ਰੋਜ਼ਗਾਰ ਦੀ ਭਾਲ 'ਚ ਗਏ ਪਿੰਡ ਕੜਿਆਲ ਦੇ ਨੌਜਵਾਨ ਦੀ ਮਨੀਲਾ 'ਚ ਮੌਤ

12/26/2017 4:30:02 PM

ਕੋਟ ਈਸੇ ਖਾਂ (ਛਾਬੜਾ)- ਰੋਜ਼ਗਾਰ ਦੀ ਭਾਲ 'ਚ ਮਨੀਲਾ ਗਏ ਪਿੰਡ ਕੜਿਆਲ ਦੇ ਨੌਜਵਾਨ ਦੀ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ 4 ਕੁ ਮਹੀਨੇ ਪਹਿਲਾਂ ਹੀ ਮਨੀਲਾ ਰਹਿੰਦੇ ਆਪਣੇ ਛੋਟੇ ਭਰਾ ਕੋਲ ਗਿਆ ਸੀ। ਮ੍ਰਿਤਕ ਨੌਜਵਾਨ ਗੁਰਭੇਜ ਸਿੰਘ ਦੇ ਪਿਤਾ ਮੇਜਰ ਸਿੰਘ ਨੇ ਭਰੇ ਮਨ ਦੱਸਿਆ ਕਿ ਜ਼ਮੀਨ ਥੋੜੀ ਹੋਣ ਕਾਰਨ ਘਰ ਦਾ  ਗੁਜ਼ਾਰਾ ਮੁਸ਼ਕਲ ਨਾਲ ਹੀ ਹੁੰਦਾ ਸੀ।  ਆਰਥਿਕ ਤੰਗ ਕਾਰਨ ਕਰੀਬ ਨੌਂ ਕੁ ਮਹੀਨੇ ਪਹਿਲਾਂ ਮੇਰਾ ਛੋਟਾ ਲੜਕਾ ਗੁਰਮੇਲ ਸਿੰਘ ਰੋਜ਼ਗਾਰ ਦੀ ਭਾਲ 'ਚ ਮਨੀਲਾ ਚਲਾ ਗਿਆ। ਤਕਰੀਬਨ 4 ਕੁ ਮਹੀਨੇ ਪਹਿਲਾਂ ਮੈਂ ਆਪਣੀ ਜ਼ਮੀਨ ਵੇਚ ਕੇ ਆਪਣੇ ਵੱਡੇ ਲੜਕੇ ਗੁਰਭੇਜ ਸਿੰਘ (26) ਨੂੰ ਵੀ ਮਨੀਲਾ ਭੇਜ ਦਿੱਤਾ ਪਰ ਬੀਤੀ 19 ਦਸੰਬਰ ਨੂੰ ਗੁਰਭੇਜ ਮੋਟਰਸਾਇਕਲ ਰਾਹੀਂ ਆਪਣੇ ਕੰਮ ਤੋਂ ਵਾਪਸ ਪਰਤ ਰਿਹਾ ਸੀ ਕਿ ਸੜਕ ਦੇ ਨਿਰਮਾਣ ਚੱਲਦਾ ਹੋਣ ਕਾਰਨ ਉਸ ਦਾ ਮੋਟਰਸਾਈਕਲ ਸਲਿਪ ਹੋ ਜਾਣ ਕਾਰਨ ਡਿੱਗ ਪਿਆ ਅਤੇ ਗੁਰਭੇਜ ਗੰਭੀਰ ਰੂਪ ਵਿੱਚ ਜ਼ਖ਼ਮੀਂ ਹੋ ਗਿਆ।  ਜਿਸ ਦੀ ਇਲਾਜ਼ ਦੌਰਾਨ 25 ਦਸੰਬਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 2 ਕੁ ਵਜੇ ਦੇ ਕਰੀਬ ਮੌਤ ਹੋ ਗਈ। ਪਿੰਡ ਦੇ ਵਿਅਕਤੀਆਂ ਨੇ ਸਰਕਾਰ ਅੱਗੇ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।