ਹਵਾ ''ਚ ਤੀਰ ਚਲਾਉਂਦੀ ਫਿਰ ਰਹੀ ਹੈ ਸੱਤਾਹੀਣ ਹੋਈ ਜੀਜੇ-ਸਾਲੇ ਦੀ ਜੋੜੀ

02/16/2018 3:54:48 AM

ਬਾਘਾਪੁਰਾਣਾ,   (ਚਟਾਨੀ)-  ਹਲਕਾ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਇਥੇ ਰੱਖੀ ਗਈ ਇਕ ਪ੍ਰੈੱਸ ਕਾਨਫਰੰਸ ਦੌਰਾਨ ਅਕਾਲੀ ਦਲ ਦੀ ਰੈਲੀ ਮੌਕੇ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਤੀਰਥ ਸਿੰਘ ਮਾਹਲਾ ਵੱਲੋਂ ਉਨ੍ਹਾਂ (ਵਿਧਾਇਕ ਬਰਾੜ) ਉਪਰ ਕੀਤੀਆਂ ਗਈਆਂ ਤਿੱਖੀਆਂ ਟਿੱਪਣੀਆਂ ਨੂੰ ਬੌਖਲਾਹਟ 'ਚ ਉਗਲਿਆ ਜ਼ਹਿਰ ਦੱਸਿਆ। ਵਿਧਾਇਕ ਨੇ ਕਿਹਾ ਕਿ ਅਕਾਲੀ ਦਲ ਦੇ ਸਮੱਗਲਰਾਂ ਵੱਲੋਂ ਥਾਣਿਆਂ-ਚੌਕੀਆਂ 'ਚ ਸ਼ਰੇਆਮ ਵੇਚੇ ਜਾਂਦੇ ਚਿੱਟੇ, ਭੁੱਕੀ ਤੋਂ ਬਾਦਲ ਅਤੇ ਮਜੀਠੀਆ ਪਰਿਵਾਰ ਨੂੰ ਹੋਣ ਵਾਲੀ ਮੋਟੀ ਕਮਾਈ ਦੇ ਬੰਦ ਹੋਣ ਕਰ ਕੇ ਹੁਣ ਜੀਜੇ ਅਤੇ ਸਾਲੇ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਹੈ। ਇਹੀ ਕਾਰਨ ਹੈ ਕਿ ਹੁਣ ਇਹ ਜੋੜੀ ਊਲ-ਜਲੂਲ ਬੋਲ ਰਹੀ ਹੈ।  ਵਿਧਾਇਕ ਨੇ ਕਿਹਾ ਕਿ ਸਿੱਖ ਪੰਥ ਦੀਆਂ ਭਾਵਨਾਵਾਂ ਭੜਕਾ ਕੇ ਅਤੇ ਸਿੱਖੀ ਦਾ ਵਾਸਤਾ ਪਾ ਕੇ ਪਿਛਲੇ 50 ਸਾਲਾਂ ਤੋਂ ਬਾਦਲ ਪਰਿਵਾਰ ਸੱਤਾ ਦਾ ਆਨੰਦ ਮਾਣਦਾ ਆ ਰਿਹਾ ਹੈ ਪਰ ਅੱਜ ਗੁਰੂ ਘਰ 'ਤੇ ਜੀ. ਐੱਸ. ਟੀ. ਰਾਹੀਂ ਕਰੋੜਾਂ ਰੁਪਏ ਦਾ ਬੋਝ ਪਾਉਣ ਵਾਲੀ ਅਕਾਲੀ ਦਲ ਦੀ ਸਹਿਯੋਗੀ ਭਾਜਪਾ ਸਰਕਾਰ ਕੋਲ ਪੰਥ ਦੇ ਅਖੌਤੀ ਪਹਿਰੇਦਾਰਾਂ ਨੇ ਟੈਕਸ ਨੂੰ ਬੰਦ ਕਰਵਾਉਣ ਲਈ ਭੋਰਾ ਭਰ ਵੀ ਚਾਰਾਜੋਈ ਨਹੀਂ ਕੀਤੀ। ਵਿਧਾਇਕ ਬਰਾੜ ਅਤੇ ਪ੍ਰਦੇਸ਼ ਕਾਂਗਰਸ ਦੇ ਮੁੱਖ ਬੁਲਾਰੇ ਕਮਲਜੀਤ ਸਿੰਘ ਬਰਾੜ ਨੇ ਕਿਹਾ ਕਿ ਮੋਦੀ ਸਰਕਾਰ ਮੂਹਰੇ ਮੂਕ ਦਰਸ਼ਕ ਬਣਦਾ ਅਤੇ ਹਰੇਕ ਮੁੱਦੇ 'ਤੇ ਗੋਡੇ ਟੇਕਣੇ ਬਾਦਲ ਪਰਿਵਾਰ ਦੀ ਇਕੋ-ਇਕ ਵੱਡੀ ਮਜਬੂਰੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਵਜ਼ੀਰੀ ਨੂੰ ਸੁਰੱਖਿਅਤ ਰੱਖਣਾ ਹੈ।  ਦੋਵਾਂ ਨੇ ਦੋਸ਼ ਲਾਇਆ ਕਿ ਜਿਹੜਾ ਪਰਿਵਾਰ ਜਲਿਆਂਵਾਲੇ ਬਾਗ ਅੰਦਰ ਨਿਹੱਥੇ ਲੋਕਾਂ ਉਪਰ ਗੋਲੀਆਂ ਚਲਾਉਣ ਵਾਲੇ ਕਾਤਲ ਜਨਰਲ ਡਾਇਰ ਨਾਲ ਪਿਆਲੇ ਸਾਂਝੇ ਕਰਦਾ ਰਿਹਾ ਹੋਵੇ, ਅਜਿਹੇ ਪਰਿਵਾਰ ਤੋਂ ਪੰਜਾਬੀਆਂ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ। ਬਰਾੜ ਦਾ ਸਿੱਧਾ ਇਸ਼ਾਰਾ ਬਿਕਰਮ ਮਜੀਠੀਆ ਦੇ ਪਰਿਵਾਰ ਵੱਲ ਸੀ। ਕੌਂਸਲ ਚੋਣਾਂ ਸਬੰਧੀ ਉਕਤ ਆਗੂਆਂ ਨੇ ਦੋਸ਼ਾਂ ਨੂੰ ਨਕਾਰਦਿਆਂ ਵਿਧਾਇਕ ਬਰਾੜ ਨੇ ਕਿਹਾ ਕਿ ਪਿਛਲੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਘਰੋਂ-ਘਰ ਜਾ ਕੇ ਬੰਦੂਕ ਦੀ ਨੋਕ 'ਤੇ ਡਰਾਇਆ ਗਿਆ ਜਦਕਿ ਇਸ ਵਾਰ ਅਕਾਲੀ ਉਮੀਦਵਾਰਾਂ ਦੇ ਰਾਹ 'ਚ ਕਾਂਗਰਸ ਨੇ ਭੋਰਾ ਜਿੰਨੀ ਵੀ ਰੁਕਾਵਟ ਨਹੀਂ ਪਾਈ। 
ਦੋਵਾਂ ਪਿਉ-ਪੁੱਤਰਾਂ ਨੇ ਕਿਹਾ ਕਿ ਅਕਾਲੀ ਅਤੇ ਭਾਜਪਾ ਆਗੂਆਂ ਦੇ ਹੁਣ ਤੱਕ ਲੁੱਕੇ ਆ ਰਹੇ ਸਭ ਕਿੱਸਿਆਂ ਨੂੰ ਲੋਕਾਂ 'ਚ ਨੰਗਾ ਕੀਤਾ ਜਾਵੇਗਾ ਅਤੇ ਕਿਸੇ ਦੀ ਵੀ ਪੋਲ ਖੋਲ੍ਹਣ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਇਸਦਾ ਆਰੰਭ ਵੀ ਬਾਘਾਪੁਰਾਣਾ ਹਲਕੇ ਤੋਂ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਜਗਸੀਰ ਸਿੰਘ ਕਾਲੇਕੇ, ਬਿੱਟੂ ਮਿੱਤਲ, ਡਾ. ਗੋਗੀ ਗਿੱਲ, ਮੁਖੀ ਬਰਾੜ ਖੋਟੇ, ਜਗਸੀਰ ਗਰਗ ਅਤੇ ਜਗਰੂਪ ਗੋਦਾਰਾ ਵੀ ਹਾਜ਼ਰ ਸਨ।