ਲੜਕੀ ਖਾਤਰ ਹੋਈ ਲੜਾਈ, ਨੌਜਵਾਨਾਂ ਨੇ ਆਪਣੇ ਹੀ ਦੋਸਤ ਨੂੰ ਮਾਰੀ ਗੋਲੀ

11/22/2017 1:18:50 AM

ਬਠਿੰਡਾ,(ਬਲਵਿੰਦਰ)— ਮੁਹੱਲੇ ਦੀ ਲੜਕੀ ਖਾਤਰ ਹੋਈ ਲੜਾਈ ਦੀ ਖੁੰਦਕ 'ਚ ਕੁਝ ਨੌਜਵਾਨਾਂ ਨੇ ਆਪਣੇ ਹੀ ਦੋਸਤ ਨੂੰ ਗੋਲੀ ਮਾਰ ਦਿੱਤੀ, ਜੋ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।
 ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਰਮੀਤ ਸਿੰਘ ਵਾਸੀ ਬੁਰਜ ਮਹਿਮਾ, ਜੋ ਅਕਸਰ ਆਪਣੇ ਚਚੇਰੇ ਭਰਾਵਾਂ ਗਗਨਦੀਪ ਸਿੰਘ ਤੇ ਜਗਦੀਪ ਸਿੰਘ ਕੋਲ ਖੇਤਾ ਸਿੰਘ ਬਸਤੀ ਬਠਿੰਡਾ ਵਿਖੇ ਆਉਂਦਾ-ਜਾਂਦਾ ਸੀ, ਜਦਕਿ ਕਾਕੂ ਉਰਫ ਚਿੰਦੀ ਵਾਸੀ ਹਰਦੇਵ ਨਗਰ, ਨਿਤਿਸ਼ ਕੁਮਾਰ ਤੇ ਰੋਹਿਤ ਕੁਮਾਰ ਵੀ ਉਕਤ ਦੇ ਚੰਗੇ ਦੋਸਤ ਸਨ। ਇਹ ਸਾਰੇ ਰੰਗ-ਰੰਗਾਈ, ਪੀ. ਓ. ਪੀ. ਆਦਿ ਦਾ ਕੰਮ ਕਰਦੇ ਸਨ। ਕਾਕੂ, ਨਿਤਿਸ਼ ਕੁਮਾਰ ਤੇ ਰੋਹਿਤ ਆਦਿ ਖੇਤਾ ਸਿੰਘ ਬਸਤੀ 'ਚ ਕਿਸੇ ਲੜਕੀ ਨਾਲ ਦੋਸਤੀ ਕਰਨ ਦੀ ਫਿਰਾਕ ਵਿਚ ਸਨ। ਉਨ੍ਹਾਂ ਦਾ ਉਕਤ ਮੰਤਵ ਖਾਤਰ ਅਕਸਰ ਬਸਤੀ 'ਚ ਆਉਣਾ-ਜਾਣਾ ਗੁਰਮੀਤ ਸਿੰਘ ਤੇ ਉਸ ਦੇ ਭਰਾਵਾਂ ਨੂੰ ਖਟਕਣ ਲੱਗਾ ਸੀ, ਜਿਸ ਕਾਰਨ ਕੁਝ ਸਮਾਂ ਪਹਿਲਾਂ ਦੋਵੇਂ ਧਿਰਾਂ ਵਿਚ ਲੜਾਈ ਵੀ ਹੋ ਗਈ ਸੀ ਪਰ ਕੁਝ ਵਿਅਕਤੀਆਂ ਨੇ ਬਚਾਅ ਕਰਦਿਆਂ ਦੋਵੇਂ ਧਿਰਾਂ ਨੂੰ ਬਿਠਾ ਕੇ ਸਮਝੌਤਾ ਕਰਵਾ ਦਿੱਤਾ ਸੀ।
 ਮੰਗਲਵਾਰ ਸਵੇਰੇ ਕਰੀਬ 11.30 ਵਜੇ ਜਦੋਂ ਗੁਰਮੀਤ, ਗਗਨਦੀਪ ਤੇ ਜਗਦੀਪ ਸਿੰਘ ਆਪਣੀ ਸਵਿਫਟ ਕਾਰ 'ਤੇ ਕਿਸੇ ਕੰਮ ਲਈ ਜਾ ਰਹੇ ਸਨ ਤਾਂ ਬਸਤੀ ਦੇ ਅੰਦਰ ਹੀ ਗੁਰਦੁਆਰਾ ਸਾਹਿਬ ਕੋਲ ਤਿੰਨ ਮੋਟਰਸਾਈਕਲ ਸਵਾਰਾਂ ਨੇ ਇਨ੍ਹਾਂ ਨੂੰ ਘੇਰਾ ਪਾ ਲਿਆ, ਜਿਨ੍ਹਾਂ 'ਚ ਕਾਕੂ, ਨਿਤਿਸ਼ ਕੁਮਾਰ ਤੇ ਰੋਹਿਤ ਕੁਮਾਰ ਤੋਂ ਇਲਾਵਾ ਤਿੰਨ ਹੋਰ ਅਣਪਛਾਤੇ ਨੌਜਵਾਨ ਸਨ। ਗੁਰਮੀਤ ਸਿੰਘ ਗੱਡੀ 'ਚੋਂ ਉਤਰਨ ਲੱਗਾ ਤਾਂ ਉਕਤ ਨੇ ਉਸ 'ਤੇ ਗੋਲੀਆਂ ਵਰ੍ਹਾ ਦਿੱਤੀਆਂ। ਅੱਧੀ ਦਰਜਨ ਚੱਲੀਆਂ ਗੋਲੀਆਂ 'ਚੋਂ ਕੁਝ ਕਾਰ 'ਤੇ ਲੱਗੀਆਂ, ਜਦਕਿ ਇਕ ਗੋਲੀ ਗੁਰਮੀਤ ਸਿੰਘ ਦੀ ਲੱਤ ਵਿਚ ਵੀ ਲੱਗੀ। ਹਮਲਾਵਰ ਮੌਕੇ ਤੋਂ ਤੁਰੰਤ ਫਰਾਰ ਹੋ ਗਏ। ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। 
ਕੀ ਕਹਿਣਾ ਹੈ ਤਫਤੀਸ਼ੀ ਅਧਿਕਾਰੀ ਦਾ :
ਥਾਣਾ ਥਰਮਲ ਪਲਾਂਟ ਦੇ ਤਫਤੀਸ਼ੀ ਅਧਿਕਾਰੀ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਜ਼ਖਮੀ ਦਾ ਬਿਆਨ ਦਰਜ ਕੀਤਾ ਗਿਆ ਹੈ, ਜਦਕਿ ਹੋਰ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਹੀ ਜਾਪ ਰਿਹਾ ਹੈ। ਮੁਲਜ਼ਮ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਖਾਤਰ ਛਾਪੇਮਾਰੀ ਕੀਤੀ ਜਾ ਰਹੀ ਹੈ, ਜਦਕਿ ਵਰਤੇ ਗਏ ਅਸਲੇ ਦੀ ਪੜਤਾਲ ਵੀ ਜਾਰੀ ਹੈ। ਮੁਲਜ਼ਮਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।