ਪੀੜਤ ਪਰਿਵਾਰ ਪੁਲਸ ਤੋਂ ਇਨਸਾਫ ਲੈਣ ਲਈ ਹੋ ਰਿਹੈ ਖੱਜਲ-ਖੁਆਰ

01/18/2018 1:16:26 AM

ਜਾਡਲਾ, (ਜਸਵਿੰਦਰ)- ਧੋਖੇਬਾਜ਼ ਟਰੈਵਲ ਏਜੰਟਾਂ ਨੂੰ ਫੜਨ ਲਈ ਸਰਕਾਰ ਵੱਲੋਂ ਪੁਲਸ ਨੂੰ ਭਾਵੇਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਪਰ ਪੁਲਸ ਸਰਕਾਰ ਦੇ ਹੁਕਮਾਂ ਦੀ ਕਿੰਨੀ ਕੁ ਪਾਲਣਾ ਕਰਦੀ ਹੈ, ਦਾ ਅੰਦਾਜ਼ਾ ਓਂਕਾਰ ਨਾਥ ਪੁੱਤਰ ਮੰਗਤ ਰਾਮ ਚੌਕੀਦਾਰ ਵਾਸੀ ਸਨਾਵਾ ਤੋਂ ਲਾਇਆ ਜਾ ਸਕਦਾ ਹੈ। ਪੀੜਤ ਓਂਕਾਰ ਨਾਥ ਨੇ ਦੱਸਿਆ ਕਿ ਪਿੰਡ ਜੱਲੋਵਾਲ (ਗੜ੍ਹਸ਼ੰਕਰ) ਦੇ ਇਕ ਏਜੰਟ ਵੱਲੋਂ ਉਸ ਨੂੰ ਦੁਬਈ ਭੇਜਣ ਲਈ 65 ਹਜ਼ਾਰ ਰੁਪਏ ਲਏ ਹਨ। ਏਜੰਟ ਵੱਲੋਂ ਉਨ੍ਹਾਂ ਦੀ 4 ਸਤੰਬਰ, 2017 ਨੂੰ ਦੁਬਈ ਦੀ ਫਲਾਈਟ ਕਰਵਾ ਦਿੱਤੀ। ਜਦੋਂ ਉਹ ਦੁਬਈ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਵੀਜ਼ਾ ਵਰਕ ਪਰਮਿਟ ਵਾਲਾ ਨਹੀਂ ਟੂਰਿਸਟ ਹੈ। ਪੀੜਤ ਨੇ ਦੱਸਿਆ ਕਿ ਕਰੀਬ 20 ਦਿਨ ਬਾਅਦ ਕੰਪਨੀ ਵੱਲੋਂ ਉਨ੍ਹਾਂ ਨੂੰ ਵਾਪਸ ਇੰਡੀਆ ਭੇਜ ਦਿੱਤਾ ਗਿਆ। ਇਸ ਮਾਮਲੇ ਸਬੰਧੀ ਜਦੋਂ ਉਨ੍ਹਾਂ ਏਜੰਟ ਨਾਲ ਸੰਪਰਕ ਕੀਤਾ ਤਾਂ ਉਸ ਨੇ ਉਲਟਾ ਉਨ੍ਹਾਂ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ। ਉਸ ਵੱਲੋਂ ਇਨਸਾਫ ਦੀ ਮੰਗ ਨੂੰ ਲੈ ਕੇ ਐੱਸ.ਐੱਸ.ਪੀ. ਸ਼ਹੀਦ ਭਗਤ ਸਿੰਘ ਨਗਰ ਨੂੰ ਇਕ ਲਿਖਤੀ ਦਰਖਾਸਤ ਦਿੱਤੀ ਗਈ ਸੀ। ਜਿਸ ਦੀ ਪੜਤਾਲ ਥਾਣਾ ਸਦਰ ਦੇ ਏ.ਐੱਸ.ਆਈ. ਜਸਵੀਰ ਸਿੰਘ ਕਰ ਰਹੇ ਹਨ। ਦਰਖਾਸਤ ਦਿੱਤੀ ਨੂੰ ਕਰੀਬ 2 ਹਫਤੇ ਦਾ ਸਮਾਂ ਹੋ ਗਿਆ ਹੈ ਪਰ ਪੁਲਸ ਵੱਲੋਂ ਹਾਲੇ ਤੱਕ ਏਜੰਟ 'ਤੇ ਬਣਦੀ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। 
ਇਸ ਸਬੰਧੀ ਜਦੋਂ ਏ.ਐੱਸ.ਆਈ. ਜਸਵੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਭਾਈ ਪੁਲਸ ਏਜੰਟ ਨੂੰ ਫੜ ਨਹੀਂ ਸਕਦੀ ਬਸ ਉਸ ਤੋਂ ਪੁੱਛ-ਪੜਤਾਲ ਹੀ ਕਰ ਸਕਦੀ ਹੈ। ਪੁਲਸ ਵੱਲੋਂ ਉਕਤ ਵਿਅਕਤੀ ਨੂੰ ਨੋਟਿਸ ਭੇਜਿਆ ਗਿਆ ਹੈ ਪਰ ਹਾਲੇ ਉਹ ਥਾਣੇ ਨਹੀਂ ਆਇਆ। ਪੀੜਤ ਪਰਿਵਾਰ ਨੇ ਪੁਲਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਜਲਦ ਇਨਸਾਫ ਦਿਵਾਇਆ ਜਾਵੇ।