ਮਜ਼ਦੂਰ ਦਾ ਕਤਲ ਕਰਨ ਵਾਲਾ ਗ੍ਰਿਫ਼ਤਾਰ

02/25/2018 8:06:43 AM

ਫਗਵਾੜਾ, (ਹਰਜੋਤ, ਰੁਪਿੰਦਰ ਕੌਰ)- ਪਿੰਡ ਨੰਗਲ ਸਪਰੋੜ ਵਿਖੇ ਇਕ ਪ੍ਰਵਾਸੀ ਮਜ਼ਦੂਰ ਦੀ ਇੱਟਾਂ ਮਾਰ ਕੇ ਹੱਤਿਆ ਕਰਨ ਦੇ ਦੋਸ਼ 'ਚ ਪੁਲਸ ਨੇ ਕਤਲ ਕਰਨ ਵਾਲੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਐੱਸ. ਐੱਸ. ਪੀ. ਸੰਦੀਪ ਸ਼ਰਮਾ ਤੇ ਐੱਸ. ਪੀ. ਪਰਮਿੰਦਰ ਸਿੰਘ ਭੰਡਾਲ ਨੇ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ 20 ਫਰਵਰੀ ਨੂੰ ਬਿਸ਼ਰਾਮ ਸ਼ਮਦ ਪੁੱਤਰ ਨਿਰਮਲ ਸ਼ਮਦ ਵਾਸੀ ਝਾਰਖੰਡ ਦਾ ਕਤਲ ਹੋਇਆ ਸੀ। 
ਮ੍ਰਿਤਕ ਪਰਮਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਦੇ ਪੁਰਾਣੇ ਘਰ 'ਚ ਕਾਫ਼ੀ ਸਾਲਾਂ ਤੋਂ ਰਹਿ ਰਿਹਾ ਸੀ ਤੇ ਪਿੰਡ 'ਚ ਕੁਲਦੀਪ ਸਿੰਘ ਨਾਮੀ ਵਿਅਕਤੀ ਦੇ ਘਰ 'ਚ ਉਕਤ ਵਿਅਕਤੀ ਨੂੰ ਕੰਮ ਕਰਨ ਲਈ ਰੱਖਿਆ ਸੀ। ਸ਼ਮਦ ਤੇ ਕਾਤਲ ਵਿਨੋਦ ਤੋਪਨ ਪੁੱਤਰ ਸਾਮੇਲ ਤੋਪਨੋ ਵਾਸੀ ਧੋਬਰੰਜਨ ਥਾਣਾ ਜਲਡੇਗਾ ਸੁਖਜਾਰੀਆਂ ਮਿਸਡੇਗਾ ਝਾਰਖੰਡ ਨਾਲ ਸ਼ਰਾਬ ਪੀਂਦੇ ਸਮੇਂ ਝਗੜਾ ਹੋ ਗਿਆ ਉਸ ਨੇ ਪਹਿਲਾਂ ਉਸ ਨੂੰ ਪੌੜੀਆਂ 'ਚੋਂ ਧੱਕਾ ਦੇ ਕੇ ਸੁੱਟ ਦਿੱਤਾ, ਜਿਸ ਕਾਰਨ ਉਸ ਦੇ ਸਿਰ 'ਚ ਸੱਟ ਲੱਗ ਗਈ ਤੇ ਬਾਅਦ 'ਚ ਉਸ ਦੇ ਇੱਟਾਂ ਮਾਰ-ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਤੇ ਲਾਸ਼ ਝਾੜੀਆਂ 'ਚ ਸੁੱਟ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਦੀ ਪੜਤਾਲ ਲਈ ਐੱਸ. ਪੀ. ਪਰਮਿੰਦਰ ਸਿੰਘ ਭੰਡਾਲ ਦੀ ਅਗਵਾਈ 'ਚ ਜਾਂਚ ਟੀਮ ਬਣਾਈ ਗਈ ਸੀ, ਜਿਸ 'ਚ ਡੀ. ਐੱਸ. ਪੀ. ਸੋਹਣ ਲਾਲ, ਐੱਸ. ਐੱਚ. ਓ. ਸਦਰ ਲਖਵੀਰ ਸਿੰਘ, ਚਹੇੜੂ ਚੌਕੀ ਇੰਚਾਰਜ ਬਲਜਿੰਦਰ ਸਿੰਘ ਨੂੰ ਟੀਮ 'ਚ ਸ਼ਾਮਿਲ ਕੀਤਾ ਸੀ, ਜਿਨ੍ਹਾਂ ਜਾਂਚ ਕਰਕੇ ਉਕਤ ਦੋਸ਼ੀ ਨੂੰ ਕਾਬੂ ਕਰ ਲਿਆ। ਇਸ ਸਬੰਧੀ ਪੁਲਸ ਨੇ ਕੇਸ ਪਹਿਲਾਂ ਹੀ ਦਰਜ ਕੀਤਾ ਹੋਇਆ ਹੈ।