ਸਡ਼ਕ ਹਾਦਸੇ ’ਚ ਸਿਪਾਹੀ ਦੀ ਦਰਦਨਾਕ ਮੌਤ

07/17/2018 5:30:16 AM

ਸਮਰਾਲਾ, (ਗਰਗ)- ਲੁਧਿਆਣਾ ਵਿਖੇ ਤਾਇਨਾਤ ਪੰਜਾਬ ਪੁਲਸ ਦੇ ਇਕ ਕਾਂਸਟੇਬਲ ਦੀ ਸਮਰਾਲਾ ਨੇਡ਼ੇ ਇਕ ਭਿਆਨਕ ਸਡ਼ਕ ਹਾਦਸੇ ਦੌਰਾਨ ਮੌਕੇ ’ਤੇ ਹੀ ਮੌਤ ਹੋ ਜਾਣ ਦੀ ਸੂਚਨਾ ਹੈ। ਇਹ ਹਾਦਸਾ ਅੱਜ ਸ਼ਾਮ ਵੇਲੇ ਉਸ ਸਮੇਂ ਵਾਪਰਿਆ, ਜਦੋਂ ਕਾਂਸਟੇਬਲ ਦੀ ਅਾਲਟੋ ਕਾਰ ਸਾਹਮਣੇ ਤੋਂ ਆ ਰਹੀ ਇਕ ਬੱਸ ਨਾਲ ਸਿੱਧੀ ਟਕਰਾ ਗਈ।
ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਅਾਂ ਸਮਰਾਲਾ ਥਾਣੇ ਦੇ ਤਫਤੀਸ਼ੀ ਅਫ਼ਸਰ ਜਰਨੈਲ ਸਿੰਘ ਨੇ ਦੱਸਿਆ ਕਿ ਲੁਧਿਆਣਾ ਵਿਖੇ ਤਾਇਨਾਤ ਪੰਜਾਬ ਪੁਲਸ ਦੇ ਇਕ ਕਾਂਸਟੇਬਲ ਪਰਮਪ੍ਰੀਤ ਸਿੰਘ ਨਿਵਾਸੀ ਪਿੰਡ ਰੁਡ਼ਕੀ ਥਾਣਾ ਡੇਹਲੋਂ ਦੀ ਚਿੱਟੇ ਰੰਗ ਦੀ ਅਾਲਟੋ ਕਾਰ ਸਮਰਾਲਾ ਤੋਂ ਚੰਡੀਗਡ਼੍ਹ ਸਾਈਡ ਜਾਂਦੇ ਹੋਏ ਪੈਟਰੋਲ ਪੰਪ ਅੱਗੇ ਸਾਹਮਣੇ ਤੋਂ ਆ ਰਹੀ ਨਿਊ ਫਤਿਹਗਡ਼੍ਹ ਸਾਹਿਬ ਟਰਾਂਸਪੋਰਟ ਕੰਪਨੀ ਦੀ ਬੱਸ ਨਾਲ ਸਿੱਧੀ ਟਕਰਾ ਗਈ। ਇਹ ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਦੇ ਚੀਥਡ਼ੇ ਉੱਡ ਗਏ ਅਤੇ ਇਸ ਵਿਚ ਸਵਾਰ ਪਰਮਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ।
ਹਾਦਸੇ ਦੀ ਜਾਣਕਾਰੀ ਮਿਲਣ ’ਤੇ ਤੁਰੰਤ ਪੁਲਸ ਨੇ ਮੌਕੇ ’ਤੇ ਪੁੱਜ ਕੇ ਕਾਰ ’ਚ ਬੁਰੀ ਤਰ੍ਹਾਂ ਨਾਲ ਫਸੀ ਮ੍ਰਿਤਕ ਦੀ ਲਾਸ਼ ਨੂੰ ਬਾਹਰ ਕੱਢਦੇ ਹੋਏ ਹਸਪਤਾਲ ਪਹੁੰਚਾਇਆ। ਪੁਲਸ ਨੇ ਬੱਸ ਨੂੰ ਕਬਜ਼ੇ ਵਿਚ ਲੈਂਦੇ ਹੋਏ ਇਸ ਦੁਰਘਟਨਾ ਲਈ ਦੋਸ਼ੀ ਮੰਨੇ ਜਾਂਦੇ ਬੱਸ ਚਾਲਕ ਖਿਲਾਫ਼ ਕਾਰਵਾਈ ਆਰੰਭ ਦਿੱਤੀ ਹੈ।