ਸੁੰਨੇ ਘਰ ਅਤੇ ਦੁਕਾਨ ''ਚੋਂ ਲੱਖਾਂ ਦਾ ਸਾਮਾਨ ਚੋਰੀ

09/24/2017 1:22:13 AM

ਅਬੋਹਰ(ਰਹੇਜਾ)-ਸਭ ਤੋਂ ਸੁਰੱਖਿਅਤ ਮੰਨੀ ਜਾਣ ਵਾਲੀ ਗਲੀ ਨੰਬਰ 5 ਦੇ ਇਕ ਸੁੰਨੇ ਘਰ ਵਿਚ ਚੋਰਾਂ ਨੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਅਤੇ ਦੂਜੇ ਪਾਸੇ ਬਾਜ਼ਾਰ ਨੰਬਰ 4 'ਚ ਸਥਿਤ ਇਕ ਮੋਬਾਇਲ ਤੇ ਪਤੰਜਲੀ ਸਟੋਰ ਤੋਂ ਹਜ਼ਾਰਾਂ ਦਾ ਸਾਮਾਨ ਚੋਰੀ ਕਰ ਲਿਆ। ਜਾਣਕਾਰੀ ਮੁਤਾਬਕ ਗਲੀ ਨੰਬਰ 5 ਵਾਸੀ ਪ੍ਰਦੀਪ ਗੁਪਤਾ ਮੈਡੀਕਲ ਜਾਂਚ ਲਈ ਲੁਧਿਆਣਾ ਗਏ ਹੋਏ ਸਨ। ਪਿੱਛੋਂ ਉਨ੍ਹਾਂ ਦੇ ਘਰ ਵਿਚ ਕੋਈ ਨਹੀਂ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰ ਸੰਜੀਵ ਗੁਪਤਾ ਨੇ ਦੱਸਿਆ ਕਿ ਚੋਰਾਂ ਨੇ ਸਾਰੇ ਕਮਰਿਆਂ ਦੇ ਤਾਲੇ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਸਾਮਾਨ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਪ੍ਰਦੀਪ ਗੁਪਤਾ ਲੁਧਿਆਣਾ ਤੋਂ ਵਾਪਸ ਚੱਲ ਚੁੱਕੇ ਹਨ ਅਤੇ ਉਨ੍ਹਾਂ ਦੇ ਪਹੁੰਚਣ 'ਤੇ ਹੀ ਚੋਰੀ ਹੋਣ ਦੇ ਨੁਕਸਾਨ ਦਾ ਸਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਬਾਜ਼ਾਰ ਨੰਬਰ 4 ਸਰਕੂਲਰ ਰੋਡ ਸਥਿਤ ਮਹਾਲਛਮੀ ਮੋਬਾਇਲ ਐਂਡ ਪਤੰਜਲੀ ਸਟੋਰ ਦੇ ਸੰਚਾਲਕ ਸੰਜੀਵ ਸ਼ਰਮਾ ਪੁੱਤਰ ਕ੍ਰਿਸ਼ਨ ਲਾਲ ਸ਼ਰਮਾ ਉੱਤਮ ਵਿਹਾਰ ਕਾਲੋਨੀ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਨ੍ਹਾਂ ਦੁਕਾਨ ਖੋਲ੍ਹੀ ਤਾਂ ਦੇਖਿਆ ਕਿ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਗੱਲੇ ਵਿਚੋਂ 5 ਹਜ਼ਾਰ ਦੀ ਨਕਦੀ, ਅੱਧਾ ਦਰਜਨ ਮੋਬਾਇਲ ਅਤੇ ਹਜ਼ਾਰਾਂ ਰੁਪਏ ਦੇ ਡੈਮੋ ਗਾਇਬ ਸਨ। ਸੰਜੀਵ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ ਵਿਚ ਬਣੇ ਰੋਸ਼ਨਦਾਨ ਰਾਹੀਂ ਅੰਦਰ ਵੜ ਕੇ ਘਟਨਾ ਨੂੰ ਅੰਜਾਮ ਦਿੱਤਾ ਹੈ। ਦੋਵਾਂ ਘਟਨਾਵਾਂ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।