ਪ੍ਰਾਪਰਟੀ ਦੇ ਨਾਂ ''ਤੇ ਡਾਕਟਰ ਤੋਂ 3 ਲੱਖ ਦੀ ਠੱਗੀ ਮਾਰਨ ਵਾਲੀ ਔਰਤ ਗ੍ਰਿਫਤਾਰ

04/17/2018 6:40:32 AM

ਲੁਧਿਆਣਾ, (ਮਹੇਸ਼)- ਪ੍ਰਾਪਰਟੀ ਦੇ ਨਾਂ 'ਤੇ ਇਕ ਡਾਕਟਰ ਤੋਂ 3 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਨਾਮਜ਼ਦ ਕੀਤੀ ਗਈ ਔਰਤ ਨੂੰ ਡਾਬਾ ਪੁਲਸ ਨੇ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂਕਿ ਔਰਤ ਦਾ ਜਵਾਈ ਨਿਰਮਲ ਸਿੰਘ ਉਰਫ ਪਬਲਾ ਹੁਣ ਤੱਕ ਫਰਾਰ ਹੈ। ਕਾਬੂ ਔਰਤ ਦੀ ਪਛਾਣ ਬਸੰਤ ਨਗਰ ਇਲਾਕੇ ਦੀ ਹਰਜੀਤ ਕੌਰ ਦੇ ਰੂਪ ਵਿਚ ਹੋਈ ਹੈ, ਜਿਸ ਦੇ ਪਤੀ ਦਾ ਦਿਹਾਂਤ ਹੋ ਚੁੱਕਿਆ ਹੈ।
ਇੰਸਪੈਕਟਰ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਸਬੰਧ ਵਿਚ ਨਿਊ ਜਨਤਾ ਦੇ ਡਾਕਟਰ ਦਲਬੀਰ ਸਿੰਘ ਦੀ ਸ਼ਿਕਾਇਤ 'ਤੇ 30 ਮਾਰਚ 2018 ਨੂੰ ਫਰਾਡ ਦਾ ਪਰਚਾ ਦਰਜ ਕੀਤਾ ਗਿਆ ਸੀ। ਜਿਸ ਵਿਚ ਅੱਜ ਹਰਜੀਤ ਕੌਰ ਦੀ ਗ੍ਰਿਫਤਾਰੀ ਹੋਈ ਹੈ, ਜਦੋਂਕਿ ਉਸ ਦੇ ਜਵਾਈ ਨਿਰਮਲ ਸਿੰਘ, ਜੋ ਕਿ ਲੋਹਾਰਾ ਦਾ ਰਹਿਣ ਵਾਲਾ ਹੈ ਅਤੇ ਪ੍ਰਾਪਰਟੀ ਦਾ ਕੰਮ ਕਰਦਾ ਹੈ ਨੂੰ ਗ੍ਰਿਫਤਾਰ ਕਰਨ ਦੇ ਲਈ ਉਸ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਸ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਗੁਰਬਿੰਦਰ ਨੇ ਦੱਸਿਆ ਕਿ ਦੋਸ਼ੀਆਂ ਨੇ ਬਹੁਤ ਹੀ ਸੋਚੇ ਸਮਝੇ ਢੰਗ ਨਾਲ ਡਾਕਟਰ ਨੂੰ ਆਪਣਾ ਸ਼ਿਕਾਰ ਬਣਾਇਆ। ਹਰਜੀਤ ਦੀ ਲੋਹਾਰਾ 'ਚ 43 ਗਜ਼ ਦੀ ਇਕ ਪ੍ਰਾਪਰਟੀ ਹੈ, ਜਿਸ ਨੂੰ ਪਹਿਲਾਂ ਹੀ ਉਹ ਸੁਪਰੀਆ ਬੇਦੀ ਨਾਂ ਦੀ ਇਕ ਔਰਤ ਨੂੰ ਵੇਚ ਚੁੱਕੀ ਹੈ ਪਰ ਬਾਵਜੂਦ ਇਸ ਦੇ ਹਰਜੀਤ ਨੇ ਆਪਣੇ ਜਵਾਈ ਦੇ ਨਾਲ ਮਿਲ ਉਸ ਨੂੰ ਵੇਚ ਗਈ ਪ੍ਰਾਪਰਟੀ ਦਾ ਸੌਦਾ 3 ਲੱਖ ਰੁਪਏ ਵਿਚ ਦਲਬੀਰ ਦੇ ਨਾਲ ਕਰ ਲਿਆ ਅਤੇ ਕਿਸੇ ਢੰਗ ਨਾਲ ਪੂਰੀ ਰਕਮ ਵਸੂਲ ਲਈ।
ਇਸ ਦੇ ਬਾਅਦ ਦੋਸ਼ੀਆਂ ਨੇ ਪ੍ਰਾਪਰਟੀ ਦੇ ਕਬਜ਼ੇ ਅਤੇ ਰਜਿਸਟਰੀ ਲਈ ਬਹਾਨੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਦਲਬੀਰ ਨੇ ਜਦ ਸਰਕਾਰੀ ਰਿਕਾਰਡ ਚੈੱਕ ਕੀਤਾ ਤਾਂ ਦੋਸ਼ੀਆਂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਅਤੇ ਉਸ ਨੇ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕੀਤਾ। ਇਸ 'ਤੇ ਉਸ ਨੇ 7 ਮਾਰਚ 2017 ਨੂੰ ਪੁਲਸ ਕਮਿਸ਼ਨਰ ਦੇ ਸਾਹਮਣੇ ਪੇਸ਼ ਹੋ ਕੇ ਇਨਸਾਫ ਦੀ ਮੰਗ ਕੀਤੀ ਸੀ।