ਛੱਤ ''ਤੇ ਪੜ੍ਹਨ ਬੈਠੇ ਨੌਜਵਾਨ ਨੂੰ ਬਾਂਦਰ ਨੇ ਕੀਤਾ ਜ਼ਖ਼ਮੀ

11/18/2017 2:22:12 AM

ਹਰਿਆਣਾ, (ਰਾਜਪੂਤ)- ਸਥਾਨਕ ਕਸਬੇ 'ਚ ਬਾਂਦਰਾਂ ਵੱਲੋਂ ਲੋਕਾਂ ਨੂੰ ਜ਼ਖ਼ਮੀ ਕੀਤੇ ਜਾਣ ਦੀਆਂ ਘਟਨਾਵਾਂ ਦਾ ਸਿਲਸਿਲਾ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ। ਕਸਬੇ ਦੇ ਰਾਣਕਾ ਮੁਹੱਲੇ 'ਚ ਵੀ ਅੱਜ ਇਕ ਬਾਂਦਰ ਨੇ 18 ਸਾਲਾ ਨੌਜਵਾਨ ਰਾਜਵੀਰ ਸਰੋਆ ਨੂੰ ਜ਼ਖ਼ਮੀ ਕਰ ਦਿੱਤਾ।
ਜ਼ਖ਼ਮੀ ਰਾਜਵੀਰ ਨੇ ਦੱਸਿਆ ਕਿ ਉਹ ਛੱਤ 'ਤੇ ਪੜ੍ਹਨ ਲਈ ਬੈਠਾ ਹੋਇਆ ਸੀ ਕਿ ਅਚਾਨਕ ਦੋ ਬਾਂਦਰਾਂ 'ਚੋਂ ਇਕ ਨੇ ਉਸ ਦੀ ਪਿੱਠ 'ਤੇ ਦੰਦਾਂ ਅਤੇ ਨਹੁੰਦਰਾਂ ਨਾਲ ਹਮਲਾ ਕਰ ਦਿੱਤਾ। ਰੌਲਾ ਪਾਉਣ 'ਤੇ ਉਸ ਦੇ ਪਰਿਵਾਰਕ ਮੈਂਬਰ ਆ ਗਏ ਅਤੇ ਬਾਂਦਰਾਂ ਦੀ ਚੁੰਗਲ 'ਚੋਂ ਉਸ ਨੂੰ ਛੁਡਵਾਇਆ। ਰਾਜਵੀਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਬਾਂਦਰਾਂ ਨੂੰ ਕਾਬੂ ਕਰ ਕੇ ਆਏ ਦਿਨ ਕੀਤੇ ਜਾ ਰਹੇ ਹਮਲਿਆਂ ਤੋਂ ਲੋਕਾਂ ਨੂੰ ਨਿਜਾਤ ਦਿਵਾਈ ਜਾਵੇ।