ਪੁਲਸ ਅਧਿਕਾਰੀਆਂ ਨੇ ਸ਼ਹੀਦੀ ਸ਼ੋਕ ਦਿਵਸ ''ਤੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

10/22/2017 9:43:23 AM


ਲੁਧਿਆਣਾ (ਰਿਸ਼ੀ) - ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਸ਼ਹੀਦ ਹੋਏ ਪੰਜਾਬ ਪੁਲਸ ਦੇ ਜਵਾਨਾਂ ਦੀ ਸ਼ਹੀਦੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਪਰੋਕਤ ਸ਼ਬਦ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨੇ ਪੁਲਸ ਲਾਈਨ 'ਚ ਸ਼ਹੀਦੀ ਸ਼ੋਕ ਦਿਵਸ 'ਤੇ ਕਹੇ। 
ਇਸ ਮੌਕੇ ਪੁਲਸ ਦੀ ਇਕ ਟੀਮ ਨੇ ਸ਼ਹੀਦਾਂ ਨੂੰ ਗਾਰਡ ਆਫ ਆਨਰ ਦੇ ਕੇ ਸਨਮਾਨਿਤ ਕੀਤਾ ਤੇ 2 ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਦਿੱਤੀ। ਸੀ. ਪੀ. ਨੇ ਕਿਹਾ ਕਿ ਅੱਜ ਦਾ ਸ਼ਹੀਦੀ ਸ਼ੋਕ ਦਿਵਸ ਉਨ੍ਹਾਂ ਸ਼ਹੀਦਾਂ ਦੀ ਯਾਦ 'ਚ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਨੇ 21 ਅਕਤੂਬਰ 1959 ਨੂੰ ਲੱਦਾਖ 'ਚ ਦੇਸ਼ ਦੀਆਂ ਸੀਮਾਵਾਂ ਦੀ ਰੱਖਿਆ ਕਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ। ਚੀਨ ਦੀ ਫੌਜ ਵੱਲੋਂ ਪੈਟਰੋਲਿੰਗ ਕਰ ਰਹੇ 20 ਜਵਾਨਾਂ 'ਤੇ ਅਚਾਨਕ ਹਮਲਾ ਕਰ ਦਿੱਤਾ ਗਿਆ ਸੀ। ਹਮਲੇ 'ਚ ਡੀ. ਐੱਸ. ਪੀ. ਕਰਮ ਸਿੰਘ ਸਮੇਤ 10 ਜਵਾਨ ਸ਼ਹੀਦ ਹੋਏ ਸਨ ਅਤੇ ਹੋਰਨਾਂ ਨੂੰ ਬੰਦੀ ਬਣਾ ਲਿਆ ਗਿਆ ਸੀ। 1960 ਤੋਂ ਹੀ ਇਨ੍ਹਾਂ ਸ਼ਹੀਦਾਂ ਦੀ ਯਾਦ 'ਚ ਇਸ ਦਿਨ ਨੂੰ ਸ਼ਹੀਦੀ ਸ਼ੋਕ ਦਿਵਸ ਦੇ ਰੂਪ 'ਚ ਮਨਾਇਆ ਜਾ ਰਿਹਾ ਹੈ। 
ਇਸ ਮੌਕੇ ਸਾਬਕਾ ਡੀ. ਜੀ. ਪੀ. ਡੀ. ਆਰ. ਭੱਟੀ, ਜ਼ਿਲਾ ਕਮਿਸ਼ਨਰ ਪ੍ਰਦੀਪ ਅਗਰਵਾਲ ਦੋਵੇਂ ਡੀ. ਸੀ. ਪੀ. ਤੇ ਸਾਰੇ ਜੀ. ਓ. ਸਮੇਤ ਹੋਰ ਪੁਲਸ ਅਫਸਰਾਂ ਨੇ ਫੁੱਲ ਮਾਲਾਵਾਂ ਭੇਟ ਕਰ ਕੇ ਸ਼ਰਧਾਂਜਲੀ ਅਰਪਿਤ ਕੀਤੀ। ਇਸ ਦੌਰਾਨ ਪੁਲਸ ਕਮਿਸ਼ਨਰ ਨੇ ਸਾਰੇ ਪੀੜਤ ਪਰਿਵਾਰਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ।