ਮੋਹਾਲੀ : ਚੋਰਾਂ ਨੇ ਢਿੱਡ ਭਰਿਆ, ਆਰਾਮ ਕੀਤਾ, ਫਿਰ ਉਡਾਇਆ ਲੱਖਾਂ ਦਾ ਮਾਲ

02/12/2018 9:18:41 AM

ਮੋਹਾਲੀ (ਨਿਆਮੀਆਂ) : ਮੋਹਾਲੀ ਵਿਚ ਕੁਝ ਦਿਨਾਂ ਤੋਂ ਚੋਰੀ ਦੀਆਂ ਘਟਨਾਵਾਂ ਵਿਚ ਵਾਧਾ ਹੋ ਗਿਆ ਹੈ ਪਰ ਇੰਨਾ ਹੋਣ 'ਤੇ ਵੀ ਪੁਲਸ ਹੱਥ 'ਤੇ ਹੱਥ ਧਰ ਕੇ ਬੈਠੀ ਹੈ । ਅਜੇ ਇਕ ਦਿਨ ਪਹਿਲਾਂ ਰੱਖਿਆ ਮੰਤਰਾਲੇ ਦੇ ਅਫਸਰ ਦੇ ਘਰ ਚੋਰੀ ਹੋਈ ਸੀ ਤੇ ਹੁਣ ਅਗਲੇ ਹੀ ਦਿਨ ਚੋਰਾਂ ਨੇ ਸੈਕਟਰ-78 ਸਥਿਤ ਮਾਰਬਲ ਵਪਾਰੀ ਦੇ ਘਰ ਨੂੰ ਨਿਸ਼ਾਨਾ ਬਣਾਇਆ ਹੈ । ਚੋਰ ਘਰ 'ਚੋਂ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਲੈ ਗਏ । ਇਸ ਤੋਂ ਇਲਾਵਾ ਉਨ੍ਹਾਂ ਦੀ ਚੋਰੀ ਫੜ੍ਹੀ ਨਾ ਜਾਵੇ, ਮੁਲਜ਼ਮ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਡੀ. ਵੀ. ਆਰ. ਵੀ ਨਾਲ ਲੈ ਗਏ ਤੇ ਸਕਿਓਰਿਟੀ ਸਿਸਟਮ ਨੂੰ ਵੀ ਉਖਾੜ ਗਏ । ਸੋਹਾਣਾ ਪੁਲਸ ਨੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਮਾਮਲਾ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ।  
ਜਾਣਕਾਰੀ ਮੁਤਾਬਕ ਧਨਾਸ ਵਿਚ ਮਾਰਬਲ ਦਾ ਕੰਮ ਕਰਨ ਵਾਲੇ ਵਪਾਰੀ ਰਵੀ ਮਹੇਸ਼ਵਰੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ, ਜੋ ਰਾਜਸਥਾਨ ਵਿਚ ਰਹਿੰਦੇ ਹਨ, ਦਾ ਪਿਛਲੇ ਮਹੀਨੇ ਜਨਵਰੀ ਵਿਚ ਦਿਹਾਂਤ ਹੋ ਗਿਆ ਸੀ । ਉਹ ਆਪਣੇ ਪਰਿਵਾਰ ਨਾਲ 25 ਜਨਵਰੀ ਨੂੰ ਉਥੇ ਚਲੇ ਗਏ, ਪਿਛਲੇ ਸ਼ਨੀਵਾਰ ਨੂੰ ਜਦੋਂ ਸਵੇਰੇ ਸਾਢੇ ਅੱਠ ਵਜੇ ਵਾਪਸ ਆਏ ਤਾਂ ਵੇਖਿਆ ਕਿ ਘਰ ਦਾ ਦਰਵਾਜ਼ਾ ਖੁੱਲ੍ਹਾ ਪਿਆ ਸੀ ਤੇ ਤਾਲੇ ਟੁੱਟੇ ਪਏ ਸਨ, ਜਦੋਂ ਅੰਦਰ ਜਾ ਕੇ ਵੇਖਿਆ ਤਾਂ ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ । ਉਨ੍ਹਾਂ ਦੱਸਿਆ ਕਿ ਚੋਰ 25 ਹਜ਼ਾਰ ਦੀ ਨਕਦੀ, ਸੋਨੇ ਤੇ ਚਾਂਦੀ ਦੇ ਗਹਿਣਿਆਂ ਸਮੇਤ ਮਹਿੰਗੀਆਂ ਸਾੜ੍ਹੀਆਂ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਪਹਿਲਾਂ ਸ਼ਾਇਦ ਘਰ ਦਾ ਮੇਨ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ, ਜੋ ਨਹੀਂ ਟੁੱਟਿਆ। ਇਸ ਤੋਂ ਬਾਅਦ ਉਹ ਘਰ ਦੇ ਪਿਛਲੇ ਦਰਵਾਜ਼ੇ ਨੂੰ ਤੋੜ ਕੇ ਅੰਦਰ ਆਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਮਾਮਲੇ ਸਬੰਧੀ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਮਕਾਨ ਮਾਲਕ ਅਨੁਸਾਰ ਉਨ੍ਹਾਂ ਨੇ ਪੁਲਸ ਨੂੰ ਫਿੰਗਰ ਪ੍ਰਿੰਟ ਐਕਸਪਰਟ ਬੁਲਾਉਣ ਲਈ ਵੀ ਕਿਹਾ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ।  
ਬੈੱਡ 'ਤੇ ਕੀਤਾ ਆਰਾਮ ਤੇ ਖਾਣਾ ਵੀ ਬਣਾਇਆ
ਰਵੀ ਮਹੇਸ਼ਵਰੀ ਨੇ ਦੱਸਿਆ ਕਿ ਉਹ ਘਰ ਜਾਂਦੇ ਸਮੇਂ ਰਸੋਈ ਦੇ ਬਾਹਰ ਪੌੜੀਆਂ ਹੇਠਾਂ ਰੱਖਿਆ ਗੈਸ ਸਿਲੰਡਰ ਬੰਦ ਕਰ ਕੇ ਗਏ ਸਨ। ਜਦੋਂ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਸਿਲੰਡਰ ਆਨ ਸੀ। ਰਸੋਈ 'ਚ ਜਾ ਕੇ ਦੇਖਿਆ ਤਾਂ ਉੱਥੇ ਖਾਣਾ ਅਤੇ ਗੰਦੀਆਂ ਪਲੇਟਾਂ ਪਈਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਪਿਆ ਕਿ ਚੋਰਾਂ ਨੇ ਰਸੋਈ 'ਚ ਕੁਝ ਨਾ ਕੁਝ ਬਣਾ ਕੇ ਖਾਧਾ ਹੈ। ਜਦੋਂ ਉਨ੍ਹਾਂ ਨੇ ਬੇਟੀ ਦੇ ਬੈੱਡਰੂਮ 'ਚ ਜਾ ਕੇ ਦੇਖਿਆ ਤਾਂ ਉੱਥੇ ਇਕ ਕੰਬਲ ਹੋਰ ਪਿਆ ਸੀ, ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਚੋਰਾਂ ਨੇ ਘਰ 'ਚ ਆਰਾਮ ਵੀ ਕੀਤਾ ਹੋਵੇਗਾ। ਜਿਸ ਹਿਸਾਬ ਨਾਲ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਉਸ ਤੋਂ ਲੱਗ ਰਿਹਾ ਹੈ ਕਿ ਉਹ ਕਾਫੀ ਦੇਰ ਤੱਕ ਘਰ 'ਚ ਰੁਕੇ ਸਨ।