ਤਿੰਨ ਦਿਨਾਂ ’ਚ ਲਗਾਤਾਰ ਤੀਜੀ ਬਰਾਮਦਗੀ,  ਡੀ. ਜੀ. ਪੀ. ਪੰਜਾਬ ਨੇ ਕੀਤੇ ਅਹਿਮ ਖੁਲਾਸੇ

12/03/2021 4:52:45 PM

ਚੰਡੀਗੜ੍ਹ/ਗੁਰਦਾਸਪੁਰ (ਬਿਊਰੋ) : ਇਸ ਹਫ਼ਤੇ ਲਗਾਤਾਰ ਤੀਜੀ ਕਾਰਵਾਈ ਕਰਦਿਆਂ ਪੰਜਾਬ ਪੁਲਸ ਨੇ ਗੁਰਦਾਸਪੁਰ ਤੋਂ ਵੀਰਵਾਰ ਨੂੰ ਸਰਹੱਦੀ ਜ਼ਿਲ੍ਹੇ ਦੇ ਪਿੰਡ ਸਲੇਮਪੁਰ ਅਰਾਈਆਂ ਤੋਂ ਬਰਾਮਦ ਕੀਤੀ ਇੱਕ ਬੋਰੀ ਵਿੱਚ ਛੁਪਾਏ ਹੋਏ ਚਾਰ ਹੈਂਡ ਗ੍ਰਨੇਡ ਅਤੇ ਇੱਕ ਹੋਰ ਟਿਫਿਨ ਬੰਬ  ਬਰਾਮਦ ਕੀਤਾ ਹੈ। ਇਸ ਤੋਂ ਪਹਿਲਾਂ ਪੁਲਸ ਨੇ ਪਾਕਿਸਤਾਨ-ਆਈ. ਐੱਸ. ਆਈ. ਦੀ ਹਮਾਇਤ  ਪ੍ਰਾਪਤ ਦੋ ਅੱਤਵਾਦੀ ਗੁੱਟਾਂ ਦਾ ਪਰਦਾਫਾਸ਼ ਕੀਤਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਜੀ. ਪੀ. ਪੰਜਾਬ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਸਰਹੱਦੀ ਜ਼ਿਲ੍ਹੇ ’ਚੋਂ ਹਾਲ ਹੀ ਵਿੱਚ ਆਰ. ਡੀ. ਐਕਸ, ਹੈਂਡ ਗ੍ਰਨੇਡ ਅਤੇ ਪਿਸਤੌਲਾਂ ਦੀ ਬਰਾਮਦਗੀ ਦੇ ਮੱਦੇਨਜ਼ਰ ਗਜਟਿਡ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਸਮੂਹ ਐੱਸ. ਐੱਚ. ਓ. ਵੱਲੋਂ ਪੂਰੇ ਜ਼ਿਲ੍ਹੇ ’ਚ ਸਖ਼ਤ ਨਾਕਾਬੰਦੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਸਲੇਮਪੁਰ ਅਰਾਈਆਂ ਨੇੜੇ ਟੀ-ਪੁਆਇੰਟ ‘ਤੇ ਚੈਕਿੰਗ ਦੌਰਾਨ ਐੱਸ. ਐੱਚ. ਓ. ਸਦਰ ਗੁਰਦਾਸਪੁਰ ਨੂੰ ਸੜਕ ਕਿਨਾਰੇ ਝਾੜੀਆਂ ‘ਚੋਂ ਇੱਕ ਸ਼ੱਕੀ ਬੋਰੀ ਬਰਾਮਦ ਹੋਈ ਅਤੇ ਬੋਰੀ ਦੀ ਚੈਕਿੰਗ ਕਰਨ ‘ਤੇ ਉਸ ਵਿੱਚ ਛੁਪਾਏ ਹੋਏ ਚਾਰ ਹੈਂਡ ਗ੍ਰਨੇਡ ਅਤੇ ਇੱਕ ਟਿਫਨ ਬੰਬ ਬਰਾਮਦ ਹੋਇਆ। ਉਨ੍ਹਾਂ ਕਿਹਾ ਕਿ ਬੰਬ ਡਿਟੈਕਸ਼ਨ ਐਂਡ ਡਿਸਪੋਜ਼ਲ  (ਬੀ. ਡੀ. ਡੀ. ਐੱਸ.) ਟੀਮਾਂ ਨੂੰ ਵਿਸਫੋਟਕ ਸਮੱਗਰੀ ਨੂੰ ਨਸ਼ਟ ਕਰਨ ਲਈ ਇਤਲਾਹ ਭੇਜ  ਦਿੱਤੀ ਗਈ ਹੈ ।

ਡੀ. ਜੀ. ਪੀ. ਨੇ ਕਿਹਾ ਕਿ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੰਜਾਬ ਪੁਲਸ ਖਾਸ ਕਰਕੇ ਸਰਹੱਦੀ ਜ਼ਿਲ੍ਹਾ ਪੁਲਸ ਬਲ ਪਹਿਲਾਂ ਹੀ ਹਾਈ ਅਲਰਟ ‘ਤੇ ਹੈ ਅਤੇ ਸਰਹੱਦੀ ਪੁਲਸ ਵੱਲੋਂ ਰੋਜ਼ਾਨਾ ਰਾਤ ਦੀ ਡਿਊਟੀ ਦੌਰਾਨ ਨਾਈਟ ਡੋਮੀਨੇਸ਼ਨ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਏ. ਡੀ. ਜੀ. ਪੀ. ਰੈਂਕ ਦੇ ਅਧਿਕਾਰੀ ਨਿੱਜੀ ਤੌਰ ‘ਤੇ ਸਰਹੱਦੀ ਜ਼ਿਲ੍ਹਿਆਂ ਵਿੱਚ ਨਾਈਟ ਡੋਮੀਨੇਸ਼ਨ ਆਪਰੇਸ਼ਨ ਦੀ ਕਾਰਵਾਈ ਦੀ ਨਿਗਰਾਨੀ ਕਰਨ ਲਈ ਤਾਇਨਾਤ ਗਏ ਹਨ। ਇਸ ਤੋਂ ਪਹਿਲਾਂ ਗੁਰਦਾਸਪੁਰ ਪੁਲਸ ਨੇ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਲੋਪੋਕੇ ਦੇ ਰਹਿਣ ਵਾਲੇ ਅਤੇ  ਐਤਵਾਰ ਨੂੰ ਗ੍ਰਿਫ਼ਤਾਰ ਕੀਤੇ ਸੁਖਵਿੰਦਰ ਸਿੰਘ ਉਰਫ ਸੋਨੂੰ ਦੀ ਸੂਹ ‘ਤੇ 0.9 ਕਿਲੋ ਆਰਡੀਐਕਸ ਬਰਾਮਦ ਕੀਤਾ ਸੀ ਜਦਕਿ ਮੰਗਲਵਾਰ ਨੂੰ ਜ਼ਿਲ੍ਹਾ ਪੁਲਸ ਨੇ ਦੋ ਹੈਂਡ ਗ੍ਰੇਨੇਡ ਬਰਾਮਦ ਕੀਤੇ ਸਨ। ਇਸ ਦੌਰਾਨ ਥਾਣਾ ਸਦਰ ਗੁਰਦਾਸਪੁਰ ਵਿਖੇ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 3, 4 ਅਤੇ 5 ਅਧੀਨ ਐੱਫ. ਆਈ. ਆਰ. ਨੰਬਰ 154 ਮਿਤੀ 02/12/2021 ਦਰਜ ਕੀਤੀ ਗਈ ਹੈ।
 

Anuradha

This news is Content Editor Anuradha