ਪੰਜਾਬੀ ਨੌਜਵਾਨ ਨੂੰ ਦੁਬਈ 'ਚ ਹੋਈ 25 ਸਾਲ ਦੀ ਕੈਦ, ਗ਼ਰੀਬ ਮਾਪਿਆਂ ਦੇ ਹਾਲਾਤ ਜਾਣ ਆਵੇਗਾ ਰੋਣਾ

12/30/2022 11:43:37 AM

ਅਜਨਾਲਾ (ਗੁਰਜੰਟ)- ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ਸਾਰੰਗਦੇਵ ਖਾਨਵਾਲ ਵਿਖੇ ਰਹਿਣ ਵਾਲੇ ਇਕ ਗਰੀਬ ਪਰਿਵਾਰ ਦੇ ਮੁੰਡੇ ਨੂੰ ਦੁਬਈ ਵਿਖੇ ਕਿਸੇ ਕੇਸ ਵਿਚ 25 ਸਾਲ ਦੀ ਸਜ਼ਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਪਰਿਵਾਰ ਦੇ ਮੁਖੀ ਮੁਖ਼ਤਾਰ ਸਿੰਘ ਨੇ ਦੱਸਿਆ ਕਿ ਮੇਰਾ ਮੁੰਡਾ ਗੁਰਮੇਜ ਸਿੰਘ ਕਰੀਬ ਤਿੰਨ ਸਾਲ ਪਹਿਲਾਂ ਕਿਸੇ ਏਜੰਟ ਨੂੰ ਡੇਢ ਲੱਖ ਰੁਪਏ ਦੇ ਕੇ ਰੋਜ਼ੀ ਰੋਟੀ ਕਮਾਉਣ ਲਈ ਦੁਬਈ ਗਿਆ ਸੀ। ਕਰੀਬ 10 ਮਹੀਨਿਆਂ ਬਾਅਦ ਉਥੋਂ ਦੀ ਪੁਲਸ ਨੇ ਉਸਨੂੰ ਕਿਸੇ ਲੜਾਈ ਝਗੜੇ ਦੇ ਕੇਸ ਵਿਚ ਫੜ ਕੇ ਅੰਦਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ- ਦੋ ਮੀਟਰ ਲਗਵਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਮੁਫ਼ਤ ਬਿਜਲੀ ’ਤੇ ਕਿਰਾਏਦਾਰਾਂ ਤੋਂ ਵਸੂਲੇ ਜਾ ਰਹੇ ਹਨ ਬਿੱਲ

ਜਿਸ ਤੋਂ ਬਾਅਦ ਕਈ ਮਹੀਨੇ ਉਸ ਨਾਲ ਕੋਈ ਗੱਲਬਾਤ ਵੀ ਨਹੀਂ ਹੋਈ ਅਤੇ ਫਿਰ ਇਕ ਦਿਨ ਅਚਾਨਕ ਫੋਨ ਆਇਆ ਤੇ ਗੁਰਮੇਜ ਸਿੰਘ ਨੇ ਦੱਸਿਆ ਕਿ ਦੁਬਈ ਵਿਚ ਉਸ ਦੇ ਦੋਸਤਾਂ ਦਾ ਕਿਸੇ ਨਾਲ ਕੋਈ ਲੜਾਈ ਝਗੜਾ ਹੋਇਆ ਸੀ, ਜਿਸ ਦੌਰਾਨ ਇਕ ਮੁੰਡੇ ਦੀ ਮੌਤ ਹੋ ਗਈ ਸੀ। ਜਿਸ ਦੇ ਸਬੰਧ ਵਿਚ ਪੁਲਸ ਨੇ ਮੈਨੂੰ ਵੀ ਦੋਸਤਾਂ ਦੇ ਗਰੁੱਪ ਸਮੇਤ ਫੜ ਕੇ ਅੰਦਰ ਦੇ ਦਿੱਤਾ। ਅਸੀਂ 5 ਜਣੇ 6 ਅਕਤੂਬਰ 2020 ਤੋਂ ਦੁਬਈ ਦੀ ਰਸਲਖੇਮੇ ਸੈਂਟਰਲ ਜੇਲ੍ਹ ਵਿਚ ਬੰਦ ਹਾਂ, ਜਿੱਥੇ ਕਿ ਸਾਨੂੰ 25 ਸਾਲ ਦੀ ਸਜ਼ਾ ਜਾਂ 2 ਲੱਖ 66 ਹਜ਼ਾਰ ਦਿਹਰਮ ਦੀ ਬਲੱਡ ਮਨੀ ਦਾ ਜੁਰਮਾਨਾ ਪਾਇਆ ਗਿਆ ਹੈ, ਜੋ ਕਿ ਭਾਰਤ ਦੀ ਲਗਭਗ 50 ਤੋਂ 60 ਲੱਖ ਰੁਪਏ ਦੀ ਰਕਮ ਬਣਦੀ ਹੈ, ਜਿਸ ਦੇ ਮੁਤਾਬਕ ਉਨ੍ਹਾਂ ਨੂੰ ਵਾਪਸ ਭਾਰਤ ਆਉਣ ਲਈ ਇਕ ਜਣੇ ਨੂੰ 12 ਲੱਖ ਰੁਪਏ ਦੀ ਲੋੜ ਹੈ।

ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਅੰਦਰੋਂ 7 ਮੋਬਾਈਲ ਫੋਨ ਅਤੇ ਹੋਰ ਸਾਮਾਨ ਹੋਇਆ ਬਰਾਮਦ

ਇਸ ਮੌਕੇ ਮੁਖਤਿਆਰ ਸਿੰਘ ਨੇ ਅੱਖਾਂ ’ਚੋਂ ਹੰਝੂ ਵਹਾਉਂਦਿਆਂ ਕਿਹਾ ਕਿ ਅਸੀਂ ਮਿਹਨਤ ਮਜ਼ਦੂਰੀ ਕਰ ਕੇ ਆਪਣਾ ਢਿੱਡ ਪਾਲਦੇ ਹਾਂ ਅਤੇ ਮੇਰੇ ਇਕ ਪੁੱਤਰ ਦੀ ਕਰੀਬ ਚਾਰ ਸਾਲ ਪਹਿਲਾਂ ਐਕਸੀਡੈਂਟ ਦੌਰਾਨ ਮੌਤ ਹੋ ਗਈ ਸੀ, ਜਿਸ ’ਤੇ ਪਰਿਵਾਰ ਵਿਚ ਦੋ ਬੇਟੀਆਂ ਅਤੇ ਇਕ ਬੇਟਾ ਹੈ, ਜਦੋਂਕਿ ਦੂਸਰਾ ਪੁੱਤਰ ਗੁਰਮੇਜ ਸਿੰਘ ਸਾਡੇ ਤੇ ਆਪਣੇ ਮ੍ਰਿਤਕ ਭਰਾ ਦੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਦੁਬਈ ਗਿਆ ਸੀ, ਜਿਹੜਾ ਕਿ ਹੁਣ ਓਥੋਂ ਦੀ ਜੇਲ੍ਹ ਵਿਚ ਬੰਦ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਸਮੂਹ ਐੱਨ. ਜੀ. ਓ. ਅਤੇ ਐੱਨ. ਆਰ. ਆਈ. ਵੀਰਾਂ, ਭਰਾਵਾਂ ਨੂੰ ਮਦਦ ਲਈ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਸਾਡੇ ਬੁਢਾਪੇ ਦੇ ਸਹਾਰੇ ਗੁਰਮੇਜ ਸਿੰਘ ਨੂੰ ਭਾਰਤ ਲਿਆਉਣ ਵਿਚ ਸਾਡੀ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ- ਪੱਟੀ ਦੇ ਪਿੰਡ ਭੈਣੀ 'ਚ ਜ਼ਮੀਨੀ ਵਿਵਾਦ ਦੇ ਚੱਲਦਿਆਂ 75 ਸਾਲਾ ਬਜ਼ੁਰਗ ਔਰਤ ਦੀ ਕੁੱਟਮਾਰ

ਜ਼ਿਕਰਯੋਗ ਹੈ ਕਿ ਗੁਰਮੇਜ ਸਿੰਘ ਦੇ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ ਕਿ ਘਰ ਵਿਚ ਦੋ ਪੁਰਾਣੇ ਕਮਰੇ ਹਨ ਜੋ ਸੜਕ ਤੋਂ ਕਰੀਬ 6 ਫੁੱਟ ਨੀਵੇਂ ਹੋਣ ਕਾਰਨ ਖੂਹ ਬਣੇ ਹੋਏ ਹਨ ਅਤੇ ਪਰਿਵਾਰ ਕਾਨਿਆਂ ਦੀ ਛੰਨ ਪਾ ਕੇ ਗੁਜ਼ਾਰਾ ਕਰ ਰਿਹਾ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

Shivani Bassan

This news is Content Editor Shivani Bassan