ਚੋਰਾਂ ਨੇ 2 ਦੁਕਾਨਾਂ ''ਚ ਕੀਤਾ ਹੱਥ ਸਾਫ

11/11/2017 7:34:36 AM

ਭਵਾਨੀਗੜ੍ਹ(ਵਿਕਾਸ)-ਬੀਤੀ ਰਾਤ ਚੋਰਾਂ ਨੇ ਮੇਨ ਬਾਜ਼ਾਰ 'ਚ ਸਥਿਤ ਇਕ ਬੂਟ-ਚੱਪਲ ਅਤੇ ਰੈਡੀਮੇਡ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ । ਚੋਰ ਦੋਵਾਂ ਦੁਕਾਨਾਂ ਦੇ ਤਾਲੇ ਤੋੜ ਕੇ ਨਕਦੀ ਤੇ ਸਾਮਾਨ ਚੋਰੀ ਕਰ ਕੇ ਲੈ ਗਏ ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਰਾਣੇ ਬੱਸ ਸਟੈਂਡ ਨੇੜੇ ਮੇਨ ਬਾਜ਼ਾਰ ਵਿਚ ਰਜਿੰਦਰ ਬੂਟ ਹਾਊਸ ਦੇ ਮਾਲਕ ਰਜਿੰਦਰ ਕੁਮਾਰ ਪੱਪੀ ਨੇ ਦੱਸਿਆ ਕਿ ਬੀਤੀ ਰਾਤ ਚੋਰ ਉਸ ਦੀ ਦੁਕਾਨ ਦੇ ਸ਼ਟਰ ਦਾ ਤਾਲਾ ਤੋੜ ਕੇ ਗੱਲੇ ਵਿਚ ਪਏ ਕਰੀਬ 2500 ਰੁਪਏ ਅਤੇ 8-9 ਹਜ਼ਾਰ ਰੁਪਏ ਦੇ ਬੂਟ ਚੋਰੀ ਕਰ ਕੇ ਲੈ ਗਏ । ਇਸ ਤੋਂ ਇਲਾਵਾ ਉਕਤ ਦੁਕਾਨ ਦੇ ਸਾਹਮਣੇ ਇਕ ਹੋਰ ਦੁਕਾਨਦਾਰ ਰਾਮ ਚੰਦ ਦੀ ਰੈਡੀਮੇਡ ਕੱਪੜਿਆਂ ਦੀ ਦੁਕਾਨ 'ਚ ਵੀ ਚੋਰਾਂ ਨੇ ਹੱਥ ਸਾਫ ਕਰ ਦਿੱਤਾ । ਦੁਕਾਨਦਾਰ ਰਾਮ ਚੰਦ ਮੁਤਾਬਿਕ ਉਸ ਦੀ ਦੁਕਾਨ 'ਚੋਂ ਚੋਰ 15-20 ਹਜ਼ਾਰ ਰੁਪਏ ਦੇ ਕੱਪੜੇ ਚੋਰੀ ਕਰ ਕੇ ਲੈ ਗਏ । ਚੋਰੀ ਬਾਰੇ ਦੋਵਾਂ ਦੁਕਾਨਦਾਰਾਂ ਨੂੰ ਸਵੇਰ ਸਮੇਂ ਪਤਾ ਲੱਗਾ, ਜਿਸ ਬਾਰੇ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ । ਓਧਰ, ਸ਼ਹਿਰ ਦੇ ਦੁਕਾਨਦਾਰਾਂ ਨੇ ਪੁਲਸ ਤੋਂ ਰਾਤ ਸਮੇਂ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ ।