DGP ਦੇ ਦੌਰੇ ਤੋਂ ਕੁੱਝ ਘੰਟਿਆਂ ਮਗਰੋਂ ਹੀ ਮੰਦਰ 'ਚੋਂ ਮੂਰਤੀ ਚੋਰੀ, ਸ਼ਰਧਾਲੂਆਂ ਦਾ ਭੜਕਿਆ ਗੁੱਸਾ

08/08/2023 2:18:17 PM

ਖੰਨਾ (ਵਿਪਨ) : ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ ਦੇ ਖੰਨਾ ਦੌਰੇ ਤੋਂ ਕੁੱਝ ਘੰਟੇ ਬਾਅਦ ਹੀ ਚੋਰਾਂ ਨੇ ਸਾਈਂ ਮੰਦਰ 'ਚੋਂ ਭਗਵਾਨ ਦੀ ਮੂਰਤੀ ਸਮੇਤ ਕੀਮਤੀ ਸਮਾਨ ਚੋਰੀ ਕਰ ਲਿਆ। ਇਹ ਘਟਨਾ ਸਮਰਾਲਾ ਥਾਣੇ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਵਾਪਰੀ। ਇਸ ਘਟਨਾ ਤੋਂ ਬਾਅਦ ਸ਼ਰਧਾਲੂਆਂ 'ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਰੱਬ ਦੇ ਘਰ ਹੀ ਸੁਰੱਖਿਅਤ ਨਹੀਂ ਤਾਂ ਪੁਲਸ ਕੀ ਕਰ ਰਹੀ ਹੈ। ਇਹ ਵਾਰਦਾਤ ਪੁਲਸ ਲਈ ਚੋਰਾਂ ਦੀ ਇੱਕ ਤਰ੍ਹਾਂ ਦੀ ਚੁਣੌਤੀ ਵੀ ਹੈ ਕਿਉਂਕਿ ਇੱਕ ਪਾਸੇ ਖੰਨਾ 'ਚ ਕੁੱਝ ਘੰਟੇ ਪਹਿਲਾਂ ਡੀ. ਜੀ. ਪੀ ਗੌਰਵ ਯਾਦਵ ਲੁਧਿਆਣਾ ਰੇਂਜ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੰਦੇ ਹਨ।

ਇਹ ਵੀ ਪੜ੍ਹੋ : ਭਰਤ ਇੰਦਰ ਸਿੰਘ ਚਾਹਲ ਦੀਆਂ ਵਧੀਆਂ ਮੁਸ਼ਕਲਾਂ, ਵਿਜੀਲੈਂਸ ਨੇ ਜਾਰੀ ਕੀਤਾ ਲੁੱਕ ਆਊਟ ਨੋਟਿਸ

ਉੱਥੇ ਹੀ ਮੀਟਿੰਗ ਦੇ ਕੁੱਝ ਘੰਟੇ ਮਗਰੋਂ ਥਾਣੇ ਤੋਂ ਥੋੜ੍ਹੀ ਦੂਰੀ 'ਤੇ ਇੱਕ ਮੰਦਰ 'ਚ ਚੋਰੀ ਦੀ ਘਟਨਾ ਵਾਪਰ ਜਾਂਦੀ ਹੈ। ਇਕ ਸ਼ਰਧਾਲੂ ਮੋਹਿਤ ਸ਼ਰਮਾ ਨੇ ਦੱਸਿਆ ਕਿ ਰਾਤ ਕਰੀਬ ਸਾਢੇ 10 ਵਜੇ ਮੰਦਰ ਬੰਦ ਹੋ ਜਾਂਦਾ ਹੈ। ਇਹ ਸਵੇਰੇ 4 ਵਜੇ ਦੇ ਕਰੀਬ ਖੋਲ੍ਹਿਆ ਜਾਂਦਾ ਹੈ। ਸਵੇਰੇ ਜਦੋਂ ਉਹ ਆਇਆ ਤਾਂ ਦੇਖਿਆ ਕਿ ਮੰਦਰ 'ਚ ਚੋਰੀ ਹੋ ਗਂਈ ਸੀ। ਚੋਰਾਂ ਨੇ ਪਹਿਲਾਂ ਖਿੜਕੀ ਤੋੜੀ ਅਤੇ ਫਿਰ ਲੋਹੇ ਦੇ ਜਾਲ ਨੂੰ ਕੱਟਿਆ। ਇਸ ਤੋਂ ਬਾਅਦ ਇੱਟ ਨਾਲ ਸ਼ੀਸ਼ਾ ਤੋੜ ਕੇ ਮੂਰਤੀ ਚੋਰੀ ਕਰ ਲਈ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਹੜ੍ਹਾਂ 'ਤੇ ਕੇਂਦਰ ਦਾ ਐਕਸ਼ਨ, ਕੇਂਦਰੀ ਟੀਮ 3 ਦਿਨਾਂ ਦੌਰੇ ਦੌਰਾਨ ਲਵੇਗੀ ਸਾਰਾ ਜਾਇਜ਼ਾ

ਮੰਦਰ ਵਿੱਚੋਂ ਭਾਂਡੇ ਵੀ ਚੋਰੀ ਹੋ ਗਏ। ਮੋਹਿਤ ਨੇ ਕਿਹਾ ਕਿ ਨਸ਼ੇ ਦੇ ਆਦੀ ਨੌਜਵਾਨ ਇਲਾਕੇ 'ਚ ਘੁੰਮਦੇ ਰਹਿੰਦੇ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮੂਰਤੀ ਚੋਰੀ ਹੋਣ ਕਾਰਨ ਅੱਜ ਸ਼ਰਧਾਲੂ ਮੱਥਾ ਵੀ ਨਹੀਂ ਟੇਕ ਸਕੇ। ਉਨ੍ਹਾਂ ਦੱਸਿਆ ਕਿ ਇਹ ਮੂਰਤੀ ਪਿੱਤਲ ਦੀ ਬਣੀ ਹੋਈ ਸੀ। ਇਸ ਕਾਰਨ ਚੋਰਾਂ ਨੇ ਮੂਰਤੀ ਚੋਰੀ ਕਰ ਲਈ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਹੈ ਅਤੇ ਪੁਲਸ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇੱਕ ਹੋਰ ਸ਼ਰਧਾਲੂ ਨੇ ਦੱਸਿਆ ਕਿ ਉਹ ਰੋਜ਼ਾਨਾ ਮੱਥਾ ਟੇਕਣ ਲਈ ਆਉਂਦਾ ਹੈ। ਚਿੱਟਾ ਪੀਣ ਵਾਲੇ ਨੌਜਵਾਨ ਅਕਸਰ ਇੱਥੇ ਆਉਂਦੇ ਹਨ। ਪੁਲਸ ਉਨ੍ਹਾਂ 'ਤੇ ਸ਼ਿਕੰਜਾ ਨਹੀਂ ਕੱਸਦੀ। 

ਜਾਂਚ ਕਰ ਰਹੇ ਹਾਂ : ਐੱਸ. ਐੱਚ. ਓ.
ਐੱਸ. ਐੱਚ. ਓ. ਭਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਆਸ-ਪਾਸ ਲੱਗੇ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕਰ ਲਿਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 

Babita

This news is Content Editor Babita