾਨ 'ਚੋਂ ਨਕਦੀ ਅਤੇ ਨੋਟਾਂ ਦੇ ਹਾਰ ਚੋਰੀ ਹੋਏ ਸਨ। ਐੱਸ. ਐੱਸ. ਪੀ. ਰਿਹਾਇਸ਼ ਦੇ ਨੇੜੇ ਇਕ ਬਜ਼ੁਰਗ ਜੋੜੇ ਦੇ ਘਰੋਂ ਅਣਪਛਾਤੇ ਲੁਟੇਰੇ ਤੇਜ਼ਦਾਰ ਹਥਿਆਰਾਂ ਦੀ ਨੋਕ 'ਤੇ ਨਕਦੀ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਏ ਸਨ ਜਿਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ।
 ਕੀ ਕਹਿੰਦੇ ਹਨ ਐੱਸ. ਐੱਸ. ਪੀ. ਸਤਿੰਦਰ ਸਿੰਘ
ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਾਈ ਕੁਆਲਟੀ ਦੇ ਸੀ. ਸੀ. ਟੀ. ਵੀ. ਕੈਮਰੇ ਵਿਸ਼ੇਸ਼ ਪੁਲਸ ਨਾਕਿਆਂ 'ਤੇ ਸਥਾਪਤ ਕੀਤੇ ਗਏ ਹਨ। ਇਸ ਤੋਂ ਇਲਾਵਾ ਜਲਦ ਹੀ ਸਿਟੀ ਨਵਾਂਸ਼ਹਿਰ 'ਚ ਲੱਗੇ ਇਲੈਕਟ੍ਰਾਨਿਕ ਸਰਵੇਲੈਂਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮੇਨਟੀਨੈਂਸ ਦੀ ਗ੍ਰਾਂਟ ਜਾਰੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਕੈਮਰੇ ਠੀਕ ਕੰਮ ਕਰ ਰਹੇ ਹਨ ਅਤੇ ਜਿਹੜੇ ਖਰਾਬ ਹਨ, ਉਨ੍ਹਾਂ ਨੂੰ ਜਲਦ ਠੀਕ ਕਰਵਾ ਦਿੱਤਾ ਜਾਵੇਗਾ।