ਝਬਾਲ ''ਚ ਹੋਈ ਚੋਰੀ, ਚੋਰ ਸੋਨੇ ਦੇ ਗਹਿਣੇ, ਨਕਦੀ ਅਤੇ ਹੋਰ ਸਾਮਾਨ ਲੈ ਕੇ ਹੋਏ ਫਰਾਰ

07/20/2017 1:30:28 PM

 

ਝਬਾਲ(ਨਰਿੰਦਰ)-ਥਾਣਾਂ ਝਬਾਲ ਅਧੀਨ ਆਉਂਦੇ ਪਿੰਡ ਛਿਛੜੇਵਾਲਾ ਵਿਖੇ ਇਕ ਕਿਸਾਨ ਦੇ ਘਰ ਬੀਤੀ ਰਾਤ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਸੂਚਨਾ ਮਿਲੀ ਹੈ। ਚੋਰਾਂ ਕਮਰੇ ਦੀ ਬਾਰੀ ਪਿਛੋਂ ਪੁੱਟ ਕੇ ਘਰੋਂ 50 ਹਜ਼ਾਰ ਦੀ ਨਕਦੀ, ਸੋਨਾ ਅਤੇ ਘੜੀਆਂ ਚੋਰੀ ਕਰਕੇ ਫਰਾਰ ਹੋ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਸਤਨਾਮ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਛਿਛੜੇਵਾਲ ਨੇ ਦੱਸਿਆ ਕਿ ਬੀਤੀ ਰਾਤ ਸਾਡਾ ਸਾਰਾ ਪਰਿਵਾਰ ਬਾਹਰ ਵਿਹੜੇ 'ਚ ਸੋ ਰਿਹਾ ਸੀ। ਕੁਝ ਚੋਰਾਂ ਨੇ ਪਿਛਲੇ ਕਮਰਿਆਂ ਦੀ ਬਾਰੀ ਪੁੱਟ ਕੇ ਅੰਦਰੋਂ ਸਾਰੇ ਸਾਮਾਨ ਦੀ ਫਰੋਲਾਂ ਫਰਾਲੀ ਕੀਤੀ ਅਤੇ ਅਲਮਾਰੀ 'ਚੋਂ 50 ਹਜ਼ਾਰ ਦੀ ਨਕਦੀ, ਸੋਨਾ ਅਤੇ ਘੜੀਆਂ, ਇਕ ਸੋਨੇ ਦੀ ਚੂੜੀ ਅਤੇ ਹੋਰ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਚੋਰਾਂ ਨੇ ਕਮਰੇ 'ਚ ਪੇਟੀ 'ਤੇ ਪਈ ਦੋਨਾਲੀ ਰਾਈਫਲ, ਰੋਂਦ ਅਤੇ ਕੱਪੜਿਆਂ ਵਾਲਾ ਟਰੰਕ ਚੁੱਕ ਕੇ ਬਾਹਰ ਖੇਤਾਂ 'ਚ ਸੁੱਟ ਗਏ। ਇਸ ਸਾਰੀ ਘਟਨਾ ਦਾ ਸਾਨੂੰ ਉਸ ਸਮੇਂ ਪਤਾ ਲੱਗਾ ਜਦੋਂ ਸਵੇਰੇ ਉੱਠ ਕੇ ਅਸੀ ਕਮਰੇ 'ਚ ਗਏ। ਕਮਰੇ 'ਚ ਸਾਰੇ ਕੱਪੜੇ ਅਤੇ ਸਾਮਾਨ ਖਿਲਰੇ ਪਏ ਸਨ। ਅਲਮਾਰੀਆਂ ਖੁਲੀਆਂ ਪਈਆਂ ਸਨ। ਆਲੇ-ਦੁਆਲੇ ਵੇਖਣ 'ਤੇ ਘਰ ਤੋਂ ਥੋੜੀ ਦੂਰ ਖੇਤਾਂ 'ਚੋਂ ਰਾਈਫਲ ਅਤੇ ਕੱਪੜਿਆਂ ਵਾਲਾ ਟਰੰਕ ਜਿਸ ਨੂੰ ਫਲੋਰ ਕੇ ਉੱਥੇ ਹੀ ਸੁੱਟ ਗਏ ਸਨ। ਪਰਿਵਾਰ ਮੈਂਬਰਾਂ ਨੇ ਇਸ ਸਾਰੀ ਘਟਨਾ ਦੀ ਸੂਚਨਾ ਝਬਾਲ ਥਾਣਾ 'ਚ ਦਿੱਤੀ। ਥਾਣੇਦਾਰ ਹਰੀ ਸਿੰਘ ਨੇ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਕੇ ਸਾਰੀ ਘਟਨਾ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।